Monday, October 4, 2010

ਡਾ. ਸੁਤਿੰਦਰ ਸਿੰਘ ਨੂਰ

- ਅੱਜ 5 ਅਕਤੂਬਰ ਜਨਮ ਦਿਨ ’ਤੇ ਵਧਾਈ ਹਿਤ -
ਸਾਹਿਤ ਅਧਿਐਨ, ਰਚਨਾ ਅਤੇ ਆਲੋਚਨਾ ਦਾ ਪੁਖ਼ਤਾ ਸੁਮੇਲ
- ਡਾ. ਸੁਤਿੰਦਰ ਸਿੰਘ ਨੂਰ 
-ਡਾ. ਪਰਮਿੰਦਰ ਸਿੰਘ ਤੱਗੜ 
ਪੰਜ ਅਕਤੂਬਰ 1940 ਨੂੰ ਕੋਟਕਪੂਰਾ ਵਿਖੇ ਪ੍ਰਸਿੱਧ ਸ਼ਖ਼ਸੀਅਤ ਗਿਆਨੀ ਹਰੀ ਸਿੰਘ ਜਾਚਕ ਦੇ ਘਰ ਜਨਮੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਡਾ. ਸੁਤਿੰਦਰ ਸਿੰਘ ਨੂਰ ਨੇ ਭਾਰਤੀ ਸਾਹਿਤ, ਖ਼ਾਸ ਕਰਕੇ ਪੰਜਾਬੀ ਸਾਹਿਤ ਅਤੇ ਆਲੋਚਨਾ ਦੇ ਖੇਤਰ ਵਿਚ ਵਸੀਹ ਅਧਿਐਨ ਕੀਤਾ ਹੈ। ਦੇਸ਼ ਵਿਦੇਸ਼ ਵਿਚ ਹੋਣ ਵਾਲ਼ੇ ਕਿਸੇ ਅਤਿ ਖ਼ਾਸ ਪੰਜਾਬੀ ਸਾਹਿਤਕ ਉਤਸਵ ਵਿਚ ਡਾ. ਨੂਰ ਦੀ ਸ਼ਮੂਲੀਅਤ ਨਾ ਹੋਵੇ ਅਜਿਹਾ ਸ਼ਾਇਦ ਹੀ ਕਦੇ ਵਾਪਰਦਾ ਹੈ। ਜੇ ਆਪਣੀ ਜਨਮ ਭੂਮੀ ਭਾਵ ਕੋਟਕਪੂਰੇ ਕਿਸੇ ਸਾਹਿਤਕ ਸਮਾਗਮ ’ਚ ਸ਼ਾਮਲ ਹੋਣਾ ਹੋਵੇ ਤਾਂ ਉਨ੍ਹਾਂ ਲਈ ਦਿੱਲੀ ਤੋਂ ਕੋਟਕਪੂਰੇ ਦਾ ਲੰਮਾ ਪੈਂਡਾ ਵੀ ਕੋਈ ਮਾਅਨੇ ਨਹੀਂ ਰੱਖਦਾ। ਉਹ ਕੋਟਕਪੂਰੇ ਪੈਦਾ ਹੋ ਕੇ ਬਚਪਨ ਵਿਚ ਹੀ ਆਪਣੇ ਨਾਨਕੇ ਪਿੰਡ ‘ਵੱਡਾ ਘਰ’ ਜ਼ਿਲ੍ਹਾ ਮੋਗਾ ਵਿਖੇ ਚਲੇ ਗਏ। ਵੱਡੇ ਘਰ ਤੋਂ 1947 ਵੇਲ਼ੇ ਅੰਮ੍ਰਿਤਸਰ, ਫ਼ਿਰ 1949 ’ਚ ਅੰਬਾਲੇ ਆ ਕੇ ਡਾ. ਨੂਰ ਨੇ ਖ਼ਾਲਸਾ ਹਾਈ ਸਕੂਲ ’ਚੋਂ ਵਿਦਿਆ ਪ੍ਰਾਪਤ ਕਰਕੇ 14 ਵਰ੍ਹਿਆਂ ਦੀ ਉਮਰ ਵਿਚ ਗਿਆਨੀ ਪਾਸ ਕਰ ਲਈ ਸੀ। ਅੰਬਾਲਾ ਛਾਉਣੀ ਦੇ ਜੀ.ਐਮ.ਐਸ. ਕਾਲਜ ’ਚ ਪੜ੍ਹਦਿਆਂ ਸਾਹਿਤਕ ਸਰਗ਼ਰਮੀਆਂ ਵਿਚ ਲੀਨ ਹੋਣ ਦਾ ਸਬੱਬ ਬਣਿਆਂ। ਐਮ. ਏ. ਅੰਗਰੇਜ਼ੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਾਸ ਕੀਤੀ ਅਤੇ ਇਹ ਯੂਨੀਵਰਸਿਟੀ ਦਾ ਪਹਿਲਾ ਵਰ੍ਹਾ ਸੀ ਜਿਸ ਕਰਕੇ ਯੂਨੀਵਰਸਿਟੀ ਦੀਆਂ ਜਮਾਤਾਂ ਮਹਿੰਦਰਾ ਕਾਲਜ ਪਟਿਆਲ਼ੇ ਲੱਗਦੀਆਂ ਸਨ। ਸਟੂਡੈਂਟ ਫ਼ੈਡਰੇਸ਼ਨ ’ਚ ਕੰਮ ਕਰਦਿਆਂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੀ ਪ੍ਰਧਾਨਗੀ ਕੀਤੀ। ਐਮ. ਏ. ਅੰਗਰੇਜ਼ੀ ਪਾਸ ਕਰਨ ਉਪਰੰਤ ਐਸ. ਡੀ. ਕਾਲਜ ਅੰਬਾਲਾ ਛਾਉਣੀ ਵਿਖੇ ਪ੍ਰਾਧਿਆਪਨ ਸੇਵਾ ਆਰੰਭ ਦਿੱਤੀ ਅਤੇ ਨਾਲ਼ੋ-ਨਾਲ਼ ਐਮ. ਏ. ਪੰਜਾਬੀ ਵੀ ਪੰਜਾਬੀ ਯੂਨੀਵਰਸਿਟੀ ਤੋਂ ਪ੍ਰਾਈਵੇਟ ਵਿਦਿਆਰਥੀ ਦੇ ਤੌਰ ’ਤੇ ਸ਼ੁਰੂ ਕਰ ਦਿੱਤੀ। ਪਟਿਆਲ਼ੇ ਪੜ੍ਹਦਿਆਂ ਇੱਥੋਂ ਦੇ ‘ਭੂਤਵਾੜੇ’ ਦਾ ਅਹਿਮ ਹਿੱਸਾ ਰਹੇ। ਭੂਤਵਾੜੇ ਤੋਂ ਭਾਵ ਪਟਿਆਲ਼ੇ ਦਾ ਉਹ ਸਥਾਨ, ਜਿੱਥੇ ਪੰਜਾਬੀ ਦੇ ਪ੍ਰਸਿੱਧ ਵਿਦਵਾਨ ਆਪਣੇ ਵੇਲ਼ਿਆਂ ’ਚ ਇਕੱਠੇ ਰਿਹਾ ਕਰਦੇ ਸਨ ਅਤੇ ਗਿਆਨ ਦੀ ਗਹਿਨ ਵਿਚਾਰ ਚਰਚਾ ਕਰਦੇ ਸਨ ਜਿਨ੍ਹਾਂ ’ਚ ਡਾ. ਗੁਰਭਗਤ ਸਿੰਘ, ਅਜਮੇਰ ਰੋਡੇ, ਨਵਤੇਜ ਭਾਰਤੀ, ਹਰਿੰਦਰ ਸਿੰਘ ਮਹਿਬੂਬ, ਲਾਲੀ, ਪ੍ਰੇਮ ਪਾਲੀ, ਹਰਭਜਨ ਸੋਹੀ, ਕਾਮਰੇਡ ਮੇਘ, ਕੁਲਵੰਤ ਗਰੇਵਾਲ ਅਤੇ ਸੁਰਜੀਤ ਲੀਅ ਆਦਿ ਸ਼ਾਮਲ ਸਨ। ਐਮ. ਏ. ਪੰਜਾਬੀ ਕਰਨ ਸਾਰ ਪੰਜਾਬੀ ਯੂਨੀਵਰਸਿਟੀ ਵਿਚ ਪ੍ਰਾਧਿਆਪਕ ਚੁਣੇ ਗਏ। ਇੱਥੇ ਪ੍ਰਾਧਿਆਪਨ ਕਾਰਜ ਦੋ ਸਾਲ ਤੋਂ ਵੱਧ ਨਾ ਕੀਤਾ ਜਾ ਸਕਿਆ ਕਿਉਂਕਿ ਆਪਣੇ ਬੇਬਾਕ ਸੁਭਾਅ ਕਾਰਨ ਵਾਇਸ ਚਾਂਸਲਰ ਨਾਲ਼ ਮਤਭੇਦ ਪੈਦਾ ਹੋ ਗਏ। ਇੱਥੋਂ ਛੱਡਿਆ ਅਤੇ ਅੱਗੇ ਪੰਜਾਬੀ ਵਿਭਾਗ ਦਿੱਲੀ ਯੂਨੀਵਰਸਿਟੀ ਨਿਯੁਕਤੀ ਮਿਲਣ ਕਾਰਨ ਦਿੱਲੀ ਪੁੱਜਣ ਦਾ ਸਬੱਬ ਬਣਿਆਂ ਅਤੇ ਫ਼ਿਰ 32-33 ਸਾਲ ਉ¤ਥੇ ਹੀ ਪ੍ਰਾਧਿਆਪਨ ਕਾਰਜ ਵਿਚ ਜੁਟੇ ਰਹੇ। ਮੋਹਨ ਸਿੰਘ ਦੇ ਕਾਵਿ ਬਾਰੇ ਪੀ. ਐਚ-ਡੀ ਵੀ ਇੱਥੇ ਹੀ ਮੁਕੰਮਲ ਕੀਤੀ। ਯੂਨੀਵਰਸਿਟੀ ਪ੍ਰਾਧਿਆਪਨ ਦੌਰਾਨ ਆਪਣੀ ਅਗ਼ਵਾਈ ਥੱਲੇ 35 ਦੇ ਕਰੀਬ ਖੋਜਾਰਥੀਆਂ ਨੂੰ ਪੀ. ਐਚ-ਡੀ ਦੀ ਡਿਗਰੀ ਲਈ ਅਤੇ ਅਣਗਿਣਤ ਖੋਜਾਰਥੀਆਂ ਨੂੰ ਐਮ. ਫ਼ਿਲ. ਦੀ ਡਿਗਰੀ ਲਈ ਖੋਜ ਕਾਰਜ ਕਰਵਾਇਆ। ਦਿੱਲੀ ਤੋਂ ਹੀ ‘ਇਕੱਤੀ ਫ਼ਰਵਰੀ’ ਨਾਂਅ ਦੇ ਸਾਹਿਤਕ ਰਸਾਲੇ ਦਾ ਪ੍ਰਕਾਸ਼ਨ ਕੀਤਾ। ਹੁਣ ਵੀ ਦਿੱਲੀ ਬੈਠਿਆਂ ਹੀ ਨਹੀਂ ਸਗੋਂ ਦੇਸ-ਵਿਦੇਸ਼ ’ਚ ਘੁੰਮਦਿਆਂ ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ, ਪੰਜਾਬੀ ਅਕਾਦਮੀ ਦਿੱਲੀ ਅਤੇ ਦਰਜਨਾਂ ਹੋਰ ਸੰਸਥਾਵਾਂ ਦੀਆਂ ਦੀਆਂ ਜ਼ਿੰਮੇਵਾਰੀਆਂ ਬਾਖ਼ੂਬੀ ਨਿਭਾਉਂਦਿਆਂ ਜਿੰਦਗੀ ਦਾ ਲੁਤਫ਼ ਲੈ ਰਹੇ ਹਨ। ਡਾ. ਸੁਤਿੰਦਰ ਸਿੰਘ ਨੂਰ ਹੋਰਾਂ ਦੇ ਦੋ ਭਰਾ ਅਤੇ ਇਕ ਭੈਣ ਹੈ। ਵੱਡਾ ਭਰਾ ਡਾ. ਗੁਰਭਗਤ ਸਿੰਘ ਮੰਨਿਆ ਪ੍ਰਮੰਨਿਆ ਅੰਗਰੇਜ਼ੀ ਅਤੇ ਪੰਜਾਬੀ ਦਾ ਵਿਦਵਾਨ ਹੈ। ਛੋਟਾ ਭਰਾ ਸੁਖਿੰਦਰ ਕੈਨੇਡਾ ਵੀ ਸਾਹਿਤਕ ਖੇਤਰ ਵਿਚ ਅਹਿਮ ਸਥਾਨ ਰੱਖਦਾ ਹੈ। ਇਕਲੌਤੀ ਭੈਣ ਇੰਦੌਰ ਵਿਆਹੀ ਹੋਈ ਹੈ। ਘਰ ਵਿਚ ਸੁਪਤਨੀ ਤੋਂ ਇਲਾਵਾ ਵੱਡਾ ਸਪੁੱਤਰ ਕੰਪਿਊਟਰ ਇੰਜੀਨੀਅਰ ਹੈ, ਨੂੰਹ ਰਾਣੀ ਦਿੱਲੀ ਦੀ ਨਾਮੀਂ ਕੰਪਨੀ ਵਿਚ ਆਰਥਿਕ ਸਲਾਹਕਾਰ ਵਜੋਂ ਸੇਵਾਵਾਂ ਨਿਭਾ ਰਹੀ ਹੈ, ਛੋਟਾ ਸਪੁੱਤਰ ਐਮ. ਬੀ. ਏ. ਕਰ ਰਿਹਾ ਹੈ, ਤਿੰਨ ਕੁ ਸਾਲ ਦਾ ਇਕ ਪੋਤਰਾ ਹੈ। ਇਕ ਬੇਟੀ ਹੈ ਜੋ ਅੰਮ੍ਰਿਤਸਰ ਵਿਆਹੀ ਹੋਈ ਹੈ ਉਸ ਦੀਆਂ ਅੱਗੇ ਦੋ ਬੇਟੀਆਂ ਹਨ ਰੂਹੀ ਤੇ ਨੂਰੀ। ਇੰਜ ਦੇ ਅਮੀਰ ਪਰਵਾਰਕ ਮਾਹੌਲ ਵਿਚ ਵਿਚਰਦਿਆਂ ਡਾ. ਨੂਰ ਇਕੱਤਰਵੇਂ ਵਰ•ੇ ਵਿਚ ਪ੍ਰਵੇਸ਼ ਕਰ ਚੁੱਕੇ ਹਨ। ਉਮਰ ਦੇ ਇਸ ਪੜਾਅ ’ਤੇ ਪੁੱਜ ਕੇ ਅਣਥੱਕ ਮਿਹਨਤ ਕਰਕੇ ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਦੀ ਮੀਤ ਪ੍ਰਧਾਨਗੀ ਕਰਦਿਆਂ ਵਿਭਿੰਨ੍ਹ ਰਾਜਾਂ ਵਿਚ ਅਕਾਦਮੀ ਦੇ ਸਫ਼ਲ ਸਮਾਗਮ ਰਚਾਉਣੇ ਉਨ੍ਹਾਂ ਦੀ ਇਕ ਕੁਸ਼ਲ ਪ੍ਰਬੰਧਕ ਹੋਣ ਦੀ ਖ਼ੂਬੀ ਦਾ ਸਬੂਤ ਹੈ। ਇਹ ਪਹਿਲੀ ਵਾਰ ਹੀ ਹੋਇਆ ਹੈ ਕਿ ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਦਾ ਮੀਤ ਪ੍ਰਧਾਨ ਕੋਈ ਪੰਜਾਬੀ ਬਣਿਆ ਹੋਵੇ। ਆਪਣੀ ਕਾਬਲੀਅਤ ਦਾ ਲੋਹਾ ਮਨਵਾਉਣ ਵਿਚ ਬਾਖ਼ੂਬੀ ਕਾਮਯਾਬ ਹੋ ਰਹੇ ਹਨ ਡਾ. ਨੂਰ। ਜਦੋਂ ਇਹ ਗੱਲ ਕੋਟਕਪੂਰੇ ਦੇ ਜੰਮੇ ਸ਼ਖ਼ਸ ਨਾਲ਼ ਜੁੜ ਜਾਂਦੀ ਹੈ ਤਾਂ ਸ਼ਹਿਰ ਨਿਵਾਸੀਆਂ ਦਾ ਸਿਰ ਉਚਾ ਹੋਣਾ ਲਾਜ਼ਮੀ ਹੈ। ਆਪਣੇ ਸਫ਼ਲ ਜੀਵਨ ’ਤੇ ਸੰਤੁਸ਼ਟ ਹੋਣ ਵਾਲ਼ੀ ਇਸ ਸ਼ਖ਼ਸੀਅਤ ਦਾ ਕਾਰਲ ਮਾਰਕਸ ਦੀ ਕਵਿਤਾ ਦਾ ਅਨੁਵਾਦ ਪੂਰਾ ਹੋਣ ਕਿਨਾਰੇ ਹੈ, ਗੁਰਬਾਣੀ ਬਾਰੇ ਇਕ ਕਿਤਾਬ ਮੁਕੰਮਲ ਹੋ ਚੁੱਕੀ ਹੈ, ਸਾਹਿਤਕ ਸਵੈ-ਜੀਵਨੀ ਪੰਜਾਬੀ ਯੂਨੀਵਰਸਿਟੀ ਦੇ ਪ੍ਰਾਜੈਕਟ ਅਧੀਨ ਹੈ। ਕਵਿਤਾ, ਆਲੋਚਨਾ, ਅਨੁਵਾਦ, ਸੰਪਾਦਨਾ ਦੀਆਂ 60 ਦੇ ਕਰੀਬ ਕਿਤਾਬਾਂ ਸਾਹਿਤ ਨੂੰ ਭੇਟ ਕਰ ਚੁੱਕੇ ਹਨ। ਜਿਨ੍ਹਾਂ ’ਚ ਪ੍ਰਮੁੱਖ ਕਾਵਿ ਸੰਗ੍ਰਿਹ- ਬਿਰਖ਼ ਨਿਪੱਤਰੇ, ਕਵਿਤਾ ਦੀ ਜਲਾਵਤਨੀ, ਸਰਦਲ ਦੇ ਆਰ ਪਾਰ, ਮੌਲਸਰੀ, ਨਾਲ਼ ਨਾਲ਼ ਤੁਰਦਿਆਂ, ਆਲੋਚਨਾ- ਨਵੀਂ ਕਵਿਤਾ ਦੀ ਸੀਮਾ ਤੇ ਸੰਭਾਵਨਾ, ਮੋਹਨ ਸਿੰਘ ਦਾ ਕਾਵਿ ਜਗਤ, ਨਵੀਂ ਪੰਜਾਬੀ ਆਲੋਚਨਾ-ਤਿੰਨ ਭਾਗ, ਸਾਹਿਤ ਸਿਧਾਂਤ ਤੇ ਵਿਹਾਰ, ਆਧੁਨਿਕ ਕਵਿਤਾ:ਸਿਧਾਂਤਕ ਪਰਿਪੇਖ, ਸਭਿਆਚਾਰ ਤੇ ਸਾਹਿਤ, ਕਵਿਤਾ ਦੀ ਭੂਮਿਕਾ (ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਇਸ ਪੁਸਤਕ ਦੇ ਆਧਾਰ ’ਤੇ 2004 ’ਚ ਮਿਲਿਆ), ਕਵਿਤਾ ਅਕਵਿਤਾ ਚਿੰਤਨ, ਪੰਜਾਬੀ ਗਲਪ ਚੇਤਨਾ, ਸਮਕਾਲੀ ਸਾਹਿਤ ਸੰਵਾਦ, ਗੁਰਬਾਣੀ ਸ਼ਾਸਤਰ ਤੋਂ ਇਲਾਵਾ ਸਾਰੀਆਂ ਹੀ ਪੁਸਤਕਾਂ ਪੰਜਾਬੀ ਸਾਹਿਤ ਅਤੇ ਆਲੋਚਨਾ ਦੇ ਖੇਤਰ ਵਿਚ ਜ਼ਿਕਰ ਯੋਗ ਸਥਾਨ ਰੱਖਦੀਆਂ ਹਨ। ਜਿੱਥੋਂ ਤੱਕ ਉਨ੍ਹਾਂ ਨੂੰ ਮਿਲੇ ਪੁਰਸਕਾਰਾਂ ਦਾ ਤੁਅੱਲਕ ਹੈ ਇਨ੍ਹਾਂ ਵਿਚ ਪੰਜਾਬੀ ਆਲੋਚਨਾ ਪੁਰਸਕਾਰ (ਪੰਜਾਬੀ ਅਕਾਦਮੀ ਦਿੱਲੀ), ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ (ਭਾਸ਼ਾ ਵਿਭਾਗ ਪੰਜਾਬ), ਪ੍ਰਿੰਸੀਪਲ ਤੇਜਾ ਸਿੰਘ ਪੁਰਸਕਾਰ (ਭਾਸ਼ਾ ਵਿਭਾਗ ਪੰਜਾਬ), ਬਾਵਾ ਬਲਵੰਤ ਸਿੰਘ ਪੁਰਸਕਾਰ (ਪੰਜਾਬੀ ਸਾਹਿਤ ਟਰੱਸਟ ਢੁੱਡੀਕੇ), ਸਫ਼ਦਰ ਹਾਸ਼ਮੀ ਪੁਰਸਕਾਰ (ਪੰਜਾਬ), ਪੰਜਾਬੀ ਲੋਕ-ਯਾਨ ਸਨਮਾਨ (ਪੰਜਾਬੀ ਕਲਚਰਲ ਐਸੋਸੀਏਸ਼ਨ ਪੰਜਾਬ), ਪ੍ਰੇਰਨਾ ਸਨਮਾਨ (ਦਿੱਲੀ), ਇਆਪਾ ਪੁਰਸਕਾਰ (ਕੈਨੇਡਾ), ਵਾਰਸ ਸ਼ਾਹ ਪੁਰਸਕਾਰ (ਡੈਨਮਾਰਕ), ਭਾਈ ਕਾਹਨ ਸਿੰਘ ਪੁਰਸਕਾਰ (ਪੰਜਾਬ), ਅਮਨ ਕਾਵਿ ਪੁਰਸਕਾਰ (ਪੰਜਾਬ), ਲਾਈਫ਼ ਅਚੀਵਮੈਂਟ ਸਨਮਾਨ, ਵਿਸ਼ਵ ਪੰਜਾਬੀ ਕਾਂਗਰਸ ਲਹੌਰ, ਕਵਿਤਾ ਉਤਸਵ ਨਾਭਾ ਸਨਮਾਨ 2001, ਬੁੱਲੇਸ਼ਾਹ ਪੁਰਸਕਾਰ (ਡੈਨਮਾਰਕ) 2002, ਪੰਜਾਬੀ ਸੱਥ ਐਵਾਰਡ (ਲਾਬੜਾਂ, ਪੰਜਾਬ), ਸਾਹਿਤ ਅਕਾਦਮੀ ਪੁਰਸਕਾਰ 2004, ਵਿਸ਼ਵ ਲੋਕ ਸੇਵਾ ਪੁਰਸਕਾਰ 2005 ਤੋਂ ਇਲਾਵਾ ਅਨੇਕ ਸਾਹਿਤ ਸਭਾਵਾਂ ਨੇ ਸਨਮਾਨਤ ਕੀਤਾ ਹੈ। ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਦੇ ਮੀਤ ਪ੍ਰਧਾਨ ਦੇ ਅਹੁਦੇ ਤੋਂ ਇਲਾਵਾ ਵੱਖ ਵੱਖ ਅਹੁਦਿਆਂ ਰਾਹੀਂ ਭਾਸ਼ਾ ਕੌਂਸਲ ਮਨੁੱਖੀ ਮਾਨਵ ਸਰੋਤ ਮੰਤਰਾਲਾ ਨਵੀਂ ਦਿੱਲੀ, ਸੈਂਟਰ ਫ਼ਾਰ ਪੰਜਾਬੀ ਕਲਚਰ ਦਿੱਲੀ, ਪੰਜਾਬੀ ਅਕਾਦਮੀ ਦਿੱਲੀ, ਨੈਸ਼ਨਲ ਬੁੱਕ ਟਰੱਸਟ ਨਵੀਂ ਦਿੱਲੀ, ਨੈਸ਼ਨਲ ਕਮਿਸ਼ਨ ਫ਼ਾਰ ਮਨਿਓਰਿਟੀਜ਼ , ਫ਼ਾਈਨ ਆਰਟ ਅਕਾਦਮੀ, ਪ੍ਰਸਾਰ ਭਾਰਤੀ, ਪ੍ਰਧਾਨ ਵਰਲਡ ਪੰਜਾਬੀ ਕਾਨਫ਼ਰੰਸ (ਭਾਰਤ), ਕਨਵੀਨਰ ਪੁਰਸਕਾਰ ਕਮੇਟੀ ਬਿਰਲਾ ਫ਼ਾਊਂਡੇਸ਼ਨ ਨਵੀਂ ਦਿੱਲੀ, ਕਨਵੀਨਰ (ਪੰਜਾਬੀ) ਗਿਆਨ ਪੀਠ ਨਵੀਂ ਦਿੱਲੀ ਆਦਿ ਵਿਚ ਸੇਵਾਵਾਂ ਨਿਭਾ ਰਹੇ ਹਨ। ਅਜੇ ਵੀ ਡਾ. ਨੂਰ ਆਪਣੇ ਅੰਦਰ ਦੋ ਨਾਵਲਾਂ ਦਾ ਮਸੌਦਾ ਸਮੋਈ ਫ਼ਿਰਦੇ ਹਨ। ਪੋਲੈਂਡ ਦੀਆਂ ਕਵਿਤਾਵਾਂ ਦਾ ਅਨੁਵਾਦ, ਸਮੇਂ ਸਮੇਂ ਅਨੁਵਾਦ ਕੀਤੀਆਂ ਵਿਦੇਸ਼ੀ ਭਾਸ਼ਾਵਾਂ ਦੇ ਕਵੀਆਂ ਦੀਆਂ ਕਵਿਤਾਵਾਂ ਬਾਰੇ ਪੁਸਤਕ, ਕਹਾਣੀਆਂ ਦੀ ਕਿਤਾਬ ਅਤੇ ਪਤਾ ਨਹੀਂ ਹੋਰ ਕਿੰਨਾ ਕੁਝ ਕਰਨਾ ਲੋਚਦੇ ਹਨ ਕੋਟਕਪੂਰੇ ਦੀ ਮੁਬਾਰਕ ਧਰਤ ਨੂੰ ਭਾਗ ਲਾਉਣ ਵਾਲ਼ੇ ਡਾ. ਸੁਤਿੰਦਰ ਸਿੰਘ ਨੂਰ। ਅਸੀਂ ਕੋਟਕਪੂਰਾ ਨਿਵਾਸੀ ਆਪਣੇ ਸ਼ਹਿਰ ਦੇ ਇਸ ਮਾਣਮੱਤੇ ਸਪੂਤ ਦੀ ਮਿਹਨਤ, ਕਾਬਲੀਅਤ ਅਤੇ ਸ਼ੋਹਰਤ ਨੂੰ ਸਲਾਮ ਕਰਦੇ ਹਾਂ ਅਤੇ ਦੁਆ ਕਰਦੇ ਹਾਂ ਕਿ ਉਹ ਹਮੇਸ਼ਾ ਸਿਹਤਯਾਬ ਰਹਿਣ ਅਤੇ ਸਾਹਿਤ ਦੀ ਸੇਵਾ ਇੰਜ ਹੀ ਕਰਦੇ ਰਹਿਣ! ਆਮੀਨ! 91 95017-66644

Saturday, September 25, 2010

ਦਸਵੇਂ ਸ਼ੇਖ਼ ਫ਼ਰੀਦ ਕਵੀ ਦਰਬਾਰ ਮੌਕੇ ਜੁੜੇ ਪੰਜਾਬੀ ਕਵੀਆਂ ਵੱਲੋਂ ਪੰਜਾਬੀ ਦੇ ਮੋਢੀ ਕਵੀ ਸ਼ੇਖ਼ ਫ਼ਰੀਦ ਨੂੰ ਖ਼ਿਰਾਜੇ ਅਕੀਦਤ ਪੇਸ਼

ਦਸਵੇਂ ਸ਼ੇਖ਼ ਫ਼ਰੀਦ ਕਵੀ ਦਰਬਾਰ ਮੌਕੇ ਜੁੜੇ ਕਵੀਆਂ 'ਚ ਬਰਜਿੰਦਰ ਚੌਹਾਨ, ਦਰਸ਼ਨ ਬੁੱਟਰ, ਜਸਵਿੰਦਰ, ਜਸਪਾਲ ਘਈ, ਸ਼ਮਸ਼ੇਰ ਮੋਹੀ, ਤਰੈਲੋਚਨ ਲੋਚੀ ਤੇ ਹਰਮੀਤ ਵਿਦਿਆਰਥੀ।
- ਡਾ. ਪਰਮਿੰਦਰ ਸਿੰਘ ਤੱਗੜ

ਬਾਬਾ ਫ਼ਰੀਦ ਵਿਰਾਸਤੀ ਮੇਲੇ ਵਿਚ ਮੇਲਿਆਂ ਦੇ ਹੋਰ ਰੰਗਾਂ ਦੇ ਨਾਲ਼ ਨਾਲ਼ ਸਾਹਿਤ ਰੰਗ ਦਾ ਜਲਵਾ ਬਿਖ਼ੇਰਨ ਲਈ ਲਿਟਰੇਰੀ ਕਲੱਬ ਫ਼ਰੀਦਕੋਟ ਵੱਲੋਂ ਸਥਾਨਕ ਪ੍ਰਸ਼ਾਸਨ ਅਤੇ ਬਾਬਾ ਫ਼ਰੀਦ ਆਗ਼ਮਨ ਪੁਰਬ ਕਮੇਟੀ ਦੇ ਸਹਿਯੋਗ ਨਾਲ਼ ਇਕ ਦਿਲਕਸ਼ ਕਵੀ ਦਰਬਾਰ ਅਮਰ ਆਸ਼ਰਮ ਵਿਖੇ ਕਰਵਾਇਆ ਗਿਆ। ਪੰਜਾਬੀ ਦੇ ਮੋਢੀ ਕਵੀ ਬਾਬਾ ਸ਼ੇਖ਼ ਫ਼ਰੀਦ ਦੀ ਜੀ ਪਵਿੱਤਰ ਯਾਦ ਨੂੰ ਸਮਰਪਿਤ ਇਸ ਕਵੀ ਦਰਬਾਰ ਦੇ ਮੁੱਖ ਮਹਿਮਾਨ ਸਨ ਡਾ. ਐਸ. ਕਰੁਣਾ ਰਾਜੂ ਡਿਪਟੀ ਕਮਿਸ਼ਨਰ ਫ਼ਰੀਦਕੋਟ ਅਤੇ ਪ੍ਰਧਾਨਗੀ ਕੀਤੀ ਪੰਜਾਬੀ ਦੇ ਸਿਰਮੌਰ ਸ਼ਾਇਰ ਡਾ. ਸੁਰਜੀਤ ਪਾਤਰ ਨੇ ਅਤੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਸਨ- ਬਾਬਾ ਫ਼ਰੀਦ ਵਿਦਿਅਕ ਸੰਸਥਾਵਾਂ ਦੇ ਚੇਅਰਮੈਨ ਇੰਦਰਜੀਤ ਸਿੰਘ ਖ਼ਾਲਸਾ, ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਉਪ-ਕੁਲਪਤੀ ਡਾ. ਐਸ. ਐਸ. ਗਿੱਲ ਅਤੇ ਪ੍ਰਸਿੱਧ ਪੰਜਾਬੀ ਕਵਿੱਤਰੀ ਸੁਖਵਿੰਦਰ ਅੰਮ੍ਰਿਤ। ਜੀ ਆਇਆਂ ਨੂੰਕਹਿਣ ਦੀ ਰਸਮ ਸੁਨੀਲ ਚੰਦਿਆਣਵੀ ਪ੍ਰਧਾਨ ਲਿਟਰੇਰੀ ਕਲੱਬ ਵੱਲੋਂ ਨਿਭਾਈ ਗਈ। ਕਵੀ ਦਰਬਾਰ ਦਾ ਸੰਚਾਲਨ ਪੰਜਾਬੀ ਕਵਿਤਾ ਦੇ ਜਾਣੇ-ਪਛਾਣੇ ਹਸਤਾਖ਼ਰ ਹਰਮੀਤ ਵਿਦਿਆਰਥੀ ਵੱਲੋਂ ਕਾਵਿਕ ਅੰਦਾਜ਼ ਵਿਚ ਕੀਤਾ ਗਿਆ। ਸਭ ਤੋਂ ਪਹਿਲਾਂ ਵਾਰੀ ਦਿੱਤੀ ਗਈ ਲੁਧਿਆਣਿਉਂ ਆਏ ਚਰਚਿਤ ਸ਼ਾਇਰ ਤਰੈਲੋਚਨ ਲੋਚੀ ਨੂੰ, ਜਿਸ ਨੇ ਆਪਣੇ ਸੁਰਮਈ ਅੰਦਾਜ਼ ਵਿਚ ਧੀਆਂ ਦੇ ਮਹੱਤਵ ਅਤੇ ਚਿੰਤਾ ਦੀ ਨਿਸ਼ਾਨਦੇਹੀ ਕਰਦੀਆਂ ਰਚਨਾਵਾਂ ਨਾਲ਼ ਆਪਣੀ ਹਾਜ਼ਰੀ ਲਵਾਈ-
ਅੱਧੀ ਰਾਤੀਂ ਕੋਈ ਉਠਿਆ, ਉੱਠਿਆ ਕੂਕਾ ਮਾਰ
ਜਾਂ ਤਾਂ ਓਸ ਦੇ ਵਿਹੜੇ ਧੀਆਂ, ਜਾਂ ਕੋਈ ਰੂਹ ਤੇ ਭਾਰ
ਸਾਜਾਂ ਦੀ ਤੌਹੀਨ ਦੇਖ ਕੇ ਹੁੰਦਾ ਬਹੁਤ ਖ਼ੁਆਰ
ਮੇਰੇ ਅੰਦਰ ਨਿੱਤ ਹੀ ਰੋਂਦਾ ਰੁੜਦਾ ਇਕ ਫ਼ਨਕਾਰ
ਫ਼ਿਰ ਵਾਰੀ ਆਈ ਰੋਪੜ ਤੋਂ ਆਏ ਡਾ. ਸ਼ਮਸ਼ੇਰ ਮੋਹੀ ਦੀ ਜਿਸ ਨੇ ਵਾਤਾਵਰਣ ਮੁਤੱਲਕ ਆਪਣੀ ਗੱਲ ਕੁਝ ਇੰਜ ਕਹੀ-
ਖ਼ਤਾ ਕੀਤੀ ਮੈਂ ਘਰ ਦੇ ਬਿਰਖ਼ ਤੋਂ ਪੰਛੀ ਉਡਾ ਕੇ
ਉਦਾਸੀ ਬਹਿ ਗਈ ਘਰ ਦੀ ਹਰ ਨੁੱਕਰ ਚ ਆਕੇ
ਫ਼ਿਰੋਜ਼ਪੁਰੀਏ ਡਾ. ਜਸਪਾਲ ਘਈ ਦਾ ਸ਼ਹੀਦ ਭਗਤ ਸਿੰਘ ਦੀ ਸੋਚ ਵਿਹਾਰਕ ਤੌਰ ਤੇ ਅਪਨਾਉਣ ਦਾ ਸੁਨੇਹਾ ਦਿੰਦੀ ਰਚਨਾ ਦੇ ਬੋਲ ਸਨ-
ਸ਼ੀਸ਼ੇ ਦਾ ਇਹ ਤਨ ਲੈ ਕੇ ਪੱਥਰ ਸੰਗ ਟਕਰਾਏਂਗਾ
ਕਾਰ ਦੇ ਪਿੱਛੇ ਫ਼ੋਟੋ ਲਾ ਕੇ ਭਗਤ ਸਿੰਘ ਬਣ ਜਾਏਂਗਾ!
ਕਾਵਿਕ ਮਾਹੌਲ ਨੂੰ ਹੋਰ ਖ਼ੂਬਸੂਰਤ ਬਨਾਉਣ ਦੇ ਮਕਸਦ ਨਾਲ਼ ਹਰਮੀਤ ਵਿਦਿਆਰਥੀ ਨੇ ਅਜੋਕੀ ਪੰਜਾਬੀ ਕਵਿਤਾ ਵਿਚ ਆਪਣਾ ਵਿਸ਼ੇਸ਼ ਸਥਾਨ ਬਣਾ ਲੈਣ ਵਾਲ਼ੀ ਪ੍ਰਸਿੱਧ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਨੂੰ ਮੰਚ ਵੱਲ ਆਉਣ ਦਾ ਸੱਦਾ ਦਿੱਤਾ। ਅੰਮ੍ਰਿਤ ਨੇ ਨਾਰੀ ਸੰਵਦਨਾ ਨਾਲ਼ ਲਬਰੇਜ਼ ਆਪਣੀਆਂ ਰਚਨਾਵਾਂ ਖ਼ੂਬਸੂਰਤ ਅਦਾ ਸਹਿਤ ਸਾਂਝੀਆਂ ਕੀਤੀਆਂ। ਨਾਭੇ ਤੋਂ ਆਏ ਇਕ ਚੰਗੇ ਸਾਹਿਤ ਉਤਸਵ ਪ੍ਰਬੰਧਕ ਵਜੋਂ ਜਾਣੇ ਜਾਂਦੇ ਅਤੇ ਵਿਲੱਖਣ ਕਾਵਿ ਸ਼ੈਲੀ ਦੀਆਂ ਰਚਨਾਵਾਂ ਕਹਿਣ ਵਾਲ਼ੇ ਸ਼ਾਇਰ ਦਰਸ਼ਨ ਬੁੱਟਰ ਨੇ ਆਪਣੀ ਕਵਿਤਾ ਬਚਪਨ ਜੁਆਨੀ ਅਧਖੜ  ਅਤੇ ਬੁਢਾਪਾ ਪੇਸ਼ ਕੀਤੀ ਅਤੇ ਆਪਣੀ ਨਵ ਪ੍ਰਕਾਸ਼ਤ ਪੁਸਤਕ ਮਹਾਂ ਕੰਬਣੀਵਿਚੋਂ ਕਵਿਤਾਵਾਂ ਸੁਣਾਈਆਂ। ਰੋਪੜ ਤੋਂ ਆਏ ਇਕ ਹੋਰ ਸੰਜੀਦਾ ਤੇ ਨਿਵੇਕਲੀ ਰੰਗਤ ਦੀ ਗ਼ਜ਼ਲ ਕਹਿਣ ਵਾਲ਼ੇ ਸ਼ਾਇਰ ਜਸਵਿੰਦਰ ਨੇ ਆਪਣੇ ਆਸ਼ਾਵਾਦੀ ਸੁਰ ਸੰਗ ਆਪਣੇ ਕਲਾਮ ਦੀ ਸ਼ੁਰੂਆਤ ਕੀਤੀ-
ਅਧੂਰੇ ਰਹਿ ਗਏ ਚਾਵਾਂ ਨੂੰ ਹੱਸ ਕੇ ਟਾਲ਼ ਛੱਡਾਂਗੇ
ਭਰੇ ਮੇਲੇ ਨੂੰ ਜਦ ਛੱਡਿਆ ਸਲੀਕੇ ਨਾਲ਼ ਛੱਡਾਂਗੇ
ਦਿੱਲੀ ਤੋਂ ਉਚੇਚੇ ਪੁੱਜੇ ਅਤੇ ਬਾਬਾ ਫ਼ਰੀਦ ਸਾਹਿਤ ਪੁਰਸਕਾਰ ਨਾਲ਼ ਸਨਮਾਨਤ ਸ਼ਾਇਰ ਪ੍ਰੋ. ਬਰਜਿੰਦਰ ਚੌਹਾਨ ਨੇ ਬੇਬਾਕ ਸ਼ੈਲੀ ਚ ਆਪਣੀਆਂ ਰਚਨਾਵਾਂ ਦੀ ਸ਼ੁਰੂਆਤ ਕਰਦਿਆਂ ਕਿਹਾ-
ਸ਼ਾਇਦ ਏਦਾਂ ਹੀ ਬਦਲੇ ਮੌਸਮ ਦਾ ਰੰਗ ਜ਼ਰਾ
ਨੰਗ ਮੁਨੰਗੇ ਰੁੱਖਾਂ 'ਤੇ ਕੁਝ ਪੱਤੇ ਟੰਗ ਜ਼ਰਾ
ਉਹ ਮੈਨੂੰ ਇਸ ਕਰਕੇ ਹੀ ਬਾਗ਼ੀ ਨੇ ਸਮਝ ਰਹੇ
ਮੈਂ ਫ਼ਰਿਆਦ ਕਰਨ ਦਾ ਬਦਲ ਲਿਆ ਹੈ ਢੰਗ ਜ਼ਰਾ
ਸਥਾਨਕ ਸ਼ਾਇਰ ਹਰਮਿੰਦਰ ਸਿੰਘ ਕੋਹਾਰਵਾਲ਼ਾ ਨੇ ਵੀ ਆਪਣੀਆਂ ਖ਼ੂਬਸੂਰਤ ਰਚਨਾਵਾਂ ਨਾਲ਼ ਹਾਜ਼ਰੀ ਲਵਾਈ। ਆਪਣੇ ਪ੍ਰਧਾਨਗੀ ਭਾਸ਼ਣ ਵਿਚ ਹੁਣੇ-ਹੁਣੇ ਵੱਕਾਰੀ ਸਾਹਿਤਕ ਸਨਮਾਨ ਸਰਸਵਤੀ ਪੁਰਸਕਾਰਨਾਲ਼ ਨਿਵਾਜੇ ਡਾ. ਸੁਰਜੀਤ ਪਾਤਰ ਨੇ ਬਾਬਾ ਸ਼ੇਖ਼ ਫ਼ਰੀਦ ਜੀ ਦੀ ਰਚਨਾ ਨੂੰ ਨਤ-ਮਸਤਕ ਹੁੰਦਿਆਂ ਉਨ੍ਹਾਂ ਦੁਆਰਾ ਪੰਜਾਬੀ ਜ਼ੁਬਾਨ ਲਈ ਪਾਏ ਮਹਾਨ ਯੋਗਦਾਨ ਨੂੰ ਸਰਵ-ਉੱਤਮ ਕਿਹਾ। ਅੱਠ ਸਦੀਆਂ ਬੀਤ ਜਾਣ ਬਾਅਦ ਵੀ ਉਨ੍ਹਾਂ ਰਚਨਾਵਾਂ ਦਾ ਮਹੱਤਵ ਬਰਕਰਾਰ ਹੀ ਨਹੀਂ ਬਲਕਿ ਦਿਨ--ਦਿਨ ਹੋਰ ਵਧਦਾ ਮਹਿਸੂਸ ਹੋ ਰਿਹਾ ਹੈ। ਪ੍ਰਸਿੱਧੀ ਹਾਸਲ ਕਰ ਚੁੱਕੇ ਲੇਖਕਾਂ ਨੇ ਵੀ ਬਾਬਾ ਸ਼ੇਖ਼ ਫ਼ਰੀਦ ਜੀ ਦੀ ਬਾਣੀ ਚੋਂ ਸ਼ਬਦ ਜਾਂ ਵਾਕਾਂਸ਼ ਲੈ ਕੇ ਆਪਣੀਆਂ ਪੁਸਤਕਾਂ ਦੇ ਸਿਰਲੇਖਾਂ ਦੇ ਰੂਪ ਵਿਚ ਮੁਕਟ ਵਾਂਗ ਸਜਾਏ ਹਨ। ਸਾਹਿਤਕ ਸਮਾਗਮ ਵਿਚ ਗੁਰਮੀਤ ਸਿੰਘ ਕੋਟਕਪੂਰਾ ਇੰਚਾਰਜ ਉਪ ਦਫ਼ਤਰ ਅਜੀਤ ਫ਼ਰੀਦਕੋਟ, ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਫ਼ਰੀਦਕੋਟ, ਪ੍ਰੋ. ਸਾਧੂ ਸਿੰਘ ਪ੍ਰਿੰਸੀਪਲ ਗੁਰਦੀਪ ਸਿੰਘ ਢੁੱਡੀ, ਅਵਤਾਰ ਗੋਂਦਾਰਾ, ਨਿਰਮਲ ਪਟਵਾਰੀ, ਜਸਵੰਤ ਜੱਸ, ਨਵਦੀਪ ਸਿੰਘ ਜ਼ੀਰਾ, ਜਸਬੀਰ ਜੱਸੀ, ਗੁਰਚਰਨ ਸਿੰਘ ਭੰਗੜਾ ਕੋਚ, ਮੇਹਰ ਸਿੰਘ ਸੰਧੂ, ਰਾਜਿੰਦਰ ਸਿੰਘ ਜੱਸਲ, ਐਸ ਬਰਜਿੰਦਰ, ਪ੍ਰੋ. ਪਰਮਿੰਦਰ ਸਿੰਘ, ਮੱਖਣ ਸਿੰਘ, ਨਿਰਮੋਹੀ ਫ਼ਰੀਦਕੋਟੀ, ਜਸਵਿੰਦਰ ਮਿੰਟੂ, ਸੁਨੀਲ ਵਾਟਸ ਤੋਂ ਇਲਾਵਾ ਸਥਾਨਕ ਦਰਸ਼ਕ, ਪੰਜਾਬ ਦੇ  ਵਿਭਿਨ੍ਹ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ-ਢਾਣੀਆਂ ਤੋਂ ਆਏ ਸੈਂਕੜੇ ਸਾਹਿਤ ਰਸੀਏ  ਸ਼ਾਮਲ ਸਨ।




Tuesday, May 11, 2010

ਵੀਡੀਓ- ਪੰਜਾਬ ਦੇ ਅਜੋਕੇ ਰਾਜਨੀਤਕ-ਸਮਾਜਕ ਹਾਲਾਤ ਦਾ ਤਲਖ਼ ਯਥਾਰਥ : ‘ਕਿਵੇਂ ਜਿਓਣਗੇ ਲੋਕੀ’


http://www.youtube.com/watch?v=LW-hDzU9TxU

ਪੰਜਾਬ ਦੇ ਅਜੋਕੇ ਰਾਜਨੀਤਕ-ਸਮਾਜਕ ਹਾਲਾਤ ਦਾ ਤਲਖ਼ ਯਥਾਰਥ : ‘ਕਿਵੇਂ ਜਿਓਣਗੇ ਲੋਕੀ’

(ਡਾ. ਪਰਮਿੰਦਰ ਤੱਗੜ)
ਪਿੱਛੇ ਜਿਹੇ ਬੱਬੂ ਮਾਨ ਨੇ ਇਕ ਗੀਤ ਲਿਖਿਆ ਤੇ ਗਾਇਆ ਸੀ ‘ਇੱਕ ਬਾਬਾ ਨਾਨਕ ਸੀ ਜੀਹਨੇ ਤੁਰ ਕੇ ਦੁਨੀਆਂ ਗਾਹ ’ਤੀ, ਇਕ ਅੱਜ ਕੱਲ੍ਹ ਬਾਬੇ ਨੇ ਬੱਤੀ ਲਾਲ ਗੱਡੀ ’ਤੇ ਲਾਤੀ।’ ਇਸ ਗੀਤ ਨੂੰ ਬੜੀ ਲੋਕਪ੍ਰਿਯਤਾ ਮਿਲੀ। ਕਿਉਂਕਿ ਅਜੋਕਾ ਯੁੱਗ ਅਤਿ-ਆਧੁਨਿਕ ਯੁੱਗ ਹੈ ਜਿਸ ਵਿਚ ਸਰੋਤਾ ਕੇਵਲ ਰਚਨਾ ਨੂੰ ਸੁਣ ਕੇ ਜਾਂ ਪੜ੍ਹ ਕੇ ਮਾਨਣ ਦਾ ਆਦੀ ਨਹੀਂ ਰਿਹਾ ਸਗੋਂ ਹੁਣ ਬਿਜਲਈ ਉਪਕਰਨਾਂ ਰਾਹੀਂ ਉਸ ਰਚਨਾ ਵਿਚ ਬੜਾ ਕੁਝ ਐਸਾ ਭਰਿਆ ਜਾਂਦਾ ਹੈ ਕਿ ਉਹ ‘ਫ਼ਾਸਟ ਫ਼ੂਡ’ ਵਾਂਗ ਪਸੰਦ ਕੀਤੀ ਜਾਣ ਲੱਗ ਜਾਂਦੀ ਹੈ। ਇੰਞ ਹੀ ਹੋਇਆ ਬੱਬੂ ਮਾਨ ਦੇ ਉਸ ਗੀਤ ਨਾਲ਼। ਬੱਬੂ ਮਾਨ ਨੇ ਗੀਤ ਗਾਇਆ ਅਤੇ ਉਸ ਦੇ ਪ੍ਰਸ਼ੰਸਕਾਂ ਨੇ ਯੂਟਿਊਬ ਤੋਂ ਗੀਤ ਡਾਊਨਲੋਡ ਕਰਕੇ ਆਪੋ-ਆਪਣੀ ਕਲਾਕਾਰੀ ਵਿਖਾਉਂਦਿਆਂ ਨਵੇਂ ਤੋਂ ਨਵੇਂ ਯਥਾਰਥਮਈ ਐਸੇ ਕਿੱਲ-ਕੋਕੇ ਲਾਏ ਕਿ ਕਥਿਤ ਬਾਬਿਆਂ ਦੀਆਂ ਭਾਜੜਾਂ ਪੈ ਗਈਆਂ ਅਤੇ ਲੋਕਾਂ ਨੂੰ ਕ੍ਰੋਧ ਨਾ ਕਰਨ ਦਾ ਉਪਦੇਸ਼ ਦੇਣ ਵਾਲੇ ਇਹ ਬਾਬੇ ਕ੍ਰੋਧ ਨਾਲ਼ ਲੋਹੇ ਲਾਖੇ ਹੋ ਕੇ ਬਿਆਨਬਾਜੀ ਕਰਦੇ ਵੇਖੇ ਗਏ। ਬੱਬੂ ਮਾਨ ਦੇ ਦਿਨ ਐਸੇ ਬਦਲੇ ਕਿ ਉਹ ਸਫ਼ਲਤਾ ਦੀ ਸਿਖ਼ਰ ਨੇੜੇ ਪੁੱਜ ਗਿਆ। ਫ਼ਿਰ ਇਸੇ ਵਿਸ਼ੇ ਨੂੰ ਲੈ ਕੇ ਅਨੇਕਾਂ ਗੀਤਾਂ ਦੀ ਝੜੀ ਹੀ ਲੱਗ ਤੁਰੀ ਅਤੇ ਅਨੇਕਾਂ ਗੀਤ ਇਸ ਕੋਟੀ ਦੇ ਕਲਾਕਾਰਾਂ ਵੱਲੋਂ ਪੇਸ਼ ਕੀਤੇ ਗਏ। ਇਸ ਸਮੁੱਚੇ ਘਟਨਾ ਕ੍ਰਮ ਵਿਚੋਂ ਇਕ ਵੱਖਰੀ ਵਿਚਾਰਧਾਰਾ ਲੈ ਕੇ ਪੇਸ਼ ਹੁੰਦਾ ਹੈ ਸੁਖਨੈਬ ਸਿੱਧੂ ਦਾ ਲਿਖਿਆ ਤੇ ਗਾਇਆ ਗੀਤ ‘ਕਿਵੇਂ ਜਿਓਣਗੇ ਲੋਕੀ’। ਇਸ ਗੀਤ ਵਿਚ ਕਿਸੇ ਹੋਛੀ ਪੇਸ਼ਕਾਰੀ ਦੀ ਬਜਾਏ ਗਹਿਰ-ਗੰਭੀਰ ਮਸਲਿਆਂ ਦੀ ਚਰਚਾ ਬੜੇ ਅਸਰਮਈ ਅੰਦਾਜ਼ ਵਿਚ ਕੀਤੀ ਗਈ ਦੇਖੀ ਜਾ ਸਕਦੀ ਹੈ। ਗੀਤ ਨੂੰ ਬਾ-ਕਾਇਦਾ ਬੀਕਾ ਮਨਹਾਰ ਨੇ ਸੰਗੀਤਬੱਧ ਕਰਕੇ ਇਸ ਵਿਚ ਸੁਰੀਲੀ ਰੂਹ ਪੈਦਾ ਕੀਤੀ ਹੈ। ਸੁਖਨੈਬ ਸਿੱਧੂ ਭਾਵੇਂ ਕੋਈ ਪ੍ਰੋਫ਼ੈਸ਼ਨਲ ਸਿੰਗਰ ਨਹੀਂ ਹੈ ਪਰ ਰਚਨਾ ਦੇ ਵਿਸ਼ਾ-ਵਸਤੂ ਦੇ ਮੱਦੇ ਨਜ਼ਰ ਉਸ ਦੀ ਆਵਾਜ਼ ਗੀਤ ਵਿਚ ਪੇਸ਼ ਕੀਤੀ ਤ੍ਰਾਸਦੀ ਨੂੰ ਸਾਖ਼ਸ਼ਾਤ ਕਰਨ ਵਿਚ ਪੂਰੀ ਤਰ੍ਹਾਂ ਕਾਮਯਾਬ ਕਹੀ ਜਾ ਸਕਦੀ ਹੈ। ਇੰਞ ਦਾ ਕਰੁਣਾਮਈ ਪ੍ਰਭਾਵ ਕਿਸੇ ਪ੍ਰੋਫ਼ੈਸ਼ਨਲ ਸਿੰਗਰ ਦੀਆਂ ਸੰਗੀਤਕ ਗਰਾਰੀਆਂ ਵਿਚ ਗੁਆਚ ਕੇ ਖ਼ੂਬਸੂਰਤ ਸੁਰ ਤਾਂ ਪੈਦਾ ਕਰ ਸਕਦਾ ਹੈ ਪਰ ਉਸ ਰਚਨਾ ਦੀ ਰੂਹ ਅਤੇ ਮਕਸਦ ਤੋਂ ਦੂਰ ਰਹਿ ਜਾਂਦਾ ਹੈ। ਇੰਞ ਇਸ ਪੱਖ ਤੋਂ ਸੁਖਨੈਬ ਵਧਾਈ ਦਾ ਪਾਤਰ ਹੈ ਕਿ ਉਹ ਆਪਣੀ ਗੱਲ ਲੋਕਾਂ ਦੀ ਚੇਤਨਾ ਵਿਚ ਵਸਾਉਣ ਵਿਚ ਕਾਮਯਾਬ ਰਿਹਾ ਹੈ। ਰਹੀ ਗੱਲ ਇਸ ਗੀਤ ਦੇ ਵੀਡੀਓ ਵਿਚ ਵਰਤੀਆਂ ਗਈਆਂ ਤਸਵੀਰਾਂ ਦੀ, ਇਸ ਪੱਖੋਂ ਇੰਜ. ਸਤਿੰਦਰਜੀਤ ਸਿੰਘ ਅਤੇ ਖ਼ੁਦ ਸੁਖਨੈਬ ਸਿੱਧੂ ਬੜੇ ਮਾਹਰ ਹਨ ਇਸ ਪੱਖੋਂ ਮਾਰ ਖਾਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ ਸੋ ਰਚਨਾ ਵਿਚ ਪੇਸ਼ ਵਿਸ਼ਾ ਵਸਤੂ ਵਿਚ ਵਰਤੇ ਇਕ-ਇਕ ਸ਼ਬਦ ਦੀ ਤਰਜ਼ਮਾਨੀ ਕਰਦੀਆਂ ਇਹ ਤਸਵੀਰਾਂ ਇਸ ਵੀਡੀਓ ਦੀ ਸਾਰਥਕਤਾ ਵਿਚ ਬੜਾ ਮੁੱਲਵਾਨ ਵਾਧਾ ਕਰਦੀਆਂ ਹਨ। ਕਿਉਂਕਿ ਗੱਲ ਇਕ ਗੀਤ ਦੀ ਚੱਲ ਰਹੀ ਸੀ ਇਸੇ ਕਰਕੇ ਪਹਿਲਾਂ ਆਵਾਜ਼, ਸੰਗੀਤਕਾ ਅਤੇ ਵੀਡੀਓ ਟਿਪਸ ਨੂੰ ਇਸ ਆਰਟੀਕਲ ਦਾ ਵਿਸ਼ਾ ਬਣਾਇਆ ਗਿਆ ਹੈ। ਜਿੱਥੋਂ ਤੱਕ ਇਸ ਗੀਤ ਵਿਚਲੇ ਵਿਸ਼ਾ-ਵਸਤੂ ਦਾ ਤੁਅਲਕ ਹੈ ਇਸ ਵਿਚ ਕੋਈ ਦੋ ਰਾਏ ਨਹੀਂ ਕਿ ਇਸ ਵਿਚ ਲੋਕਾਂ ਦੇ ਮਨ ਦੀ ਆਵਾਜ਼ ਨੂੰ ਸ਼ਬਦ ਦਿੱਤੇ ਗਏ ਹਨ। ਖ਼ਾਸ ਗੱਲ ਇਹ ਕਿ ਪੰਜਾਬ ਵਿਚ ਸਰਗਰਮ ਕਿਸੇ ਰਾਜਨੀਤਕ ਧਿਰ ਨਾਲ਼ ਲਿਹਾਜ਼ ਨਹੀਂ ਕੀਤਾ ਗਿਆ। ਦੋਨੋਂ ਸਰਗਰਮ ਰਾਜਨੀਤਕ ਪਾਰਟੀਆਂ ਤੋਂ ਇਲਾਵਾ ਤੀਜੇ ਬਦਲ ਦਾ ਦਾਅਵਾ ਪ੍ਰਗਟਾਉਣ ਵਾਲ਼ੀ ਰਾਜਸੀ ਪਾਰਟੀ ਦੀਆਂ ਕੂਟਨੀਤਕ ਚਾਲਾਂ ਦਾ ਵੀ ਪਰਦਾ ਫ਼ਾਸ਼ ਕੀਤਾ ਗਿਆ ਹੈ। ਬੇਸ਼ਕ ਸੁਖਨੈਬ ਸਿੱਧੂ ਖ਼ੁਦ ਇਕ ਪੱਤਰਕਾਰ ਹੈ ਪਰ ਉਸ ਨੇ ਇਸ ਗੀਤ ਵਿਚ ਪੀਲੀ ਪੱਤਰਕਾਰਤਾ ਨੂੰ ਵੀ ਨਹੀਂ ਬਖ਼ਸ਼ਿਆ। ਰਾਜਨੀਤਕ ਲੋਕਾਂ ਦੇ ਨਿੱਜੀ ਮੋਹ ਦੀ ਤਸਵੀਰਕਸ਼ੀ ਕਰਦਿਆਂ ਗੀਤਕਾਰ ਨੇ ਰਾਜਨੀਤਕ ਸ਼ਖ਼ਸੀਅਤਾਂ ਦੇ ਕਿਰਦਾਰ ਤੋਂ ਪਰਦਾ ਚੁੱਕਣ ਵਿਚ ਕੋਈ ਕਸਰ ਨਹੀਂ ਛੱਡੀ। ਇਹਨਾਂ ਸਤਰਾਂ ਦੀ ਗਵਾਹੀ ਲਈ ਸੁਖਨੈਬ ਸਿੱਧੂ ਦੇ ਗੀਤ ਦੇ ਕੁਝ ਅੰਤਰੇ ਵਿਸ਼ੇਸ਼ ਤੌਰ ’ਤੇ ਵਿਚਾਰਨ ਯੋਗ ਹਨ: ਕਿਸੇ ਨੂੰ ਪੁੱਤ ਦਾ ਮੋਹ ਕਿਸੇ ਨੂੰ ਗ਼ੈਰ ਜ਼ਨਾਨੀ ਦਾ ਕਿਸੇ ਨੂੰ ਸੰਸਾ ਵਿਚ ਵਿਦੇਸ਼ਾਂ ਰੁਲ਼ੀ ਜੁਆਨੀ ਦਾ ਜੋ ਇੰਡੀਆ ਵਿਚ ਰੁਲ਼ਦੇ ਨਹੀਂ ਕੋਈ ਲੈਂਦਾ ਸਾਰ ਨੂੰ ਕੀ ਏਸੇ ਖ਼ਾਤਰ ਚੁਣਿਆ ਸੀ ਆਪਾਂ ਸਰਕਾਰ ਨੂੰ ! ਅਜੋਕੀ ਰਾਜਨੀਤਕ ਸਥਿਤੀ ਵਿਚ ਕੁਰਸੀ ਬਦਲੇ ਨੇਤਾਵਾਂ ਦੁਆਰਾ ਕੀਤੀ ਜਾਂਦੀ ਸੌਦੇਬਾਜ਼ੀ ਅਤੇ ਨਸ਼ਿਆਂ ਦੇ ਸੌੜੇ ਲਾਲਚ ਵਿਚ ਫ਼ਸ ਕੇ ਵੋਟਰ ਦੁਆਰਾ ਆਪਣੇ ਫ਼ਰਜ਼ਾਂ ਨੂੰ ਨਾ ਪਛਾਨਣ ਦੀ ਗੱਲ ਵੀ ਵਿਸ਼ੇਸ਼ ਜ਼ਿਕਰਯੋਗ ਹੈ: ਨਸ਼ਿਆਂ ਬਦਲੇ ਵੋਟਰ ਵਿਕਦੇ ਕੁਰਸੀ ਬਦਲੇ ਨੇਤਾ ਚੌਥਾ ਥੰਮ ਮੀਡੀਆ ਵਿਕਿਆ ਲਿਆ ਖ਼ਬਰਾਂ ਦਾ ਠੇਕਾ ਪਰ ਝੂਠ ਬੋਲਣਾ ਆਉਂਦਾ ਨਹੀਂ ਇਸ ਪੱਤਰਕਾਰ ਨੂੰ ਕੀ ਏਸੇ ਖ਼ਾਤਰ ਚੁਣਿਆ ਸੀ ਆਪਾਂ ਸਰਕਾਰ ਨੂੰ ! ਇਸ ਵਿਚ ਕੋਈ ਦੋ ਰਾਏ ਨਹੀਂ ਕਿ ਪੰਜਾਬ ਦੀ ਪਬਲਿਕ ਟਰਾਂਸਪੋਰਟ ਨੂੰ ਖ਼ੋਰਾ ਲਾਉਣ ਵਿਚ ਸਾਡੇ ਕਥਿਤ ਸੂਬੇ ਦੇ ‘ਸੇਵਕ’ ਹੀ ਜ਼ਿੰਮੇਵਾਰ ਹਨ। ਜਿਹਨਾਂ ਦੀਆਂ ਅਨੇਕਾਂ ਬੱਸਾਂ ਪਰਮਿਟਾਂ ਦੀ ਘਪਲੇਬਾਜੀ ਹੇਠ ਚੱਲਣ ਬਾਰੇ ਅਕਸਰ ਲੋਕ ਗੱਲਾਂ ਕਰਦੇ ਸੁਣੇ ਜਾ ਸਕਦੇ ਹਨ। ਇੱਥੇ ਹੀ ਬੱਸ ਇਹਨਾਂ ਸੇਵਕਾਂ ਦੇ ਕਰਿੰਦੇ ਵੀ ਆਪਣੇ ਆਪ ਨੂੰ ਕਿਸੇ ਖੱਬੀ ਖ਼ਾਂ ਨਾਲੋਂ ਘੱਟ ਨਹੀਂ ਸਮਝਦੇ। ਐਂਵੇ ਤਾਂ ਨਹੀਂ ਸੁਖਨੈਬ ਸਿੱਧੂ ਉਂਗਲ ਕਰ ਰਿਹਾ ਕਿ: ਨੀਲੀਆਂ ਪੀਲੀਆਂ ਬੱਸਾਂ ਸਾਰੀਆਂ ਇੱਕੋ ਘਰ ਦੀਆਂ ਨੇ ਸੜਕਾਂ ਉ¤ਤੇ ਨਹੀਂ ਇਹ ਸਾਡੀ ਹਿੱਕ ’ਤੇ ਚਲਦੀਆਂ ਨੇ ਰਾਜ ਨਹੀਂ ਇਹ ਸੇਵਾ ਕਿਉਂ ਸੌਂਪੀ ਇਕ ਪਰਿਵਾਰ ਨੂੰ ਕੀ ਏਸੇ ਖ਼ਾਤਰ ਚੁਣਿਆ ਸੀ ਆਪਾਂ ਸਰਕਾਰ ਨੂੰ ! ਸਮੁੱਚੇ ਤੌਰ ’ਤੇ ਸੁਖਨੈਬ ਸਿੱਧੂ ਦਾ ਗੀਤ ‘ਕਿਵੇਂ ਜਿਓਣਗੇ ਲੋਕੀ ਖੋਹ ਲਿਆ ਰੁਜ਼ਗ਼ਾਰ ਨੂੰ’ ਪੰਜਾਬੀ ਦੀ ਅਜੋਕੀ ਰਾਜਨੀਤਕ ਹੀ ਨਹੀਂ ਬਲਕਿ ਸਮਾਜਕ ਅਵਸਥਾ ਦਾ ਯਥਾਰਮਈ ਪ੍ਰਗਟਾਵਾ ਪੇਸ਼ ਕਰਨ ਵਿਚ ਇੱਕ ਉਤਮ ਰਚਨਾ ਵਜੋਂ ਵਿਚਾਰਨਯੋਗ ਕ੍ਰਿਤ ਹੈ। ਅਜਿਹੀਆਂ ਕ੍ਰਿਤਾਂ ਨੂੰ ਉਤਸ਼ਾਹਤ ਕਰਨਾ ਬਣਦਾ ਹੈ ਅਤੇ ਅਜਿਹੀਆਂ ਰਚਨਾਵਾਂ ਦਾ ਸੁਆਗਤ ਕੀਤਾ ਜਾਣਾ ਇਕ ਚੇਤਨ ਅਮਲ ਹੈ। http://www.youtube.com/watch?v=LW-hDzU9TxU

Wednesday, April 21, 2010

‘ਸੂਰਜਾ-ਸੂਰਜਾ ਫੱਟੀ ਸੁਕਾਅ…!!!!!!!!!!!’


ਸੂਰਜਾ-ਸੂਰਜਾ ਫੱਟੀ ਸੁਕਾਅ…!!!!!!!!!!!’
(ਡਾ. ਪਰਮਿੰਦਰ ਸਿੰਘ ਤੱਗੜ)
ਬਚਪਨ ਵਿਚ ਅਕਸਰ ਇਸ ਤੁਕਬੰਦੀ ਦਾ ਗਾਇਨ ਉਸ ਵੇਲ਼ੇ ਕੀਤਾ ਜਾਂਦਾ ਸੀ ਜਦ ਲੱਕੜ ਦੀ ਬਣੀ ਫੱਟੀ ਨੂੰ ਗਾਚੀ ਨਾਲ਼ ਪੋਚ ਸਵਾਰ ਕੇ ਸੁਕਾਉਣ ਲਈ ਸੂਰਜ ਨੂੰ ਤਾਕੀਦ ਕੀਤੀ ਜਾਂਦੀ ਸੀ। ਨਾਲ਼ੋ-ਨਾਲ਼ ਫੱਟੀ ਨੂੰ ਇਧਰੋਂ-ਉਧਰ ਘੁੰਮਾਉਂਦਿਆਂ ਸਰੀਰਕ ਅਭਿਆਸ ਮੁਫ਼ਤ ਵਿਚ ਹੀ ਹੋ ਜਾਂਦਾ ਸੀ।  ਕਿੰਨਾ ਖ਼ੂਬਸੂਰਤ ਅਹਿਸਾਸ ਹੁੰਦਾ ਸੀ ਜਦੋਂ ਲੱਕੜ ਦੀ ਬਣਾਈ ਕੋਰੀ ਫੱਟੀ ਨੂੰ ਵਿਸ਼ੇਸ਼ ਰੰਗਤ ਦੇਣ ਲਈ ਪਹਿਲਾਂ ਗੋਹੇ ਦਾ ਲੇਪ ਕਰਨਾ ਫ਼ਿਰ ਉਸ ਲੇਪ ਦੇ ਸੁਕਣ ਉਪਰੰਤ ਉਖਾੜ ਕੇ ਧੋਅ-ਸੁਆਰ ਕੇ ਗਾਚੀ ਦਾ ਲੇਪ ਕਰਨਾ ਫ਼ਿਰ ਚਾਈਂ-ਚਾਈਂ ਫੱਟੀ ਨੂੰ ਸੂਰਜੀ ਤਪਸ਼ ਨਾਲ਼ ਸੁਕਾਉਣਾ ਅਤੇ ਕੱਚੀ ਪੈਨਸਲ ਨਾਲ਼ ਸਿੱਧੀਆਂ ਰੇਖਾਵਾਂ ਵਾਹ ਕੇ ਖ਼ੂਬਸੂਰਤ ਲਿਖ਼ਤ ਲਈ ਫੱਟੀ ਨੂੰ ਤਿਆਰ ਕਰਨਾ। ਫ਼ਿਰ ਵਾਰੀ ਆਉਂਦੀ ਕਲਮ ਦੀ ਜਿਸ ਨੂੰ ਘੜਨ ਲਈ ਅਧਿਆਪਕ ਦੀ ਵਿਸ਼ੇਸ਼ ਹਦਾਇਤ ਹੁੰਦੀ ਕਿ ਪੰਜਾਬੀ ਦੀ ਲਿਖ਼ਾਈ ਲਈ ਕਲਮ ਦਾ ਸਿਰਾ ਪੱਧਰਾ ਅਤੇ ਹਿੰਦੀ ਦੀ ਲਿਖ਼ਾਈ ਲਈ ਸਿਰਾ ਤਿਰਛਾ ਹੋਵੇ। ਪਰ ਇਸ ਸਾਰੇ ਕਾਰਜ ਦਾ ਆਧਾਰ ਤਾਂ ਪੱਕੀ-ਪਕੋੜ ਸਿਆਹੀ ਤੇ ਆ ਟਿਕਦਾ ਜਿਸ ਦੀ ਤਿਆਰੀ ਲਈ ਲੋਹੇ ਦੇ ਪੱਤਰੇ ਦੀ ਟਿਕਾਊ ਦਵਾਤ ਵਿਚ ਰਵੇਦਾਰ ਕਾਲ਼ੀ ਸਿਆਹੀ ਨੂੰ ਪਾਣੀ ਦੀਆਂ ਬੂੰਦਾਂ ਸੰਗ ਮੇਲ ਕੇ ਦਵਾਤ ਦੇ ਮੂੰਹ ਨੂੰ ਰਬੜ ਦੇ ਡਾਟੇ ਨਾਲ਼ ਹਵਾਬੰਦ ਕਰਕੇ ਰੀਝਾਂ ਨਾਲ਼ ਹਿਲਾਉਣਾ ਤਾਂ ਕਿ ਸਿਆਹੀ ਦੇ ਰਵੇ ਪਾਣੀ ਦੀਆਂ ਬੂੰਦਾਂ ਨਾਲ਼ ਇਕ-ਮਿਕ ਹੋ ਜਾਣ ਅਤੇ ਪੱਕੀ ਅਤੇ ਗਾਹੜੀ ਸਿਆਹੀ ਤਿਆਰ ਹੋ ਸਕੇ। ਸਿਆਹੀ ਤਿਆਰ ਹੋਣ ਬਾਅਦ ਕਲਮ ਦਾ ਦਵਾਤ ਦੇ ਅੰਦਰੋਂ ਡੋਬਾ ਲਾਕੇ ਪਹਿਲਾਂ ਫੱਟੀ ਤੇ ੴ  ਲਿਖਣਾ ਅਤੇ ਫ਼ਿਰ ਪ੍ਰੀਤਾਂ ਲਾ ਲਾ ਕੇ ਅੱਖਰ ਜਾਂ ਸ਼ਬਦ ਸਜਾਉਣੇ ਅਤੇ ਅਧਿਆਪਕ ਨੇ ਸੋਹਣੀ ਪੋਚੀ ਫੱਟੀ ਅਤੇ ਸੁੰਦਰ ਲਿਖ਼ਤ ਦੇਖ ਕੇ ਸ਼ਾ-ਬਾ-ਸ਼ ਦੇਣੀ ਤੇ ਅਸੀਂ ਉਹ ਸ਼ਾ-ਬਾ-ਸ਼ ਲੈ ਕੇ ਫੁੱਲੀ ਨਾ ਸਮਾਉਣਾ ਅਤੇ ਨਵੇਂ ਸਿਰਿਉਂ ਫੱਟੀ ਪੋਚ ਕੇ ਫ਼ਿਰ ਤੋਂ ਸ਼ਾ-ਬਾ-ਸ਼ ਦੀ ਵਸੂਲੀ ਦੀਆਂ ਗੋਂਦਾਂ ਗੁੰਦਣ ਵਿਚ ਰੁੱਝੇ ਰਹਿਣਾ। ਪ੍ਰਾਇਮਰੀ ਜਮਾਤਾਂ ਵਿਚ ਇਹ ਸੁਖ਼ਦ ਅਹਿਸਾਸ ਬੜਾ ਸਕੂਨ ਦਿੰਦਾ। ਪਰ ਅਜੋਕੀ ਪੀੜ੍ਹੀ ਨੂੰ ਸ਼ਾਇਦ ਇਹ ਸਭ ਗੱਲਾਂ ਓਪਰੀਆਂ ਅਤੇ ਨਿਰਾਥਕ ਲੱਗਣ ਕਿਉਂਕਿ ਉਹਨਾਂ ਨੂੰ ਇਸ ਅਹਿਸਾਸ ਨੂੰ ਮਾਨਣ ਦਾ ਕਦੀ ਮੌਕਾ ਹੀ ਨਹੀਂ ਮਿਲਿਆ। ਅੱਜ ਇਹਨਾਂ ਫੱਟੀਆਂ ਦੀ ਥਾਵੇਂ ਭਾਵੇਂ ਕਾਪੀਆਂ ਆ ਗਈਆਂ ਹਨ, ਮਹਿੰਗੇ ਰਜਿਸਟਰ ਆ ਗਏ ਹਨ ਅਤੇ ਸਿਆਹੀ-ਕਲਮ ਦੀ ਥਾਂ ਬੜੇ ਸੁਹਣੇ ਰੰਗਾਂ ਦੀਆਂ ਬਾਲ-ਪੈਨਾਂ ਆ ਗਈਆਂ ਹਨ। ਪਰ ਪੁਰਾਣੇ, ਖ਼ਾਸ ਕਰਕੇ ਪ੍ਰਾਇਮਰੀ ਸਕੂਲਾਂ ਦੇ ਅਧਿਆਪਕ ਜਾਣਦੇ ਹਨ ਕਿ ਇਹਨਾਂ ਫੱਟੀਆਂ ਦੀ, ਖ਼ੁਦ ਤਿਆਰ ਕੀਤੀ ਸਿਆਹੀ ਦੀ, ਖ਼ਾਸ ਤਰੀਕੇ ਨਾਲ਼ ਘੜੀ ਕਲਮ ਦੀ ਅਤੇ ਫੱਟੀ ਤੇ ਲਿਖਣ ਦੀ ਕੀ ਮਹੱਤਤਾ ਹੈ। ਜਿੱਥੇ ਇਹ ਤਜ਼ਰਬਾ ਬਾਲਾਂ ਦੀਆਂ ਉਂਗਲਾਂ ਦੇ ਪੋਟਿਆਂ ਨੂੰ ਖ਼ੂਬਸੂਰਤ ਲਿਖ਼ਤ ਲਈ ਤਿਆਰ ਕਰਦਾ ਸੀ ਉਥੇ ਲਗਾਤਾਰ ਲਿਖਣ ਪ੍ਰਕਿਰਿਆ ਵਿਚ ਲਿਖ਼ਾਈ ਨਿਰੰਤਰ ਸੁੰਦਰ ਬਣੀ ਰਹਿੰਦੀ ਸੀ। ਨਾਲ਼ ਹੀ ਆਰਥਿਕ ਪੱਖ ਤੋਂ ਅੱਜ ਵਾਂਗ ਨਿੱਤ ਦਿਹਾੜੇ ਕਾਪੀਆਂ ਦੀ ਮੰਗ ਨੂੰ ਠੱਲ੍ਹ ਹੀ ਨਹੀਂ ਪੈਂਦੀ ਸੀ ਸਗੋਂ ਪ੍ਰਾਇਮਰੀ ਪੱਧਰ ਤੇ ਕਾਪੀਆਂ ਦੀ ਵਰਤੋਂ ਹੀ ਬੜੀ ਨਾ-ਮਾਤਰ ਹੋਇਆ ਕਰਦੀ ਸੀ। 
ਕੱਚੀ ਪਹਿਲੀ ਜਮਾਤ ਪੜ੍ਹਦੇ ਮੇਰੇ ਬੇਟੇ ਆਲਮਨੂਰ ਨੇ ਅੱਜ ਮੈਂਨੂੰ ਬਜ਼ਾਰ ਜਾਣ ਲੱਗਿਆਂ ਚੇਤੇ ਕਰਵਾਇਆ ਕਿ ਮੁੜਦਿਆਂ ਉਸ ਲਈ ਪੈਨਸਲਾਂ ਦੀ ਡੱਬੀ ਲੈਂਦਾ ਆਵਾਂ। ਮੈਂ ਬਜ਼ਾਰ ਦੇ ਹੋਰ ਕੰਮ ਨਬੇੜ ਪੈਨਸਲਾਂ ਦੀ ਡੱਬੀ ਵੀ ਖ਼ਰੀਦ ਕੇ ਸਾਂਭ ਲਈ। ਰਾਤੀਂ ਪਿਆ-ਪਿਆ ਸੋਚ ਰਿਹਾ ਸਾਂ ਕਿ ਅਪਸਰਾ ਕੰਪਨੀ ਦੀ ਇਹ ਪੈਨਸਲਾਂ ਦੀ ਡੱਬੀ ਵੀ ਮਹਿੰਗਾਈ ਦੀ ਮਾਰ ਹੇਠ ਆਈਆਂ ਹੋਰਨਾਂ ਵਸਤਾਂ ਵਾਂਗ ਚਾਲੀਆਂ ਰੁਪਈਆਂ ਦੀ ਹੋ ਗਈ ਹੈ। ਇਕ ਗ਼ਰੀਬ ਮਾਪੇ ਨੂੰ ਇਹ ਪੈਨਸਲਾਂ ਮੁਹੱਈਆ ਕਰਵਾਉਣਾ ਵੀ ਕਿੰਨਾ ਮੁਸ਼ਕਲ ਹੋਵੇਗਾ ਜਿਸ ਨੇ ਹੱਡ- ਭੰਨ੍ਹਵੀਂ ਮੁਸ਼ੱਕਤ ਕਰਕੇ ਮਸਾਂ ਦਿਹਾੜੀ ਦੇ ਸੌ-ਡੇਢ ਸੌ ਕਮਾਏ ਹੋਣਗੇ। ਪਰ ਜੇ ਅਸੀਂ ਅਜੋਕੇ ਅਤਿ ਆਧੁਨਿਕ ਅਹਿਸਾਸ ਤੋਂ ਕੁਝ ਹਟ ਕੇ ਫੱਟੀ ਦੀ ਮਹੱਤਤਾ ਨੂੰ ਸਮਝੀਏ ਤਾਂ ਜਿੱਥੇ ਇਹ ਆਰਥਿਕ ਪੱਖ ਤੋਂ ਗ਼ਰੀਬ ਮਾਪਿਆਂ ਨੂੰ ਰਾਹਤ ਦੇਣ ਵਿਚ ਮੱਦਦਗਾਰ ਸਾਬਤ ਹੋ ਸਕਦੀ ਹੈ, ਉੱਥੇ ਅਸੀਂ ਕਾਗ਼ਜ਼ ਦੀ ਲੋੜੋਂ ਵੱਧ ਵਰਤੋਂ ਨੂੰ ਘਟਾ ਕੇ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਪ੍ਰਤੀ ਵੀ ਯੋਗਦਾਨ ਪਾ ਸਕਦੇ ਹਾਂ ਅਤੇ ਮੁਫ਼ਤੋਂ-ਮੁਫ਼ਤੀ ਵਾਂਗ ਬਾਲ ਉਮਰੇ ਵਿਦਿਆਰਥੀਆਂ ਦੀ ਲਿਖ਼ਾਈ ਦੀ ਸੁੰਦਰਤਾ ਨੂੰ ਵੀ ਬਰਕਰਾਰ ਰੱਖਣ ਵਿਚ ਕਾਮਯਾਬ ਹੋਇਆ ਜਾ ਸਕਦਾ ਹੈ। ਜ਼ਮਾਨੇ ਦੀ ਤੋਰ ਦੇ ਹਾਣ ਦਾ ਹੋਕੇ ਆਧੁਨਿਕ ਜਾਂ ਅਤਿ ਆਧੁਨਿਕ ਹੋਣਾ ਵਧੀਆ ਗੱਲ ਹੈ। ਪਰ ਪਰੰਪਰਾ ਵਿਚ ਪਈਆਂ ਸੁਖ਼ਦ ਅਤੇ ਲਾਹੇਵੰਦ ਗੱਲਾਂ ਨੂੰ ਅਪਣਾਈ ਰੱਖਣਾ ਉਸ ਤੋਂ ਵੀ ਵੱਧ ਉਸਾਰੂ ਅਹਿਸਾਸ ਹੈ।
95017-66644
drtaggar@gmail.com                      

Sunday, April 18, 2010

Tuesday, April 13, 2010

Sartaj Ate Utube


ਯੂਟਿਊਬ ਰਾਹੀਂ ਪ੍ਰਸਿੱਧ ਹੋਇਆ ਯੂਟਿਊਬ ਤੋਂ ਹੀ ਭੱਜਣ ਲੱਗਾ
(ਡਾ. ਪਰਮਿੰਦਰ ਤੱਗੜ)
ਪ੍ਰਸਿੱਧ ਵੈਬਸਾਈਟ ਯੂਟਿਊਬ ਇਕ ਐਸਾ ਜ਼ਰੀਆ ਹੈ ਜਿਸ ਰਾਹੀਂ ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾਵਾਂਗ ਆਪਣੀ ਗੱਲ ਅੰਤਰ ਰਾਸ਼ਟਰੀ ਪੱਧਰ ਤੱਕ ਪੁਚਾਈ ਜਾ ਸਕਦੀ ਹੈ। ਜੇਕਰ ਤੁਹਾਡੇ ਕੁਝ ਸ਼ੁਭਚਿੰਤਕ ਪੈਦਾ ਹੋ ਜਾਣ ਤਾਂ ਫ਼ਿਰ ਪੁੱਛਣਾ ਹੀ ਕੀ ਐ। ਅਜਿਹਾ ਹੀ ਵਾਪਰਿਆ ਹੈ ਇਕ ਅਜਿਹੇ ਗਾਇਕ ਨਾਲ਼ ਜਿਹੜਾ ਗਾਉਂਦਾ ਵੀ ਸੋਹਣਾ ਹੈ ਅਤੇ ਲਿਖ਼ਦਾ  ਵੀ ਠੀਕ ਹੈ ਬੇਸ਼ਕ ਕੁਝ ਗੱਲਾਂ ਕਰਕੇ ਅੱਜ ਕੱਲ ਵਿਵਾਦਾਂ ਵਿਚ ਵੀ ਘਿਰਿਆ ਹੋਇਆ ਹੈ। ਉਹ ਆਪਣੇ ਆਪ ਤੇ ਭਾਵੇਂ ਸੂਫ਼ੀ ਗਾਇਕ ਹੋਣ ਦਾ ਠੱਪਾ ਵੀ ਲਵਾਈ ਬੈਠਾ ਹੈ ਕਿਉਂਕਿ ਉਸ ਨੇ ਬਾਣਾ ਹੀ ਐਸਾ ਅਪਣਾਇਆ ਹੋਇਆ ਹੈ। ਇਹ ਵੱਖਰੀ ਗੱਲ ਹੈ ਕਿ ਉਹ ਆਪਣੇ ਇਕ ਗੀਤ ਵਿਚ ਇਹ ਬਿਆਨ ਕਰਦਾ ਹੈ ਕਿ ਉਹ ਸੂਫ਼ੀ ਨਹੀਂ ਹੈ-ਨਾਲ਼ ਹੀ ਇਹ ਵੀ ਮੰਨਦਾ ਹੈ ਕਿ ਹੋ ਸਕਦਾ ਹੈ ਉਸ ਦੀ ਕਹੀ ਹੋਈ ਗੱਲ ਸੂਫ਼ੀਇਜ਼ਮ ਦੇ ਨੇੜੇ ਤੇੜੇ ਦੀ ਹੋਵੇ। ਇਸ ਤੋਂ ਤਾਂ ਤੁਸੀਂ ਅੰਦਾਜ਼ਾ ਲਾ ਹੀ ਲਿਆ ਹੋਵੇਗਾ ਕਿ ਗੱਲ ਕਿਸ ਦੀ ਹੋ ਰਹੀ ਹੈ। ਕਾਫ਼ੀ ਸਮੇਂ ਤੋਂ ਸੰਘਰਸ਼ ਚੋਂ ਲੰਘਦਿਆਂ ਗੁੱਲੀ ਦਣ ਪੈ ਹੀ ਨਹੀਂ ਰਿਹਾ ਸੀ ਕਿ ਅਚਾਨਕ ਕੁਝ ਮਿੱਤਰਾਂ ਹਮਦਰਦਾਂ ਨੇ ਕੁਝ ਛੋਟੀਆਂ ਮੋਟੀਆਂ ਮਹਿਫ਼ਲਾਂ ਦਾ ਪ੍ਰਬੰਧ ਕੀਤਾ ਅਤੇ ਉਹਨਾਂ ਦੀਆਂ ਰਿਕਾਰਡਿੰਗਜ਼ ਯੂਟਿਊਬ ਦੇ ਜ਼ਰੀਏ ਇੰਟਰਨੈਟ ਤੇ ਪਾ ਦਿੱਤੀਆਂ ਅਤੇ ਬਾਅਦ ਚ ਆਰਕੁਟ, ਫ਼ੇਸਬੁੱਕ ਤੇ ਹੋਰ ਕਈ ਇੰਜ ਦੀਆਂ ਵੈਬਸਾਇਟਾਂ ਰਾਹੀਂ ਇਸ ਗਾਇਕ ਨੂੰ ਲੋਕਾਂ ਤੱਕ ਪੁਚਾਉਣ ਦੀ ਕੋਸ਼ਿਸ਼ ਕੀਤੀ ਅਤੇ ਗੁੱਡੀ ਉਡ ਪਈ ਪਰ ਜਿਉਂ-ਜਿਉਂ ਗੁੱਡੀ ਅਸਮਾਨ ਛੂਹਣ ਲੱਗੀ ਹੈ ਤਾਂ ਬਾਬਿਆਂ ਦਾ ਸੂਫ਼ੀਇਜ਼ਮ, ਕਮਰਸ਼ੀਅਲਿਜ਼ਮ ਚ ਤਬਦੀਲ ਹੋਣ ਲੱਗ ਪਿਆ ਹੈ। ਹੋਇਆ ਇੰਜ ਕਿ ਗਾਇਕ ਦੇ ਇਕ ਪ੍ਰਸ਼ੰਸਕ ਨੇ ਦੋ-ਦੋ, ਤਿੰਨ-ਤਿੰਨ ਮਿੰਟ ਦੇ ਬਿਹਤਰ ਕੁਆਲਟੀ ਦੇ ਦੋ ਵੀਡੀਓ ਕਲਿੱਪ ਉਸ ਦੀ ਇਕ ਲਾਈਵ ਰਿਕਾਰਡਿੰਗ ਵਿਚੋਂ ਉਸ ਦੀ ਚੰਗੀ ਚੀਜ਼ ਨੂੰ ਲੋਕਾਂ ਨਾਲ਼ ਸਾਂਝੇ ਕਰਨ ਵਜੋਂ ਯੂਟਿਊਬ ਤੇ ਪਾ ਦਿੱਤੇ। ਜਿਸ ਨਾਲ਼ ਲੋਕਾਂ ਦੀ ਵਾਹ-ਵਾਹ ਦੇ ਸੰਦੇਸ਼ ਉਸ ਪ੍ਰਸ਼ੰਸਕ ਤੱਕ ਪੁੱਜੇ ਨਾਲ਼ ਹੀ ਇਹ ਬੇਨਤੀ ਵੀ ਕਿ ਪੂਰਾ ਪੂਰਾ ਗੀਤ ਅਪਲੋਡ ਕਰੋ ਜੀ। ਪਰ ਪ੍ਰਸ਼ੰਸਕ ਨੂੰ ਸ਼ਾਇਦ ਗਿਆਨ ਸੀ ਕਿ ਜੇਕਰ ਪੂਰਾ-ਪੂਰਾ ਗੀਤ ਪਾ ਦਿੱਤਾ ਤਾਂ ਸਬੰਧਤ ਗਾਇਕ ਦੀ ਜੋ ਕਮਰਸ਼ੀਅਲ ਵੀ. ਸੀ. ਡੀ. ਆਵੇਗੀ ਤਾਂ ਉਸ ਤੇ ਅਸਰ ਪਵੇਗਾ। ਪਰ ਸ਼ਾਇਦ ਇਸ ਕਥਿਤ ਸੂਫ਼ੀ ਗਾਇਕ ਨੂੰ ਅਜਿਹਾ ਕਰਨਾ ਚੰਗਾ ਨਹੀਂ ਲੱਗਾ ਅਤੇ ਉਸ ਨੇ ਯੂਟਿਊਬ ਨੂੰ ਬੇਨਤੀ ਕਰਕੇ ਦੋਨੋਂ ਵੀਡੀਓ ਕਲਿੱਪ ਚੁਕਵਾ ਦਿੱਤੇ ਕਿਉਂਕਿ ਬਾਕੀ ਜੋ ਇਸ ਸਾਈਟ ਤੇ ਉਸ ਬਾਰੇ ਮੈਟਰ ਪਿਆ ਹੈ ਉਹ ਅਤਿ ਦਰਜੇ ਦੀ ਮਾੜੀ ਵੀਡੀਓ ਅਤੇ ਸਾਊਂਡ ਕੁਆਲਟੀ ਜਾਂ ਔਸਤਨ ਕੁਆਲਿਟੀ ਦਾ ਪਿਆ ਹੈ। ਇਹ ਬਿਹਤਰ ਕੁਆਲਟੀ ਦਾ ਮੈਟਰ ਸ਼ਾਇਦ ਬਿਜ਼ਨਸ ਪੱਖ ਤੋਂ ਘਾਟੇਵੰਦਾ ਸਾਬਤ ਹੋ ਸਕਦਾ ਸੀ। ਮੁੱਕਦੀ ਗੱਲ ਕਿ ਇਹ ਬਾਬੇ ਹੁਣ ਉਥੋਂ ਹੀ ਮੂੰਹ ਮੋੜ ਗਏ ਜਾਪਦੇ ਹਨ ਜਿੱਥੋਂ ਇਹਨਾਂ ਨੂੰ ਅਜੋਕਾ ਮੁਕਾਮ ਹਾਸਲ ਹੋਇਆ ਹੈ ਜੇ ਖ਼ੁਦ ਇਹ ਕਹਿੰਦੇ ਹਨ ਕਿ ਜਿਹੜਾ ਪਿੱਛਾ ਭੁੱਲ ਜਾਵੇ ਉਹਦਾ ਅੱਗਾ ਵੀ ਨਹੀਂ ਰਹਿੰਦਾਅਤੇ ਜੜ ਦੇ ਕੋਲ ਨਾ ਬੈਠੇ ਤਾਂ ਫ਼ਿਰ ਗੋਡੀ ਨਹੀਂ ਹੋਣੀ, ਹਸਤੀ ਵੱਧ ਤਾਂ ਜਾਵੇਗੀ ਪਰ ਓਡੀ ਨਹੀਂ ਹੋਣੀ ਤਾਂ ਫ਼ਿਰ ਖ਼ੁਦ ਅਮਲ ਕਰਦਿਆਂ ਪਿੱਛਾ ਨਾ ਭੁੱਲਣਾਅਤੇ ਜੜਾਂ ਨਾਲ਼ ਜੁੜੇ ਰਹਿਣਵਿਚ ਕੀ ਹਰਜ਼ ਹੈ। ਜੇ ਇਹ ਗੱਲਾਂ ਲੋਕਾਂ ਤੇ ਹੀ ਲਾਗੂ ਕਰਨ ਲਈ ਹੀ ਹਨ ਤਾਂ ਵੱਖਰੀ ਗੱਲ ਹੈ। ਇਸ ਗਾਇਕ ਨੂੰ ਇਹ ਯਾਦ ਦਿਵਾਉਣਾ ਲਾਜ਼ਮੀ ਹੈ ਕਿ ਅੱਜ ਤੋਂ ਕਈ ਸਾਲ ਪਹਿਲਾਂ ਵੀ ਇਕ ਕਥਿਤ ਸੂਫ਼ੀ ਗਾਇਕ ਉਭਰਿਆ ਸੀ ਲੋਕਾਂ ਨੇ ਉਸ ਦੀ ਗਾਇਕੀ ਨੂੰ ਪਿਆਰ ਵੀ ਬਹੁਤ ਦਿੱਤਾ ਸੀ ਪਰ ਜਿਵੇਂ ਕਹਿੰਦੇ ਹੁੰਦੇ ਆ ਕਿ ਜਿਆਦਾ ਸੇਵਨ ਕੀਤੀ ਚੀਜ਼ ਬਦਹਜ਼ਮੀ ਕਰ ਦਿੰਦੀ ਐ, ਬੱਸ ਮਾਨਸਿਕ ਬਦਹਜ਼ਮੀ ਐਸੀ ਹੋਈ ਕਿ ਉਹ ਜਨਾਬ ਗਾਇਕੀ ਦੀ ਪ੍ਰਸਿੱਧੀ ਤੋਂ ਸੰਤੁਸ਼ਟ ਨਾ ਹੁੰਦਿਆਂ ਅਤੇ ਆਪਣੇ ਪ੍ਰਸ਼ੰਸਕਾਂ ਦੇ ਪਿਆਰ ਨੂੰ ਨਾਕਾਫ਼ੀ ਸਮਝਦਿਆਂ ਰਾਜਨੀਤਕ ਝੋਲ਼ੀ ਚ ਜਾ ਡਿੱਗੇ ਅਤੇ ਐਸੇ ਡਿੱਗੇ ਕਿ ਮੁੜ ਉਠ ਹੀ ਨਾ ਸਕੇ। ਕਦੇ ਕਦੇ ਇਉਂ ਵੀ ਲੱਗਦਾ ਕਿ ਖ਼ੂਬਸੂਰਤ ਤੇ ਸਾਫ਼ ਸੁਥਰੀ ਸ਼ਾਇਰੀ ਅਤੇ ਗਾਇਕੀ ਦੇ ਸ਼ੁਦਾਈ ਪੰਜਾਬੀ ਪਿਆਰੇ ਉਸ ਦੁਆਰਾ ਛੱਡੀ ਰੂਹਾਨੀ ਤ੍ਰਿਪਤੀ ਦੀ ਕਮੀ ਨੂੰ ਇਸ ਗਾਇਕ ਰਾਹੀਂ ਪੂਰੀ ਕਰਨਾ ਲੋਚਦੇ ਹੋਣ ਕਿਉਂਕਿ ਇਹ ਗੱਲ ਤਾਂ ਜਾਹਰ ਹੋ ਚੁੱਕੀ ਹੈ ਕਿ ਪੰਜਾਬੀ ਪਿਆਰੇ ਵਧੀਆ ਸ਼ਾਇਰੀ ਅਤੇ ਸੁਰ-ਮਈ ਗਾਇਕੀ ਦੇ ਕਾਇਲ ਹਨ। ਹੁਣ ਇਹ ਇਸ ਦੇ ਹੱਥ ਵਸ ਹੈ ਕਿ ਇਸ ਨੇ ਉਹਨਾਂ ਦੀਆਂ ਆਸਾਂ ਤੇ ਕਿੰਨੇ ਕੁ ਖ਼ਰੇ ਉਤਰਨਾ ਹੈ। ਪਰ ਜੇਕਰ ਉਸ ਸਰਕਾਰੀ ਗਾਇਕ ਵਾਂਗ ਜਨਾਬ ਦਾ ਨਿਸ਼ਾਨਾ ਵੀ ਕਮਰਸ਼ੀਅਲਿਜ਼ਮ ਵਾਇਆ ਸੂਫ਼ੀਇਜ਼ਮਹੈ (ਜਿਵੇਂ ਕਿ ਪ੍ਰਤੀਤ ਹੋ ਰਿਹਾ ਹੈ) ਤਾਂ ਫ਼ਿਰ ਰੱਬ ਰਾਖ਼ਾ!
ਸੰਪਰਕ: +91 95017 66644
ਗਲੀ ਨੰ: 5 ਦੇਵੀਵਾਲਾ ਰੋਡ, ਕੋਟਕਪੂਰਾ (ਪੰਜਾਬ)

Monday, April 12, 2010

Vivaaaad

  • ਇਕ ਸ਼ਾਇਰ ਦੁਆਰਾ ਉਠਾਏ ਵਿਵਾਦ ਵਿਚ ਘਿਰਿਆ ਇਕ ਮਕਬੂਲ ਹੋ ਰਿਹਾ ਗਾਇਕ
    April 12, 2010 01:00:00 am
    (ਡਾ. ਪਰਮਿੰਦਰ ਤੱਗੜ) ਅਕਸਰ ਅਜਿਹਾ ਵਾਪਰਦੈ ਕਿ ਜਦੋਂ ਕੋਈ ਸ਼ੋਹਰਤ ਦੀਆਂ ਬੁਲੰਦੀਆਂ ਵੱਲ ਵਧ ਰਿਹਾ ਹੁੰਦੈ ਤਾਂ ਉਸ ਦਾ ਝੱਗਾ ਖਿੱਚਣ ਵਾਲੇ ਵੀ ਨਾਲ਼ ਹੀ ਪੈਦਾ ਹੋ ਜਾਂਦੇ ਹਨ। ਜਿੰਨੀ ਦੇਰ ਤੱਕ ਕੋਈ ਸ਼ੋਹਰਤ ਹਾਸਲ ਨਹੀਂ ਕਰਦਾ ਓਨੀ ਦੇਰ ਜੋ ਮਰਜ਼ੀ, ਜੀਹਦਾ ਮਰਜ਼ੀ, ਜਿਵੇਂ ਮਰਜ਼ੀ ਗਾਈ ਜਾਵੇ ਕੋਈ ਫ਼ਿਕਰ ਨਹੀਂ ਪਰ ਜਦ ਉਹ ਗਾਇਕ ਮਕਬੂਲ ਹੋ ਜਾਵੇ ਤਾਂ ਝੱਟ ਉਹਨਾਂ ਸ਼ਾਇਰਾਂ ਨੂੰ ਫ਼ਿਕਰ ਆ ਪੈਂਦਾ ਹੈ ਕਿ ਇਸ ਨੇ ਸਾਡੀ ਸ਼ਾਇਰੀ ਨੂੰ ਤ੍ਰੋੜ–ਮਰੋੜ ਕੇ ਗਾਇਆ ਹੈ। ਅਜਿਹਾ ਹੀ ਵਾਪਰਿਐ ਇਹਨੀਂ ਦਿਨੀਂ ਇਕ ਨਵੇਂ ਅੰਦਾਜ਼ ਵਿਚ ਉਭਰੇ ਚੰਗੀ ਸ਼ਾਇਰੀ ਦੇ ਰਚਨਹਾਰ ਤੇ ਪੁਖ਼ਤਾ ਗਾਇਕੀ ਦੇ ਸਿਤਾਰੇ ਨਾਲ਼। ਖ਼ਾਸ ਗੱਲ ਇਹ ਕਿ ਇਸ ਵਿਵਾਦ ’ਚੋਂ ਕੁਝ ਨਿਕਲੇ ਜਾਂ ਨਾ ਨਿਕਲੇ ਪਰ ਇਲਜ਼ਾਮ ਲਾਉਣ ਵਾਲੇ ਸ਼ਾਇਰ ਨੂੰ ਪਹਿਲਾਂ ਯਕੀਨਨ ਚੋਣਵੇਂ ਲੋਕ ਹੀ ਜਾਣਦੇ ਹੋਣਗੇ ਪਰ ਇਹਨਾਂ ਖ਼ਬਰਾਂ ਤੋਂ ਬਾਅਦ ਹਰ ਕੋਈ ਉਸ ਅਣਗੌਲ਼ੇ ਸ਼ਾਇਰ ਦੇ ਨਾਂ ਨੂੰ ਜਾਣ ਗਿਆ ਹੈ। ਲੋਕ ਤਾਂ ਇਹ ਸੋਚ ਰਹੇ ਹਨ ਕਿ ਹੁਣ ਇਸ ਵਿਵਾਦ ਨੂੰ ਹੋਰ ਅਖ਼ਬਾਰਾਂ ਦੁਆਰਾ ਅੰਸ਼ਕ ਰੂਪ ਵਿਚ ਖ਼ਬਰ ਨੂੰ ਚੱਕਣ ਦੇ ਨਾਲ਼-ਨਾਲ਼ ਪੰਜਾਬੀ ਦੇ ਇਕ ਸੁਪ੍ਰਸਿਧ ਅਖ਼ਬਾਰ ਨੇ ਬੜੇ ਗੰਭੀਰ ਅੰਦਾਜ਼ ਵਿਚ ਚੱਕ ਲਿਆ ਹੈ ਅਤੇ ਇਕ ਵਿਸਤ੍ਰਿਤ ਰਿਪੋਰਟ ਅਹਿਮ ਪੰਨੇ ’ਤੇ ਛਾਇਆ ਕੀਤੀ ਹੈ ਜਿਵੇਂ ਕੋਈ ਬੜਾ ਵੱਡਾ ਖ਼ਜ਼ਾਨਾ ਹੱਥ ਲੱਗ ਗਿਆ ਹੋਵੇ। ਖ਼ਜ਼ਾਨਾ ਹੱਥ ਲੱਗੇ ਵੀ ਕਿਉਂ ਨਾ ਜਿਸ ਅਖ਼ਬਾਰ ਦੇ ਪੱਤਰਕਾਰ ਨੇ ਇਹ ਸਟੋਰੀ ਬਣਾਈ ਹੈ ਉਸ ਅਖ਼ਬਾਰ ਦੇ ਅੰਦਰ ਇਕ ਪ੍ਰਮੁਖ ਪੰਜਾਬੀ ਗਾਇਕ ਦਾ ਵੀ ਆਉਣਾ ਜਾਣਾ ਹੈ ਇਸੇ ਪੱਤਰਕਾਰ ਰਾਹੀਂ ਉਸ ਗਾਇਕ ਨੇ ਲੋਕ ਸਭਾ ਦੀਆਂ ਚੋਣਾਂ ਮੌਕੇ ਵੱਡੇ-ਵੱਡੇ ਇਸ਼ਤਿਹਾਰ ਅਤੇ ਸਪਲੀਮੈਂਟ ਵੀ ਕਢਵਾਏ ਸਨ। ਲੋਕਾਂ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਰਸੂਖ਼ ਵਾਲ਼ੇ ਕਈ ਸ਼ਾਇਰਾਂ ਨੂੰ ਵੀ ਇਸ ਵਿਵਾਦ ਨੂੰ ਹਵਾ ਦੇਣ ਖ਼ਾਤਰ ਉਕਸਾਇਆ ਹੈ। ਲੋਕਾਂ ਦੀਆਂ ਗੱਲਾਂ ਉਦੋਂ ਹੋਰ ਸੱਚੀਆਂ ਪ੍ਰਤੀਤ ਹੁੰਦੀਆਂ ਹਨ ਜਦੋਂ ਇਕ ਟੀ ਵੀ ਚੈਨਲ ਵੱਲੋਂ ਪੇਸ਼ ਕੀਤੇ ਜਾਂਦੇ ਇਕ ਲਾਈਵ ਸ਼ੋਅ ਵਿਚ ਇਕ ਪ੍ਰਤੀਯੋਗੀ ਦੁਆਰਾ ਵਿਵਾਦ ਵਿਚ ਘਿਰ ਰਹੇ ਗਾਇਕ ਦੀ ਕੰਪੋਜ਼ੀਸ਼ਨ ਗਾਈ ਜਾਂਦੀ ਹੈ ਅਤੇ ਸਾਡਾ ਇਹ ਮਹਾਨ ਕਹਾਉਣ ਵਾਲ਼ਾ ਸਰਕਾਰੀ ਸਨਮਾਨ ਪ੍ਰਾਪਤ ਗਾਇਕ ਅਜਿਹੀ ਟਿੱਪਣੀ ਕਰਦਾ ਹੈ ਜੋ ਉਸ ਦੀ ਸੋਚ ਦਾ ਮੁਜ਼ਾਹਰਾ ਕਰ ਜਾਂਦੀ ਹੈ ਕਿ ਉਹ ਮਨ ਅੰਦਰ ਕੀ ਰੂੜੀ ਲਾਈ ਬੈਠਾ ਹੈ। ਬੇਸ਼ਕ ਲੋਕ ਇਹ ਸੋਚਦੇ ਹਨ ਕਿ ਇਸ ਪੱਧਰ ’ਤੇ ਪੁੱਜ ਕੇ ਅਜਿਹਾ ਵਿਵਹਾਰ ਮਨ ਅੰਦਰ ਰੱਖਣਾਂ ਏਨੇ ਵੱਡੇ ਅਤੇ ਸਰਕਾਰੀ ਸਨਮਾਨਯਾਫ਼ਤਾ ਗਾਇਕ ਨੂੰ ਸ਼ੋਭਾ ਨਹੀਂ ਦਿੰਦਾ। ਜਿੱਥੋਂ ਤੱਕ ਵਿਵਾਦ ਉਠਾਉਣ ਵਾਲ਼ੇ ਸ਼ਾਇਰ ਦਾ ਸਬੰਧ ਹੈ ਕਿ ਇਕ ਮਕਬੂਲ ਹੋ ਰਹੇ ਗਾਇਕ ਨੇ ਉਸ ਦੀ ਸ਼ਾਇਰੀ ਨੂੰ ਉਸ ਦਾ ਨਾਂ ਲਏ ਬਿਨਾ ਗਾਇਆ ਹੈ ਅਤੇ ਤ੍ਰੋੜ ਮਰੋੜ ਕੇ ਗਾਇਆ ਹੈ। ਜੇਕਰ ਗਾਇਕ ਤ੍ਰੋੜ ਮਰੋੜ ਕੇ ਤਾਂ ਗਾ ਲੈਂਦਾ ਪਰ ਉਸ ਦਾ ਨਾਂ ਮੰਚ ਤੋਂ ਜ਼ਰੂਰ ਲੈ ਦਿੰਦਾ ਤਾਂ ਸ਼ਾਇਦ ਇਹ ਗ਼ਿਲਾ ਨਹੀਂ ਸੀ ਹੋਣਾ। ਨਾਲੇ ਸੱਤ ਸਾਲ ਪਹਿਲਾਂ ਗਾਈ ਆਈਟਮ ’ਤੇ ਇਤਰਾਜ਼ ਉਦੋਂ ਕਰਨਾ ਜਦ ਗਾਇਕ ਮਕਬੂਲ ਹੋ ਗਿਆ ਹੋਵੇ ਤਾਂ ਗੱਲ ਕੁਝ ਹਜ਼ਮ ਨਹੀਂ ਹੁੰਦੀ। ਇਹ ਵੀ ਹੋ ਸਕਦੈ ਸ਼ਾਇਰ ਨੂੰ ਪਹਿਲਾਂ ਪਤਾ ਹੀ ਨਾ ਲੱਗਿਆ ਹੋਵੇ ਕਿ ਉਸ ਦੀ ਸ਼ਾਇਰੀ ਦਾ ਚੀਰ-ਹਰਣ ਹੋ ਰਿਹਾ ਹੈ ਪਰ ਇਹ ਗੱਲ ਵੀ ਹਜ਼ਮ ਨਹੀਂ ਹੁੰਦੀ ਕਿਉਂਕਿ ਉਸ ਸ਼ਾਇਰ ਦਾ ਇੰਟਰਨੈਟ ਨਾਲ਼ ਡੂੰਘਾ ਵਾਸਤਾ ਹੈ ਅਤੇ ਉਸ ਦਾ ਪ੍ਰੋਫ਼ਾਈਲ ਇੰਟਰਨੈਟ ’ਤੇ ਮੌਜੂਦ ਹੈ। ਨਾਲ਼ੇ ਇਸ ਗਾਇਕ ਨੂੰ ਤਾਂ ਸਰੋਤਿਆਂ ਦੇ ਰੂ-ਬ-ਰੂ ਹੀ ਸਭ ਤੋਂ ਪਹਿਲਾਂ ਇੰਟਰਨੈਟ ਦੀ ਯੂਟਿਊਬ ਵੈਬਸਾਇਟ ਨੇ ਕਰਵਾਇਆ ਹੈ। ਹੁਣ ਇਹ ਵਿਵਾਦ ਵੀ ਇੰਟਰਨੈਟ ਰਾਹੀਂ ਹੀ ਫ਼ੈਲਾਇਆ ਜਾ ਰਿਹਾ ਹੈ। ਰਹੀ ਗੱਲ ਮਕਬੂਲ ਗਾਇਕ ਦੀ ਚੁੱਪ ਦੀ- ਗਾਇਕ ਨੂੰ ਚਾਹੀਦਾ ਹੈ ਕਿ ਦੋ ਟੁੱਕ ਗੱਲ ਕਰਕੇ ਵਿਵਾਦ ਦਾ ਫਸਤਾ ਵੱਢੇ। ਕਿਉਂਕਿ ਇਸ ਵਿਚ ਕੋਈ ਦੋ ਰਾਏ ਨਹੀਂ ਕਿ ਹਰ ਕੋਈ ਪਹਿਲਾਂ ਲਿਖੇ ਦਾ ਅਨੁਕਰਨ ਹੀ ਕਰਦਾ ਹੈ ਅਜਿਹਾ ਮਸ਼ਹੂਰ ਵਿਦਵਾਨ ਰੋਲਾ ਬਾਰਤ ਦਾ ਕਹਿਣਾ ਹੈ। ਕਈ ਵਾਰ ਅਜਿਹਾ ਵੀ ਹੋ ਜਾਂਦਾ ਹੈ ਕਿ ਕਿਸੇ ਸ਼ਾਇਰ ਦੀ ਰਚਨਾ ਹੀ ਏਨੀ ਮਕਬੂਲ ਹੋ ਜਾਂਦੀ ਹੈ ਕਿ ਉਸ ਦੇ ਰਚਨਹਾਰ ਦਾ ਨਾਂ ਮਨਫ਼ੀ ਹੋ ਕੇ ਰਹਿ ਜਾਂਦਾ ਹੈ ਸਗੋਂ ਰਚਨਾ ਹੀ ਪ੍ਰਧਾਨ ਸਥਾਨ ਗ੍ਰਹਿਣ ਕਰ ਲੈਂਦੀ ਹੈ ਜੋ ਕਿਸੇ ਸ਼ਾਇਰ ਦੀ ਸ਼ਾਇਰੀ ਦਾ ਹਾਸਲ ਮੰਨਿਆ ਜਾਣਾ ਚਾਹੀਦਾ ਹੈ। ਮਿਸਾਲ ਵਜੋਂ ‘ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੇਂਹਦਾ ਆਈਂ ਨਿਗਾਹ ਮਾਰਦਾ ਆਈਂ ਵੇ ਮੇਰਾ ਲੌਂਗ ਗਵਾਚਾ ਨਿਗਾਹ ਮਾਰਦਾ ਆਈਂ ਵੇ’ ਕਿੰਨੇ ਲੋਕ ਜਾਣਦੇ ਹਨ ਕਿ ਲੋਕਗੀਤ ਦਾ ਦਰਜਾ ਹਾਸਲ ਕਰ ਚੁੱਕੇ ਇਸ ਗੀਤ ਦਾ ਰਚਨਹਾਰ ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ ਹੈ। ਜੇਕਰ ਏਡੀ ਵੱਡੀ ਦਲੀਲ ਦੇ ਬਾਵਜੂਦ ਵੀ ਉਸ ਸ਼ਾਇਰ ਨੂੰ ਗ਼ਿਲਾ ਹੈ ਤਾਂ ਉਸ ਦੀ ਸਮਝ ਦੀ ਸਿਹਤਯਾਬੀ ਲਈ ਦੁਆ ਹੀ ਕੀਤੀ ਜਾ ਸਕਦੀ ਹੈ।

Thursday, February 25, 2010

B T Brinjal Issue

ਬੀ. ਟੀ. ਬੈਂਗਣ ਸਬੰਧੀ ਜੈਰਾਮ ਰਮੇਸ਼ ਦਾ ਜਮਹੂਰੀ ਫ਼ੈਸਲਾ ਜਾਂ ਫ਼ਿਰ ਵਾਤਾਵਰਨਕ ਚੇਤੰਨਤਾ ਸੰਘਰਸ਼ ਦੀ ਜਿੱਤ
(ਡਾ. ਪਰਮਿੰਦਰ ਸਿੰਘ ਤੱਗੜ) 
ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਸਾਨੂੰ ਸਾਰੇ ਖੇਤਰਾਂ ਵਿਚ ਜਨਤਕ ਸਲਾਹ-ਮਸ਼ਵਰੇ ਦੀ ਸਿਹਤਮੰਦ ਪਿਰਤ ਪਾਉਣੀ ਚਾਹੀਦੀ ਹੈ, ਖ਼ਾਸ ਕਰਕੇ ਜਿਹਨਾਂ ਖੇਤਰਾਂ ਵਿਚ ਅਧਿਕਾਰਾਂ ਤੋਂ ਵਾਂਝੇ ਲੋਕਾਂ ਦੀ ਭਲਾਈ ਅਤੇ ਅਧਿਕਾਰ ਖ਼ਤਰੇ ’ਚ ਪੈ ਸਕਦੇ ਹੋਣ। ਇਹ ਖੇਤਰ ਹਨ-ਰੁਜ਼ਗਾਰ, ਘੱਟੋ-ਘੱਟ ਤਨਖ਼ਾਹ ਅਤੇ ਭੋਜਨ ਸੁਰੱਖਿਆ ਸਬੰਧੀ ਕਾਨੂੰਨ, ਖਾਣਾਂ ਵਾਲੇ ਖੇਤਰ ਵਿਚ ਵਿਕਾਸ ਪ੍ਰਾਜੈਕਟ ਲਾਉਣ ਲਈ ਜ਼ਮੀਨੀ ਕਬਜ਼ਾ, ਸਨਅਤ, ਸਿੰਜਾਈ, ਮੁਢਲਾ ਢਾਂਚਾ ਅਤੇ ਊਰਜਾ ਤੇ ਪਾਣੀ ਸਬੰਧੀ ਪ੍ਰਾਜੈਕਟ ਆਦਿ। ਇਹਨਾਂ ਦਾ ਵਾਤਾਵਰਨ ’ਤੇ ਗਹਿਰਾ ਅਸਰ ਪੈਂਦਾ ਹੈ। ਇਸੇ ਸੰਦਰਭ ਵਿਚ ਦੋ ਭਾਰਤੀ ਖੇਤੀ ਯੂਨੀਵਰਸਿਟੀਆਂ ਦੇ ਸਹਿਯੋਗ ਨਾਲ ਮਹਾਇਕੋ-ਮੋਨਸੈਂਟੋ ਦੁਆਰਾ ਵਪਾਰਕ ਨਜ਼ਰੀਏ ਤੋਂ ਜਾਰੀ ਕੀਤੀ ਜਾ ਰਹੀ ਬੈਂਗਣ ਦੀ ਜੀਨ ਪਰਿਵਰਤਿਤ ਕਿਸਮ ਨੂੰ ਵਾਤਾਵਰਨ ਮੰਤਰੀ ਜੈਰਾਮ ਰਮੇਸ਼ ਵੱਲੋਂ ਕਾਸ਼ਤ ਲਈ ਮਨਜ਼ੂਰ ਕਰਨ ਤੋਂ ਨਾਂਹ ਕਰਨ ਦੀ ਕਾਰਵਾਈ ਸਬੰਧੀ ਪ੍ਰਸਿਧ ਪੱਤਰਕਾਰ ਪ੍ਰਫੁਲ ਬਿਦਵਈ ਆਪਣੇ ਇਕ ਲੇਖ ਵਿਚ ਲਿਖਦੇ ਹਨ ਕਿ ਸ੍ਰੀ ਰਮੇਸ਼ ਦੇ ਇਸ ਜਮਹੂਰੀ ਫ਼ੈਸਲੇ ਦੀ ਸ਼ਲਾਘਾ ਕਰਨੀ ਬਣਦੀ ਹੈ, ਜਿਸ ਪ੍ਰਕਾਰ ਉਹਨਾਂ ਨੇ ਇਸ ਮਾਮਲੇ ਵਿਚ ਮੁੱਖ ਤੌਰ ’ਤੇ ਬੈਂਗਣ ਪੈਦਾ ਕਰਨ ਵਾਲੇ ਪੱਛਮੀ ਬੰਗਾਲ, ਉੜੀਸਾ ਅਤੇ ਆਂਧਰਾ ਪ੍ਰਦੇਸ਼ ਵਰਗੇ ਰਾਜਾਂ ਦੇ ਕਿਸਾਨਾਂ ਤੇ ਵਪਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ, ਉਸ ਨਾਲ ਉਹ ਜ਼ਿਆਦਾ ਸ਼ਲਾਘਾ ਦੇ ਪਾਤਰ ਬਣੇ ਹਨ। ਜਦ ਕਿ ਸਲਾਹ ਮਸ਼ਵਰੇ ਦੌਰਾਨ ਹੋਈ ਤਲ਼ਖ਼-ਕਲਾਮੀ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਜਿਸ ਬਾਰੇ ਬਹੁਤ ਸਾਰੇ ਅਖ਼ਬਾਰਾਂ ਨੇ ਬੜੇ ਬੇਬਾਕ ਅੰਦਾਜ਼ ਵਿਚ ਲੋਕਾਈ ਦੇ ਹੱਕ ਵਿਚ ਖੜੋਨ ਵਾਲ਼ੇ ਲੋਕਾਂ ਨਾਲ਼ ਨੇੜਤਾ ਜਤਾਈ ਸੀ। ਕਿਉਂਕਿ ਮੋਨਸੈਂਟੋ ਜਿਸ ਦਾ ਸੰਸਾਰ ਪੱਧਰ ’ਤੇ ਜੀਨ ਪਰਿਵਰਤਿਤ ੁੰਚ ਹੈ, ਉਹ ਬਾਕੀ ਬਾਇਓ-ਤਕਨਾਲੋਜੀ ਕੰਪਨੀਆਂ ਅਤੇ ਪੌਦਿਆਂ ਦਾ ਉਤਪਾਦਨ ਕਰਨ ਵਾਲੇ ਸਮੂਹਾਂ ਨਾਲ ਮਿਲ ਕੇ ਬੀ. ਟੀ. ਬੈਂਗਣ ਦੇ ਹੱਕ ’ਚ ਪ੍ਰਚਾਰ ਹੀ ਨਹੀਂ ਸੀ ਕਰ ਰਹੀ ਸਗੋਂ ਇਹਨਾਂ ਨੂੰ ਕਾਰਪੋਰੇਟ ਮੀਡੀਆ ਦੇ ਵੱਡੇ ਵਰਗਾਂ ਦਾ ਸਮਰਥਨ ਹਾਸਲ ਸੀ, ਜਿਹਨਾਂ ਨੇ ਬੀ. ਟੀ. ਬੈਂਗਣ ਦੇ ਹੱਕ ਵਿਚ ਜ਼ੋਰਦਾਰ ਪ੍ਰਚਾਰ ਕੀਤਾ ਅਤੇ ਇਹ ਪ੍ਰਭਾਵ ਦਿੱਤਾ ਕਿ ਜੀਨ ਪਰਿਵਰਤਿਤ ਤਕਨਾਲੋਜੀ ਪੂਰੀ ਪ੍ਰਕਾਰ ਸੁਰੱਖਿਅਤ ਹੈ ਅਤੇ ਇਸ ਨਾਲ ਭਾਰਤ ਦੀ ਭੋਜਨ ਸੁਰੱਖਿਆ ਮਜ਼ਬੂਤ ਹੋਵੇਗੀ। ਜਿਹਨਾਂ ਅਧਿਐਨਾਂ ਦੇ ਆਧਾਰ ’ਤੇ ਮਹਾਇਕੋ-ਮੋਨਸੈਂਟੋ ਨੇ ‘ਜੈਨੇਟਿਕ ਇੰਜੀਨੀਅਰਿੰਗ ਐਪਰੂਵਲ ਕਮੇਟੀ’ ਕੋਲ ਬੀ. ਟੀ. ਬੈਂਗਣ ਦੀ ਮਨਜ਼ੂਰੀ ਦੀ ਅਪੀਲ ਕੀਤੀ ਸੀ, ਉਹ ਸਾਰੇ ਮੋਨਸੈਂਟੋ ਅਤੇ ਉਸ ਦੇ ਸਹਿਯੋਗੀਆਂ ਦੁਆਰਾ ਤਿਆਰ ਕੀਤੇ ਗਏ ਸਨ। ਉਹਨਾਂ ਵਿਚੋਂ ਬਹੁਤੇ ਸਿਰਫ਼ ਇਸ ਦੇ ਜ਼ਹਿਰੀਲੇ ਅਤੇ ਚਮੜੀ ਦੀ ਖਾਰਿਸ਼ ਬੀਜਾਂ ਦੀ ਮਾਰਕੀਟ ’ਤੇ 84 ਫ਼ੀਸਦੀ ਕੰਟਰੋਲ ਹੈ ਅਤੇ ਜਿਸ ਦੀ ਸੰਯੁਕਤ ਰਾਸ਼ਟਰ ਅਤੇ ਭਾਰਤ ਸਰਕਾਰ ਕੋਲ ¦ਮੀ ਪਹ ਵਰਗੇ ਪ੍ਰਭਾਵਾਂ ਦੀ ਹੀ ਜਾਂਚ ’ਤੇ ਆਧਾਰਿਤ ਸਨ। ਪੰ੍ਰਤੂ ਬਹੁਤ ਸਾਰੇ ਵਿਗਿਆਨੀਆਂ ਦਾ ਇਹ ਕਹਿਣਾ ਹੈ ਕਿ ਬੈਂਗਣ ਵਿਚ ਕਈ ਕੁਦਰਤੀ ਜ਼ਹਿਰੀਲੇ ਤੱਤ ਹੁੰਦੇ ਹਨ ਅਤੇ ਜੇ ਉਹਨਾਂ ਵਿਚਲੇ ਜੀਨ ਨਾਲ਼ ਛੇੜਛਾੜ ਕੀਤੀ ਜਾਵੇ ਤਾਂ ਉਹ ਪਦਾਰਥ ਜ਼ਿਆਦਾ ਜ਼ਹਿਰੀਲੇ ਵੀ ਹੋ ਸਕਦੇ ਹਨ। ਵਿਗਿਆਨੀਆਂ ਨੂੰ ਇਸ ਬਾਰੇ ਢੁਕਵੀਂ ਜਾਣਕਾਰੀ ਹਾਸਲ ਨਹੀਂ ਹੋ ਸਕੀ ਕਿ ਨਵੇਂ ਪਾਏ ਗਏ ਜੀਨ (ਕਰਾਈ ਵਨ ਏ. ਸੀ.) ਤੋਂ ਪੈਦਾ ਹੋਣ ਵਾਲੇ ਜ਼ਹਿਰੀਲੇ ਤੱਤਾਂ ਦਾ ਭੋਜਨ ਜਾਂ ਮਨੁੱਖੀ ਖਾਦ ਪਦਾਰਥਾਂ ’ਤੇ ਕਿੰਜ ਦਾ ਨਾਂਹ-ਪੱਖੀ ਪ੍ਰਭਾਵ ਪੈਂਦਾ ਹੈ। ਦਰਅਸਲ ਸ੍ਰੀ ਰਮੇਸ਼ ‘ਜੈਨੇਟਿਕ ਇੰਜੀਨੀਅਰਿੰਗ ਐਪਰੂਵਲ ਕਮੇਟੀ’ ਦੇ ਸਬੰਧ ਵਿਚ ਨਰਮੀ ਵਰਤ ਰਹੇ ਸਨ ਜੋ ਇਹ ਪਤਾ ਕਰਨ ’ਚ ਅਸਫਲ ਰਹੀ ਹੈ ਕਿ ਮਹਾਇਕੋ-ਮੋਨਸੈਂਟੋ ਨੇ ਜੈਨੇਟਿਕ ਸਮੱਗਰੀ ਦੀ ਦਰਾਮਦ ਲਈ ਸਹੀ ਕਾਰਜ-ਵਿਧੀਆਂ ਨੂੰ ਦਰ-ਕਿਨਾਰ ਕਰ ਦਿੱਤਾ ਅਤੇ ਢੁਕਵੀਂ ਅਗ਼ਵਾਈ ਨੂੰ ਅਮਲ ’ਚ ਲਿਆਉਣ ਤੋਂ ਬਿਨਾਂ ਹੀ ਬੀ. ਟੀ.ਬੈਂਗਣ ਦੀ ਖੇਤੀ ਸ਼ੁਰੂ ਕਰਾ ਦਿੱਤੀ ਗਈ। ਇੱਥੇ ਹੀ ਬਸ ਨਹੀਂ ਬੀ. ਟੀ. ਬੈਂਗਣ ਮਾਮਲਾ ਸਾਹਮਣੇ ਆਉਣ ਨਾਲ ਹੁਣ ਲੋਕਾਂ ਦਾ ਧਿਆਨ ਇਸ ਨਾਲ ਮਿਲਦੇ-ਜੁਲਦੇ ਮੁੱਦਿਆਂ ਵੱਲ ਵੀ ਜਾਵੇਗਾ। ਇਹਨਾਂ ਵਿਚ ਸਭ ਤੋਂ ਵਧੇਰੇ ਮਹੱਤਵਪੂਰਨ ਮੁੱਦੇ ਹਨ-ਬੀਜਾਂ ਉਤੇ ਕਾਰਪੋਰੇਟ ਕੰਪਨੀਆਂ ਦਾ ਕੰਟਰੋਲ, ਜੈਵਿਕ ਵੰਨ-ਸੁਵੰਨਤਾ ਉ¤ਪਰ ਜੀਨ-ਪਰਿਵਰਤਿਤ ਪੌਦਿਆਂ ਦਾ ਅਸਰ ਅਤੇ ਵਿਗਿਆਨਿਕ ਖੋਜ ਨੂੰ ਮਿਲੀ ਆਜ਼ਾਦੀ। ਇਹ ਕੰਪਨੀਆਂ ਜੀਨ ਪਰਿਵਰਤਨ ਰਾਹੀਂ ਅਜਿਹੇ ਬੀਜ ਤਿਆਰ ਕਰ ਰਹੀਆਂ ਹਨ, ਜਿਨ•ਾਂ ਨੂੰ ਇਕ ਵਾਰ ਉਗਾ ਕੇ ਕਿਸਾਨ ਦੁਬਾਰਾ ਉਹਨਾਂ ਨੂੰ ਬੀਜ ਵਜੋਂ ਨਹੀਂ ਵਰਤ ਸਕਦੇ ਅਤੇ ਉਹਨਾਂ ਨੂੰ ਇਕ ਸਾਲ ਬਾਅਦ ਅਗਲੇ ਸਾਲ ਫਸਲ ਬੀਜਣ ਲਈ ਫਿਰ ਕੰਪਨੀ ਤੋਂ ਬੀਜ ਖਰੀਦਣੇ ਪੈਣਗੇ। ਉਹ ਅਜਿਹਾ ਅਧਿਕਾਰ ਵੀ ਚਾਹੁੰਦੀਆਂ ਹਨ ਕਿ ਜਿਸ ਨਾਲ ਕਿਸਾਨ ਆਪਣੇ ਲਈ ਖ਼ੁਦ ਬੀਜ ਪੈਦਾ ਨਾ ਕਰ ਸਕੇ। ਇਹ ਗੱਲ ਸਵੀਕਾਰਨਯੋਗ ਨਹੀਂ ਹੈ। ਜੀਨ ਪਰਿਵਰਤਿਤ ਫਸਲਾਂ ਨੂੰ ਨਾ-ਮਨਜ਼ੂਰ ਕਰਦੇ ਸਮੇਂ ਜਾਂ ਮਨਜ਼ੂਰੀ ਦਿੰਦੇ ਸਮੇਂ ਸੁਰੱਖਿਆ ਤੋਂ ਇਲਾਵਾ ਅਜਿਹੀਆਂ ਫਸਲਾਂ ਦੇ ਕੰਟਰੋਲ ਵਾਲੇ ਪੱਖ ਨੂੰ ਵੀ ਧਿਆਨ ’ਚ ਰੱਖਣਾ ਚਾਹੀਦਾ ਹੈ। ਮੋਨਸੈਂਟੋ ਵਰਗੀਆਂ ਬਹੁਕੌਮੀ ਕੰਪਨੀਆਂ ਸਾਡੀ ‘ਭਾਰਤੀ ਖੇਤੀ ਖੋਜ ਕੌਂਸਲ’ ਦੀਆਂ ਪ੍ਰਯੋਗਸ਼ਾਲਾਵਾਂ ਅਤੇ ਖੇਤੀ ਯੂਨੀਵਰਸਿਟੀਆਂ ਤੋਂ ਵੀ ਫ਼ਾਇਦਾ ਲੈਂਦੀਆਂ ਹਨ। ਇਹਨਾਂ ਵਿਚੋਂ ਬਹੁਤੀਆਂ ਸੰਸਥਾਵਾਂ ਦਾ ਪ੍ਰਬੰਧ ਖ਼ਸਤਾ ਹਾਲਤ ਵਿਚ ਹੈ ਅਤੇ ਇਥੇ ਵਿੱਤੀ ਫੰਡਾਂ ਦੀ ਅਕਸਰ ਘਾਟ ਰਹਿੰਦੀ ਹੈ। ਇਸੇ ਕਾਰਨ ਇਹਨਾਂ ਵਿਚਲੇ ਕੁਝ ਵਿਗਿਆਨੀ ਇਹਨਾਂ ਕੰਪਨੀਆਂ ਕੋਲੋਂ ਸੌਖਿਆਂ ਹੀ ਪੈਸੇ ਇਕੱਠੇ ਕਰਨ ਦਾ ਮੌਕਾ ਭਾਲ਼ਦੇ ਰਹਿੰਦੇ ਹਨ। ਇਸ ਨਾਲ ਜਨਤਾ ਦੇ ਹਿਤ ਖ਼ਤਰੇ ’ਚ ਪੈ ਜਾਂਦੇ ਹਨ। ਖਾਸ ਕਰਕੇ ਇਹ ਦਵਾਈਆਂ ਬਣਾਉਣ, ਬੀਜ ਪੈਦਾ ਕਰਨ ਤੇ ਕੀਟਨਾਸ਼ਕਾਂ ਦੀਆਂ ਸਨਅਤਾਂ ਵਿਚ ਪੈਦਾ ਹੋਇਆ ਚਿੰਤਾਜਨਕ ਅਮਲ ਹੈ। ਜੇਕਰ ਵਿਗਿਆਨੀ ਇਹਨਾਂ ਵਰਤਾਰਿਆਂ ਤੋਂ ਨਿਰਲੇਪ ਨਹੀਂ ਹਨ ਤਾਂ ਉਹਨਾਂ ਦੇ ਕੰਮ ਦੀ ਗੁਣਵੱਤਾ ਅਤੇ ਨਿੱਗਰਤਾ ’ਤੇ ਸਵਾਲੀਆ ਨਿਸ਼ਾਨ ਲੱਗ ਸਕਦੇ ਹਨ। ਪ੍ਰਫੁਲ ਬਿਦਵਈ ਦੇ ਇਸ ਨੁਕਤੇ ਨਾਲ਼ ਵੀ ਸਹਿਮਤ ਹੋਇਆ ਜਾ ਸਕਦਾ ਹੈ ਕਿ ਵਿਗਿਆਨਿਕ ਜਾਂਚ ਦੇ ਸਖ਼ਤ ਮਾਪਦੰਡਾਂ ਨੂੰ ਨਰਮ ਨਹੀਂ ਕਰਨਾ ਚਾਹੀਦਾ, ਕਿਉਂਕਿ ਜੀਨ ਤਬਦੀਲੀ ਭਾਰਤ ਦੀ ਭੋਜਨ ਸੁਰੱਖਿਆ ਨਾਲ ਜੁੜਿਆ ਅਹਿਮ ਮੁੱਦਾ ਹੈ। ਜੇਕਰ ਭਾਰਤ ਹੰਢਣਸਾਰ ਤੇ ਵਾਤਾਵਰਨ ਪੱਖੀ ਖੇਤੀ ਨੂੰ ਅਮਲ ’ਚ ਲਿਆਉਣਾ ਚਾਹੁੰਦਾ ਹੈ ਤਾਂ ਉਸ ਨੂੰ ਕਾਫ਼ੀ ਜ਼ਿਆਦਾ ਕੁਦਰਤ ਦੀਆਂ ਸਮਰਥਾਵਾਂ ਅਤੇ ਰੁਕਾਵਟਾਂ ਉਤੇ ਨਿਰਭਰ ਰਹਿਣਾ ਪਵੇਗਾ ਜਿਸ ਵਿਚ ਦੇਸ਼ ਦੇ ਅੱਧੇ ਕਿਸਾਨਾਂ ਦੁਆਰਾ ਕੀਤੀ ਜਾਂਦੀ ਮੀਂਹ ’ਤੇ ਨਿਰਭਰ ਖੇਤੀ ਵੀ ਆ ਜਾਂਦੀ ਹੈ। ਬੀ. ਟੀ. ਬੈਂਗਣ ਮਾਮਲੇ ਤੋਂ ਕਾਫੀ ਕੁਝ ਸਿੱਖਣ ਦੀ ਲੋੜ ਹੈ। ਇਸ ਦੇ ਤਹਿਤ ਜੀਨ ਪਰਿਵਰਤਿਤ ਫਸਲਾਂ ਤੋਂ ਪ੍ਰਭਾਵਿਤ ਹੋਣ ਵਾਲੇ ਵਰਗਾਂ ਜਿਹਨਾਂ ਵਿਚ ਕਿਸਾਨ, ਉਪਭੋਗਤਾ, ਕਾਨੂੰਨੀ ਸਰੋਕਾਰਾਂ ਨਾਲ ਸੰਬੰਧਿਤ ਵਰਗ, ਵਿਗਿਆਨੀ, ਭੋਜਨ ਸੁਰੱਖਿਆ ਕਾਰਕੁਨ, ਵਾਤਾਵਰਨ ਪ੍ਰੇਮੀ ਅਤੇ ਸਾਧਾਰਨ ਨਾਗਰਿਕ ਆ ਜਾਂਦੇ ਹਨ, ਨੂੰ ਜਨਤਕ ਸਭਾਵਾਂ ਵਿਚ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ। ਫ਼ੈਸਲਾ ਲੈਣ ਅਤੇ ਨੀਤੀ ਘੜਨ ਲਈ ਵਰਤੇ ਜਾਂਦੇ ਅਪਾਰਦਰਸ਼ੀ ਅਤੇ ਨੌਕਰਸ਼ਾਹੀ ਢੰਗ-ਤਰੀਕਿਆਂ ਦੇ ਮੁਕਾਬਲੇ ਅਜਿਹਾ ਰਾਹ ਅਖ਼ਤਿਆਰ ਕਰਨਾ ਕਿਤੇ ਜ਼ਿਆਦਾ ਵਧੀਆ ਹੈ। ਆਮ ਤੌਰ ’ਤੇ ਕੀ ਹੁੰਦਾ ਹੈ ਕਿ ਹਾਸ਼ੀਏ ਵੱਲ ਧੱਕੇ ਹੋਏ ਅਜਿਹੇ ਸਮਾਜਿਕ ਵਰਗਾਂ ਦੀ ਫ਼ੈਸਲੇ ਲੈਣ ਤੋਂ ਪਹਿਲਾਂ ਰਾਇ ਨਹੀਂ ਲਈ ਜਾਂਦੀ, ਭਾਵੇਂ ਕਿ ਉਨਾਂ ਦਾ ਉਕਤ ਫ਼ੈਸਲਿਆਂ ਨਾਲ ਸਬੰਧ ਹੁੰਦਾ ਹੈ। ਇਹ ਅਤਿਅੰਤ ਗ਼ੈਰ-ਜਮਹੂਰੀ ਨਜ਼ਰੀਆ ਹੈ। ਪਰ ਪ੍ਰਫੁਲ ਬਿਦਵਈ ਦੁਆਰਾ ਇਸ ਸਾਰੇ ਘਟਨਾਕ੍ਰਮ ਨੂੰ ਕੇਵਲ ਸ੍ਰੀ ਜੈ ਰਾਮ ਰਮੇਸ਼ ਦੀ ਹੀ ਝੋਲ਼ੀ ਪਾਉਣਾ ਉਹਨਾਂ ਵਾਤਾਵਰਨ ਪ੍ਰੇਮੀਆਂ ਅਤੇ ਵਾਤਾਵਰਨ ਮਾਹਰਾਂ ਦੇ ਭਰਪੂਰ ਅਤੇ ਹਾਂ-ਪੱਖੀ ਯੋਗਦਾਨ ਨਾਲ਼ ਧੱਕਾ ਹੈ ਜੋ ਦਿਨ ਰਾਤ ਵਾਤਾਵਰਨ ਦੀ ਸੁਰੱਖਿਆ ਲਈ ਵਚਨਬੱਧ ਹਨ, ਕਿਉਂਕਿ ਇਸ ਵਿਚ ਕੋਈ ਦੋ ਰਾਏ ਨਹੀਂ ਕਿ ਅਜਿਹੇ ਲੋਕਾਂ ਦੀ ਚੇਤਨਾ ਅਤੇ ਸੰਘਰਸ਼ ਸਦਕਾ ਹੀ ਸਬੰਧਤ ਮੰਤਰੀ ਨੂੰ ਇਹ ਮਹੱਤਵਪੂਰਨ ਰੁਖ਼ ਅਖ਼ਤਿਆਰ ਕਰਨਾ ਪਿਆ ਹੈ। 

Tuesday, February 2, 2010


ਪਾਸ਼ ਐਨ ਐਂਥਾਲੋਜੀ’ ਦਾ ਆਨਲਾਈਨ ਐਡੀਸ਼ਨ ਲੋਕ-ਅਰਪਿਤ
 (ਕੋਟਕਪੂਰਾ-ਪੰਜਾਬ)
ਪੰਜਾਬੀ ਸ਼ਾਇਰੀ ਦੇ ਚਰਚਿਤ ਹਸਤਾਖ਼ਰ ਅਤੇ ਅੰਗਰੇਜ਼ੀ ਅਨੁਵਾਦਕ ਪ੍ਰਿੰ. ਹਰੀ ਸਿੰਘ ਮੋਹੀ ਦੀ ਅਨੁਵਾਦਤ ਪੁਸਤਕ ‘ਪਾਸ਼ ਐਨ ਐਂਥਾਲੋਜੀ’ ਦਾ ਆਨਲਾਈਨ ਐਡੀਸ਼ਨ ਅੱਜ ਮਹੱਤਵਪੂਰਨ ਪਰ ਅਤਿ ਸਾਦੇ  ਅੰਦਾਜ਼ ਵਿਚ ਕੋਟਕਪੂਰਾ ਵਿਖੇ ਲੋਕ-ਅਰਪਿਤ ਕੀਤਾ ਗਿਆ। ਜਿਸ ਨੂੰ ਪੰਜਾਬੀ ਪੱਤਰਕਾਰੀ ਅਤੇ ਪੰਜਾਬੀ ਚਿੰਤਨ ਨਾਲ਼ ਜੁੜੀ ਜਾਣੀ-ਪਛਾਣੀ ਸ਼ਖ਼ਸੀਅਤ ਗੁਰਮੀਤ ਸਿੰਘ ਕੋਟਕਪੂਰਾ ਨੇ ਲੈਪਟਾਪ ਦਾ ਬਟਨ ਕਲਿੱਕ ਕਰਕੇ ਲੋਕ-ਅਰਪਿਤ ਕੀਤਾ। ਇਸ ਪੁਸਤਕ ਦੇ ਆਨਲਾਈਨ ਐਡੀਸ਼ਨ ਦੇ ਸੰਪਾਦਨ ਅਤੇ ਪ੍ਰਕਾਸ਼ਨ ਲਈ ਵਿਸ਼ੇਸ਼ ਭੂਮਿਕਾ ਡਾ. ਪਰਮਿੰਦਰ ਸਿੰਘ ਤੱਗੜ ਅਤੇ ਪਵਨ ਗੁਲਾਟੀ ਵੱਲੋਂ ਨਿਭਾਈ ਗਈ । ਇਸ ਆਨਲਾਈਨ ਐਡੀਸ਼ਨ ਦੀ ਲੋਕ-ਅਰਪਣਾ ਮੌਕੇ ਸਰਦਾਰਨੀ ਨਿਰੰਜਨ ਕੌਰ ਮੋਹੀ, ਪ੍ਰਸ਼ੋਤਮ ਬੇਤਾਬ, ਡਾ. ਨਰਾਇਣ ਸਿੰਘ ਮੰਗੇੜਾ, ਬਲਵੰਤ ਗਰਗ, ਰਾਜਿੰਦਰ ਜੱਸਲ, ਅਤੇ ਮੁਨੀਸ਼ ਕੁਮਾਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਹ ਪੁਸਤਕ ਪੰਜਾਬੀ ਦੇ ਸੁਪ੍ਰਸਿਧ ਜੁਝਾਰਵਾਦੀ ਕਵੀ ਅਵਤਾਰ ‘ਪਾਸ਼’ ਦੀਆਂ ਚੋਣਵੀਆਂ 81 ਨਜ਼ਮਾਂ ਦੇ ਅੰਗਰੇਜ਼ੀ ਅਨੁਵਾਦ ਦੇ ਅਧਾਰਤ ਹੈ ਜਿਸ ਦਾ ਪਲੇਠਾ ਆਡੀਸ਼ਨ 1992 ਵਿਚ ਪ੍ਰਕਾਸ਼ਿਤ ਹੋਇਆ ਸੀ। ਅਜੋਕੇ ਅਤਿ-ਆਧੁਨਿਕ ਦੌਰ ਦੇ ਬਿਜਲਈ ਤੌਰ ਤਰੀਕਿਆਂ ਦੀ ਮੱਦਦ ਨਾਲ਼ ਦੁਨੀਆਂ ਭਰ ਵਿਚ ਬੈਠੇ ਪਾਸ਼ ਪ੍ਰਸ਼ੰਸਕਾਂ ਤੱਕ ‘ਪਾਸ਼ ਕਾਵਿ’ ਪਹੁੰਚਾਉਣ ਦੇ ਮੱਦੇ ਨਜ਼ਰ ਮਿੱਤਰ ਪਿਆਰਿਆਂ ਦੀ ਸਲਾਹ ’ਤੇ ਅਮਲ ਕਰਦਿਆਂ ਸ਼ਾਇਰ ਮੋਹੀ ਵੱਲੋਂ ਇਸ ਪੁਸਤਕ ਦਾ ਆਨਲਾਈਨ ਐਡੀਸ਼ਨ ਸਾਹਿਤ ਪ੍ਰੇਮੀਆਂ ਦੀ ਨਜ਼ਰ ਕੀਤਾ ਗਿਆ ਹੈ। ਪਾਸ਼ ਦੀਆਂ ਪੰਜਾਬੀ ਤੋਂ ਅੰਗਰੇਜ਼ੀ ਵਿਚ ਅਨੁਵਾਦਤ ਇਹਨਾਂ ਨਜ਼ਮਾਂ ਨੂੰ  ਹਰੀਸਿੰਘਮੋਹੀ.ਬਲਾਗਸਪਾਟ.ਕਾਮ ’ਤੇ ਜਾ ਕੇ ਮਾਣਿਆ ਜਾ ਸਕਦਾ ਹੈ।
ਤਸਵੀਰ ਵਿਚ: ਕੋਟਕਪੂਰਾ ਵਿਖੇ ‘ਪਾਸ਼ ਐਨ ਐਂਥਾਲੋਜੀ’ ਪੁਸਤਕ ਦੇ ਆਨਲਾਈਨ ਐਡੀਸ਼ਨ ਨੂੰ ਲੋਕ ਅਰਪਿਤ ਕਰਦੇ ਹੋਏ ਗੁਰਮੀਤ ਸਿੰਘ, ਨਾਲ਼ ਹਨ-ਹਰੀ ਸਿੰਘ ਮੋਹੀ, ਨਿਰੰਜਣ ਕੌਰ, ਡਾ. ਪਰਮਿੰਦਰ ਤੱਗੜ, ਪਵਨ ਗੁਲਾਟੀ, ਬਲਵੰਤ ਗਰਗ, ਨਰਾਇਣ ਸਿੰਘ ਮੰਗੇੜਾ, ਰਾਜਿੰਦਰ ਜੱਸਲ ਅਤੇ ਪ੍ਰਸ਼ੋਤਮ ਬੇਤਾਬ।

Paash An Anthology


Saturday, January 16, 2010

Dr Surjit Patar Ru-B-Ru

ਅਜ਼ੀਮ ਸ਼ਾਇਰ ਸੁਰਜੀਤ ਪਾਤਰ ਹੋਏ ਸਿਖਿਆਰਥੀਆਂ ਦੇ ਰੂ-ਬ-ਰੂ


ਆਧੁਨਿਕ ਪੰਜਾਬੀ ਅਦਬ ਦੇ ਅਜ਼ੀਮ ਸ਼ਾਇਰ ਡਾ.ਸੁਰਜੀਤ ਪਾਤਰ ਹੰਸ ਰਾਜ ਕਾਲਜ ਆਫ਼ ਐਜੂਕੇਸ਼ਨ ਬਾਜਾਖਾਨਾ ਦੇ ਬੀ ਐਡ ਸਿਖਿਆਰਥੀਆਂ ਦੇ ਰੂ-ਬ-ਰੂ ਹੋਏ। ਕਾਲਜ ਦੇ ਸੈਮੀਨਾਰ ਹਾਲ ਵਿਚ ਰਚਾਏ ਇਸ ਸਾਹਿਤਕ ਸਮਾਗਮ ਵਿਚ ਮੁੱਖ ਮਹਿਮਾਨ ਤੋਂ ਇਲਾਵਾ ਵਿਸ਼ੇਸ਼ ਮਹਿਮਾਨਾਂ ਵਜੋਂ ਪੱਤਰਕਾਰ ਗੁਰਮੀਤ ਸਿੰਘ ਕੋਟਕਪੂਰਾ, ਸ਼ਾਇਰ ਹਰੀ ਸਿੰਘ ਮੋਹੀ, ਅਮਰਜੀਤ ਸਿੰਘ ਉਪ ਜ਼ਿਲਾ ਸਿਖਿਆ ਅਫ਼ਸਰ ਫ਼ਰੀਦਕੋਟ, ਜਗਜੀਤ ਸਿੰਘ ਚਾਹਲ ਸਹਾਇਕ ਨਿਰਦੇਸ਼ਕ ਯੁਵਕ ਸੇਵਾਵਾਂ ਫ਼ਰੀਦਕੋਟ ਸ਼ਾਮਲ ਸਨ। ਖ਼ੂਬਸੂਰਤ ਅੰਦਾਜ਼ ਵਿਚ ਮੰਚ ਸੰਚਾਲਨ ਕਰਦਿਆਂ ਡਾ. ਪਰਮਿੰਦਰ ਸਿੰਘ ਤੱਗੜ ਨੇ ਇਸ ਸਮਾਗਮ ਦੇ ਪਹਿਲੇ ਸੈਸ਼ਨ ਦਾ ਆਗ਼ਾਜ਼ ਲਖਵੀਰ ਸਿੰਘ ਦੁਆਰਾ ਸ਼ਾਇਰ ਪਾਤਰ ਦੀ ਖ਼ੂਬਸੂਰਤ ਗ਼ਜ਼ਲ ‘ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ’ਦੇ ਗਾਇਨ ਨਾਲ਼ ਕਰਵਾਇਆ। ਸੁਪ੍ਰਸਿਧ ਪੱਤਰਕਾਰ ਗੁਰਮੀਤ ਸਿੰਘ ਨੇ ਮੁੱਖ ਮਹਿਮਾਨ ਅਤੇ ਆਏ ਪਤਵੰਤਿਆਂ ਦਾ ਹਾਰਦਿਕ ਅਭਿਨੰਦਨ ਕੀਤਾ। ੳਹਨਾਂ ਕਿਹਾ ਕਿ ਕਾਲਜ ਦੇ ਸਿਖਿਆਰਥੀਆਂ ਨਾਲ਼ ਸ਼ਾਇਰ ਸੁਰਜੀਤ ਪਾਤਰ ਦਾ ਇਹ ਸਾਖਿਆਤਕਾਰ ਸਿਖਿਆਰਥੀਆਂ ਦੀ ਸ਼ਖ਼ਸੀਅਤ ਉਸਾਰੀ ਅਤੇ ਸਾਹਿਤ ਪ੍ਰਤੀ ਲਗਾਅ ਵਿਚ ਹੋਰ ਵਾਧਾ ਕਰੇਗਾ ਇਸ ਸੁਭਾਗੇ ਸਮਾਗਮ ਦੌਰਾਨ ਸ਼ਾਇਰ ਸੁਰਜੀਤ ਪਾਤਰ ਨੇ ਸਿਖਿਆਰਥੀਆਂ ਦੇ ਰੂ-ਬ’-ਰੂ ਹੁੰਦਿਆਂ ਆਪਣੀ ਸ਼ਾਇਰੀ ਦੀ ਸਿਰਜਣਾ ਨਾਲ਼ ਜੁੜੇ ਅਹਿਮ ਪਹਿਲੂ ਸਾਂਝੇ ਕੀਤੇ। ਉਹਨਾਂ ਕਿਹਾ ਕਿ ਉਹਨਾਂ ਨੂੰ ਵਿਰਸੇ ਵਿਚ ਸੰਗੀਤਕ ਮਾਹੌਲ ਮਿਲਿਆ ਕਿਉਂਕਿ ਪਿਤਾ ਜੀ ਗੁਰਬਾਣੀ ਕੀਰਤਨ ਵਿਚ ਰੁਚੀ ਰੱਖਦੇ ਸਨ ਅਤੇ ਵਧੀਆ ਕੀਰਤਨੀਏ ਸਨ ਇਸ ਕਰਕੇ ਉਹ ਜ਼ਿੰਦਗੀ ਦੇ ਮੁਢਲੇ ਪੜਾਅ ਵਿਚ ਸੰਗੀਤਕਾਰ ਬਨਣ ਦੇ ਇਛੁਕ ਸਨ ਅਤੇ ਜਾਂ ਫ਼ਿਰ ਸ਼ਾਇਰ। ਇਕ ਪੁਖ਼ਤਾ ਸੰਗੀਤਕਾਰ ਭਾਵੇਂ ਉਹ ਨਹੀਂ ਬਣ ਸਕੇ ਪਰ ਸ਼ਾਇਰ ਜ਼ਰੂਰ ਬਣ ਗਏ। ਸਿਖਿਆਰਥੀਆਂ ਨਾਲ਼ ਸਾਹਿਤਕ ਗੱਲਾਂ ਸਾਂਝੀਆਂ ਕਰਨ ਸਮੇਂ ਨਾਲ਼ੋ ਨਾਲ਼ ਆਪਣੀਆਂ ਚੋਣਵੀਆਂ ਰਚਨਾਵਾਂ ਬਾ-ਤਰੱਨੁਮ ਸਾਂਝੀਆਂ ਕਰਦੇ ਗਏ ਅਤੇ ਉਹਨਾਂ ਰਚਨਾਵਾਂ ਦੀ ਸਿਰਜਣਾ ਨਾਲ਼ ਜੁੜੀਆਂ ਯਾਦਾਂ ਦਾ ਸਿਮਰਨ ਵੀ ਕਰਦੇ ਗਏ। ਉਹਨਾਂ ਸੰਸਥਾ ਦੁਆਰਾ ਰਚਾਏ ਸਾਹਿਤਕ ਸਮਾਗਮ ’ਤੇ ਸੰਤੁਸ਼ਟੀ ਅਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ। ਉਹਨਾਂ ਕਿਹਾ ਕਿ ਅਜਿਹੇ ਸਮਾਗਮ ਜਿੱਥੇ ਵਿਦਿਆਰਥੀਆਂ ਨੂੰ ਸਾਹਿਤ ਨਾਲ਼ ਜੋੜਨ ਦਾ ਜ਼ਰੀਆ ਬਣਦੇ ਹਨ ਉਥੇ ਸਾਹਿਤਕਾਰਾਂ ਲਈ ਵੀ ਮਾਣ ਦਾ ਸਬੱਬ ਬਣਦੇ ਨੇ।


ਸਮਾਗਮ ਦੇ ਦੂਜੇ ਦੌਰ ਦੀ ਸ਼ੁਰੂਆਤ ਕਰਮਜੀਤ ਕੌਰ ਲੈਕਚਰਰ ਅਤੇ ਜਗਜੀਤ ਸਿੰਘ ਦੁਆਰਾ ਪੇਸ਼ ਗਾਇਨ ਵੰਨਗੀਆਂ ਨਾਲ਼ ਹੋਈ। ਉਪਰੰਤ ਸ਼ਾਇਰ ਪਾਤਰ ਫ਼ਿਰ ਤੋਂ ਸਿਖਿਆਰਥੀਆਂ ਦੇ ਰੂ-ਬ-ਰੂ ਹੋਏ। ਸਿਖਿਆਰਥੀਆਂ ਦੁਆਰਾ ਤੋਰੀ ਜਾਣ ਵਾਲੀ ਸਾਹਿਤਕ ਗੱਲਬਾਤ ਤੋਂ ਪਹਿਲਾਂ ਸਰੋਤਿਆਂ ਦੀ ਫ਼ਰਮਾਇਸ਼ ’ਤੇ ‘ਖ਼ੂਬ ਨੇ ਇਹ ਝਾਂਜਰਾਂ ਛਣਕਣ ਲਈ’ਬਾਤਰੱਨੁਮ ਪੇਸ਼ ਕੀਤੀ। ਪਾਤਰ ਦੁਆਰਾ ਹਿੰਦ ਪਾਕ ਰਿਸ਼ਤਿਆਂ ਦੀ ਤਰਜ਼ਮਾਨੀ ਤਹਿਤ ਭਾਰਤ-ਪਾਕ ਖੇਡਾਂ ਸਮੇਂ ਸਭਿਆਚਾਰ ਸਮਾਗਮ ’ਚ ਪੇਸ਼ ਕੀਤੇ ਗੀਤ ਨੂੰ ਸੁਣਕੇ ਸਰੋਤੇ ਮੰਤਰ ਮੁਗ਼ਧ ਹੋ ਗਏ। ਜਿਸ ਦੇ ਬੋਲ ਸਨ-


ਕਹੇ ਸਤਲੁਜ ਦਾ ਪਾਣੀ ਆਖ਼ੇ ਬਿਆਸ ਦੀ ਰਵਾਨੀ


ਸਾਡਾ ਜਿਹਲਮ ਚਨਾਬ ਨੂੰ ਸਲਾਮ ਆਖਣਾ


ਅਸੀਂ ਮੰਗਦੇ ਹਾਂ ਖ਼ੈਰਾਂ ਸੁਬਾਹ ਸ਼ਾਮ ਆਖਣਾ


ਜੀ ਸਲਾਮ ਆਖਣਾ-ਜੀ ਸਲਾਮ ਆਖਣਾ


ਸਿਖਿਆਰਥੀਆਂ ਨੇ ਆਪਣੇ ਪਿਆਰੇ ਸ਼ਾਇਰ ਨੂੰ ਧੁਰ ਅੰਦਰੋਂ ਜਾਨਣ ਦੀ ਇੱਛਾ ਨਾਲ਼ ਸੁਆਲ-ਜੁਆਬ ਸ਼ੈਲੀ ਵਿਚ ਗੱਲਬਾਤ ਨੂੰ ਅੱਗੇ ਤੋਰਿਆ। ਜਿਸ ਤਹਿਤ ਅਨੇਕਾਂ ਸੁਆਲ ਪਾਤਰ ਸਾਹਬ ਨੂੰ ਕੀਤੇ ਗਏ ਅਤੇ ਜਿਹਨਾਂ ਦੇ ਬੜੇ ਸਹਿਜ ਤਰੀਕੇ ਨਾਲ਼ ਉਹਨਾਂ ਵੱਲੋਂ ਦਿੱਤੇ ਜਵਾਬ ਜਿੱਥੇ ਮਾਹੌਲ ਨੂੰ ਸਾਹਿਤਕਤਾ ਬਖ਼ਸ਼ਦੇ ਰਹੇ ਉਥੇ ਸ਼ਾਇਰ ਦੀ ਅੰਤਰੀਵ ਆਤਮਾ ਦੀ ਨਿਸ਼ਾਨਦੇਹੀ ਵੀ ਕਰਦੇ ਰਹੇ। ਨਾਲ਼ੋ ਨਾਲ਼ ‘ਆਇਆ ਨੰਦ ਕਿਸ਼ੋਰ’ ਵਰਗੀਆਂ ਕਈ ਹੋਰ ਚਰਚਿਤ ਰਚਨਾਵਾਂ ਵੀ ਸਾਂਝੀਆਂ ਹੁੰਦੀਆਂ ਗਈਆਂ। ‘ਜਗਾ ਦੇ ਮੋਮਬੱਤੀਆਂ’ਦੀ ਪੇਸ਼ਕਾਰੀ ਨਾਲ਼ ਪਾਤਰ ਸਾਹਬ ਨੇ ਸਿਖਿਆਰਥੀਆਂ ਨਾਲ਼ ਆਪਣੀ ਗੱਲਬਾਤ ਨੂੰ ਆਸ਼ਾਵਾਦੀ ਵਿਰਾਮ ਦਿੱਤਾ। ਸੰਸਥਾ ਦੇ ਚੇਅਰਮੈਨ ਦਰਸ਼ਨਪਾਲ ਸ਼ਰਮਾ ਅਤੇ ਵਿਸ਼ੇਸ਼ ਮਹਿਮਾਨਾਂ ਨੇ ਸੰਸਥਾ ਵੱਲੋਂ ਸੁਰਜੀਤ ਪਾਤਰ ਨੂੰ ਸ਼ਾਲ ਅਤੇ ਯਾਦ ਨਿਸ਼ਾਨੀ ਰਾਹੀਂ ਸਨਮਾਨ ਦਿੱਤਾ। ਧੰਨਵਾਦ ਦੀ ਰਸਮ ਪ੍ਰਿੰ. ਮੱਖਣ ਲਾਲ ਗੋਇਲ ਨੇ ਨਿਭਾਈ।


ਇਸ ਖ਼ੂਬਸੂਰਤ ਰੂ-ਬ-ਰੂ ਸਮਾਗਮ ਵਿਚ ਸਿਖਿਆਰਥੀਆਂ ਸਣੇ ਹੰਸ ਰਾਜ ਵਿਦਿਅਕ ਸੰਸਥਾਵਾਂ ਦਾ ਸਮੁੱਚੇ ਸਟਾਫ਼ ਤੋਂ ਇਲਾਵਾ ਪ੍ਰੋ.ਰਾਜਪਾਲ ਸਿੰਘ ਸੋਹੀ, ਪ੍ਰੋ.ਰੋਸ਼ਨ ਲਾਲ,ਪੰਜਾਬੀ ਯੂਨੀਵਰਸਿਟੀ ਤੋਂ ਪ੍ਰੋ.(ਡਾ.)ਅਮਨਦੀਪਸਿੰਘ,ਪਵਨ ਗੁਲਾਟੀ, ਅਮਰਜੀਤ ਢਿੱਲੋਂ, ਜਸਬੀਰ ਜੱਸੀ ਜ਼ਿਲਾ ਗਾਈਡੈਂਸ ਕਾਊਂਸਲਰ, ਅੰਗਰੇਜ ਸਿੰਘ, ਰਾਜਿੰਦਰ ਸਿੰਘ, ਲਖਵਿੰਦਰ ਸਿੰਘ, ਦਵਿੰਦਰ ਸ਼ਰਮਾ ਅਰਸ਼ੀ, ਚਰਨਜੀਵਸ਼ਰਮਾ,ਗੁਰਨਾਮਸਿੰਘ,ਚਿੱਤਰਕਾਰਪ੍ਰੀਤਭਗਵਾਨ,ਖੁਸ਼ਵੰਤਬਰਗਾੜੀ,ਬਲਦੇਵ ਬੰਬੀਹਾ ਅਤੇ ਜੀਵਨ ਗਰਗ ਵੀ ਸ਼ਾਮਲ ਸਨ। ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।


-ਡਾ. ਪਰਮਿੰਦਰ ਸਿੰਘ ਤੱਗੜ



98722-03142