Thursday, December 10, 2009

Ludhiana Kaand 5 december 2009

ਕੀ ਸੁਨੇਹਾ ਦੇਣਾ ਚਾਹੁੰਦੇ ਹਨ ਚੁਣੇ ਹੋਏ ਜਨਤਾ ਦੇ ਨੁਮਾਇੰਦੇ !!!!!!!!


ਅੰਮ੍ਰਿਤ ਪ ਸ

ਪੰਜਾਬ ਦੀ ਵਿਧਾਨ ਸਭਾ ’ਚ ਜੋ ਕੁਝ ਵਾਪਰਿਆ ਹੈ ਉਹ ਕਿਸੇ ਤੋਂ ਗੁੱਝਾ ਨਹੀਂ ਰਿਹਾ। ਦਰਅਸਲ ਸਾਡੇ ਰਾਜਸੀ ਆਗੂ ਫੋਕੀ ਸ਼ੋਹਰਤ ਖੱਟਣ ਵਿਚ ਵਿਸ਼ਵਾਸ ਬਹੁਤ ਪਰਗਟ ਕਰਨ ਲੱਗ ਪਏ ਹਨ। ਬੇਸ਼ਕ ਇਹ ਕੁਝ ਪਹਿਲਾਂ ਵੀ ਦੋ-ਤਿੰਨ ਵਾਰ ਪੰਜਾਬ ਦੀ ਵਿਧਾਨ ਸਭਾ ਵਿਚ ਵਾਪਰ ਚੁੱਕਾ ਹੈ। ਪਰ ਅਸੀਂ ਕਿਉਂ ਅਜਿਹੀਆਂ ਗ਼ਲਤੀਆਂ ਬਾਰ-ਬਾਰ ਦੁਹਰਾਉਂਦੇ ਹਾਂ। ਮਹਾਂਰਾਸ਼ਟਰ ਵਿਚ ਵੀ ਕਥਿਤ ਭਾਸ਼ਾ ਦੀ ਆੜ ਵਿਚ ਇਕ ਰਾਜਸੀ ਧਿਰ ਵੱਲੋਂ ਉਥੋਂ ਦੀ ਵਿਧਾਨ ਸਭਾ ਵਿਚ ਹੰਗਾਮਾ ਕੀਤਾ ਸੀ। ਕੀ ਉਸ ਨੂੰ ਮਹਾਂਰਾਸ਼ਟਰ ਦੀ ਜਨਤਾ ਜਾਂ ਬਾਕੀ ਦੇਸ਼ ਦੀ ਜਨਤਾ ਨੇ ਸਲਾਹਿਆ ਸੀ !!! ਹਰਗ਼ਿਜ਼ ਨਹੀਂ। ਅਜੋਕੇ ਸਮੇਂ ਦੀ ਜਨਤਾ ਸਭ ਕੁਝ ਸਮਝਦੀ ਹੈ। ਅੱਜ ਦੇ ਹਾਈ ਤਕਨਾਲੋਜੀ ਦੇ ਦੌਰ ਵਿਚ ਲੋਕ ਕੇਵਲ ਪਰੈੱਸ ਉਪਰ ਹੀ ਟੇਕ ਨਹੀਂ ਰੱਖਦੇ ਸਗੋਂ ਜਾਣਕਾਰੀ ਦੇ ਅਤਿ ਆਧੁਨਿਕ ਸਾਧਨਾਂ ਦਾ ਇਸਤੇਮਾਲ ਕਰਨਾ ਬਾਖ਼ੂਬੀ ਜਾਣ ਗਏ ਹਨ। ਛਪੇ ਹੋਏ ਅਖ਼ਬਾਰ ਭਾਵੇਂ ਆਪਣੀਆਂ ਪਾਲਸੀਆਂ ਅਨੁਸਾਰ ਕੁਝ ਵੀ ਕਹੀ ਜਾਣ ਪਰ ਇੰਟਰ ਨੈੱਟ ਦੇ ਦੌਰ ਵਿਚ ਬੁੱਕਲ਼ ਵਿਚ ਗੁੜ ਭੰਨਣਾ ਬਹੁਤ ਔਖਾ ਹੈ। ਲੁਧਿਆਣੇ 5 ਦਸੰਬਰ ਨੂੰ ਜੋ ਕੁਝ ਵਾਪਰਿਆ ਉਸਨੂੰ ਕਿਵੇਂ ਪੇਸ਼ ਕਰਨਾ ਹੈ ਅਜੇ ਰਾਜਸੀ ਲੋਕ ਸੋਚ ਹੀ ਰਹੇ ਹੋਣਗੇ ਜਦ ਕਿ ਲੋਕਾਂ ਨੇ ਸਾਰੀ ਅਸਲੀਅਤ ਉਸ ਵਿਅਕਤੀ ਵਿਸ਼ੇਸ਼ ਦੁਆਰਾ ਬਣਾਈ ਵੀਡੀਓ ਰਾਹੀਂ ਵੇਖ ਲਈ ਸੀ ਜਿਸ ਨੂੰ ਇਕ ਚਰਚਿਤ ਵੈਬਸਾਈਟ ’ਤੇ ਅਪਲੋਡ ਕਰ ਦਿੱਤਾ ਅਤੇ ਦੇਖੇ ਜਾ ਰਹੇ ਇਸ ਇੰਟਰਨੈੱਟ ਅਖ਼ਬਾਰ ਨੇ ਵਿਸ਼ੇਸ਼ ਤੌਰ ’ਤੇ ‘ਲਿੰਕ’ ਦੇ ਕੇ ਆਪਣੀ ਬੇਖ਼ੌਫ਼ਤਾ ਦਾ ਸਬੂਤ ਦੇ ਦਿੱਤਾ ਸੀ ਕਿ ਕਿਸ ਪ੍ਰਕਾਰ ਦਾ ਸਲੂਕ ਪੰਥਕ ਜਥੇਬੰਦੀਆਂ ਦੇ ਜੁਜਾਰੂਆਂ ਨਾਲ ਹੋਇਆ। ਜੋ ਕਿ ਪੰਜਾਬ ਦੀ ਫ਼ਿਜ਼ਾ ਨੂੰ ਭੰਬਲਭੂਸਿਆਂ ਨਾਲ ਗੰਧਲਾ ਕਰਨਾ ਚਾਹੁੰਦੇ ਇਕ ਕਥਿਤ ਮਹਾਰਾਜ ਦੇ ਸਮਾਗਮ ਦਾ ਵਿਰੋਧ ਕਰ ਰਹੇ ਸਨ। ਹੁਣ ਜੋ ਇਹ ਬਿਆਨ ਆ ਰਹੇ ਹਨ ਕਿ ਅੱਗੇ ਤੋਂ ਅਜਿਹਾ ਕੋਈ ਸਮਾਗਮ ਨਹੀਂ ਹੋਣ ਦਿੱਤਾ ਜਾਵੇਗਾ ਜਿਸ ਨਾਲ ਅਜਿਹੀ ਅਣਸੁਖਾਂਵੀਂ ਸਥਿਤੀ ਪੈਦਾ ਹੋਵੇ। ਜਦ ਦਿਸ ਰਿਹਾ ਸੀ ਕਿ ਅਜਿਹੀਆਂ ਘਟਨਾਵਾਂ ਵਾਪਰ ਸਕਦੀਆਂ ਹਨ ਤਾਂ ਇਜਾਜ਼ਤ ਹੀ ਕਿਉਂ ਦਿੱਤੀ ਜਾਂਦੀ ਹੈ ਅਜਿਹੇ ਸਮਾਗਮ ਕਰਵਾਉਣ ਦੀ। ਪਰ ਨਹੀਂ ਅਜਿਹਾ ਹੁੰਦਾ ਨਹੀਂ ਕਿਉਂਕਿ ਵੋਟ ਬੈਂਕ ਦਾ ਫ਼ਿਕਰ ਮਨੁੱਖਤਾ ਦੀ ਜਾਨ-ਮਾਲ ਨਾਲੋਂ ਵਧੇਰੇ ਜ਼ਰੂਰੀ ਹੋ ਜਾਂਦਾ ਹੈ। ਫ਼ਿਰ ਉਸ ਤੋਂ ਅੱਗੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਰਵੱਈਆ ਦੇਖ ਕੇ ਇੰਜ ਲੱਗਦਾ ਜਿਵੇਂ ਅਮਨ ਸ਼ਾਂਤੀ ਦਾ ਫ਼ਿਕਰ ਕੇਵਲ ਉਹਨਾਂ ਨੂੰ ਹੀ ਰਹਿ ਗਿਆ ਹੋਵੇ। ਅਮਨ ਸ਼ਾਂਤੀ ਦੇ ਨਾਂ ’ਤੇ ਸਾਰੀਆਂ ਮਰਿਆਦਾਵਾਂ ਭੰਗ ਕਰਕੇ ਵਿਧਾਨ ਸਭਾ ਦੀ ਪਵਿੱਤਰਤਾ ਨੂੰ ਠੇਸ ਪਹੁੰਚਾਉਣਾ ਕਿੱਧਰ ਦਾ ਸ਼ਾਂਤੀ ਪਾਠ ਹੈ ਇਹ ਲੋਕਾਂ ਨੂੰ ਭਲੀ ਭਾਂਤ ਪਤਾ ਹੈ। ਲੋੜ ਹੈ ਸੰਭਲਣ ਦੀ ਕਿਉਂਕਿ ਜਨਤਾ ਔਖੀ ਬਹੁਤ ਹੈ ਇਸ ਦਾ ਸਬਰ ਪਰਖਣ ਦੀਆਂ ਕਾਰਵਾਈਆਂ ਤੋਂ ਗ਼ੁਰੇਜ਼ ਕੀਤਾ ਜਾਵੇ।

Monday, December 7, 2009

sanman smagam kulwant singh Chaani



ਯਾਦਗਾਰੀ ਹੋ ਨਿਬੜਿਆ ਕੁਲਵੰਤ ਸਿੰਘ ਚਾਨੀ ਦਾ ਸਨਮਾਨ ਸਮਾਰੋਹ



ਅਧਿਆਪਕ ਆਗੂਆਂ ਨੇ ਪੰਜਾਬੀ ਭਾਸ਼ਾ ਨੂੰ ਪ੍ਰਫ਼ੁੱਲਤ ਕਰਨ ਦਾ ਦਿੱਤਾ ਹੋਕਾ

ਕੋਟਕਪੂਰਾ (ਅੰਮ੍ਰਿਤ ਪ ਸ)

- ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫ਼ੈਡਰੇਸ਼ਨ ਦੇ ਜ਼ਿਲਾ ਪ੍ਰਧਾਨ ਅਤੇ ਗੌਰਮਿੰਟ ਸਕੂਲ ਟੀਚਰ ਯੂਨੀਅਨ ਪੰਜਾਬ ਦੇ ਸਹਿ ਸਕੱਤਰ ਕੁਲਵੰਤ ਸਿੰਘ ਚਾਨੀ (ਵੋਕੇ: ਟੀਚਰ) ਨੂੰ ਸਿਖਿਆ ਮਹਿਕਮੇ ਵਿਚ 34 ਸਾਲ ਦੀ ਸਮੁੱਚੀ ਸ਼ਾਨਦਾਰ ਸੇਵਾ ਕੋਟਕਪੂਰੇ ਦੇ ਡਾ.ਹਰੀ ਸਿੰਘ ਸੇਵਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਹੀ ਪੂਰੀ ਕਰਕੇ ਸੇਵਾ ਮੁਕਤ ਹੋਣ ’ਤੇ ਜਿੱਥੇ ਸਕੂਲ ਵੱਲੋਂ ਵਿਦਾਇਗੀ ਰਸਮਾਂ ਰਾਹੀਂ ਸਤਿਕਾਰ ਦਿੱਤਾ ਗਿਆ ਉਥੇ ਪੰ.ਸ.ਸ.ਫ ਅਤੇ ਗੌਰਮਿੰਟ ਸਕੂਲ ਟੀਚਰ ਯੂਨੀਅਨ ਪੰਜਾਬ ਵੱਲੋਂ ਵਿਸ਼ੇਸ਼ ਸਨਮਾਨ ਸਮਾਰੋਹ ਸਥਾਨਕ ਅਰੋੜ ਬੰਸ ਧਰਮਸ਼ਾਲਾ ਵਿਖੇ ਕੀਤਾ ਗਿਆ। ਜਿਸ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਪੰਜਾਬ ਸੂਬਾਰਡੀਨੇਟ ਸਰਵਿਸਿਜ਼ ਫ਼ੈਡਰੇਸ਼ਨ ਨਾਲ ਸਬੰਧਤ ਜਥੇਬੰਦੀਆਂ ਅਤੇ ਗੌਰਮਿੰਟ ਸਕੂਲ ਟੀਚਰ ਯੂਨੀਅਨ ਦੇ ਆਗੂ, ਅਧਿਆਪਕ,ਰਿਸ਼ਤੇਦਾਰ ਅਤੇ ਮਿੱਤਰ ਸ਼ਾਮਲ ਹੋਏ। ਮੰਚ ’ਤੇ ਸੰਗਠਿਤ ਪ੍ਰਧਾਨਗੀ ਮੰਡਲ ਵਿਚ ਕੁਲਵੰਤ ਸਿੰਘ ਚਾਨੀ ਤੋਂ ਇਲਾਵਾ ਉਹਨਾਂ ਦੀ ਸੁਪਤਨੀ ਮਨਜੀਤ ਕੌਰ, ਗੌਰਮਿੰਟ ਸਕੂਲ ਟੀਚਰ ਯੂਨੀਅਨ ਦੇ ਸੂਬਾ ਪ੍ਰਧਾਨ ਭਜਨ ਸਿੰਘ ਤੂਰ, ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਦੇ ਜ਼ਿਲਾ ਪ੍ਰਧਾਨ ਅਤੇ ਮੁੱਖ ਜਥੇਬੰਦਕ ਸਕੱਤਰ ਪੰ.ਸ.ਸ.ਫ ਗੁਰਮੇਲ ਸਿੰਘ ਮੋਗਾ, ਪ੍ਰਿੰ. ਰੋਸ਼ਨ ਲਾਲ ਜੈਨ, ਜਸਵਿੰਦਰ ਸਿੰਘ ਢਿੱਲੋਂ, ਬਚਿੱਤਰ ਸਿੰਘ ਬਰਾੜ, ਜ਼ਿਲਾ ਪ੍ਰਧਾਨ ਗੌ. ਸ. ਟੀ. ਯੂ. ਅਸ਼ੋਕ ਕੌਸ਼ਲ, ਹਰਮਿੰਦਰ ਸਿੰਘ ਕੋਹਾਰਵਾਲਾ ਅਤੇ ਸੁਦਰਸ਼ਨ ਜੱਗਾ ਸ਼ਾਮਲ ਸਨ। ਭੇਂਟ ਕੀਤੇ ਗਏ ਸਨਮਾਨ ਪੱਤਰ ਨੂੰ ਪੜਨ ਦੀ ਰਸਮ ਰਾਜਗੁਰੂ ਸ਼ਰਮਾ ਨੇ ਅਦਾ ਕੀਤੀ। ਮੰਚ ਸੰਚਾਲਨ ਦੇ ਫ਼ਰਜ਼ ਬਾਖ਼ੂਬੀ ਨਿਭਾਉਂਦਿਆਂ ਗੌ. ਸ. ਟੀ. ਯੂ. ਦੇ ਜ਼ਿਲਾ ਜਨਰਲ ਸਕੱਤਰ ਪ੍ਰੇਮ ਚਾਵਲਾ ਦੁਆਰਾ ਪੇਸ਼ ਕਰਵਾਏ ਵਕਤਾਵਾਂ ਨੇ ਕੁਲਵੰਤ ਸਿੰਘ ਚਾਨੀ ਦੀ ਪ੍ਰੋੜ ਵਿਚਾਰਧਾਰਾ ਤੇ ਨਿਮਰ ਸੁਭਾਅ ਦੀ ਪ੍ਰਸ਼ੰਸਾ ਕਰਦਿਆਂ ਉਸ ਨੂੰ ਵਧੀਆ ਅਧਿਆਪਕ,ਸੰਘਰਸ਼ਸ਼ੀਲ ਆਗੂ,ਸਫ਼ਲ ਟੇਬਲ ਟੈਨਿਸ ਕੋਚ ਅਤੇ ਇਕ ਆਦਰਸ਼ ਸਕਾਊਟ ਮਾਸਟਰ ਵਜੋਂ ਮਾਨਤਾ ਦਿੱਤੀ ਅਤੇ ਉਸ ਦੁਆਰਾ ਇਹਨਾਂ ਖੇਤਰਾਂ ਵਿਚ ਬਾਖ਼ੂਬੀ ਨਿਭਾਈਆਂ ਸੇਵਾਵਾਂ ਤੇ ਸਫ਼ਲ ਪਰਵਾਰਕ ਜ਼ਿੰਮੇਵਾਰੀਆਂ ਦੀ ਸਿਫ਼ਤ ਕੀਤੀ। ਇਸ ਮੌਕੇ ਜੁੜੇ ਅਧਿਆਪਕ ਆਗੂਆਂ ਨੇ ਜਿੱਥੇ ਮੁਲਾਜ਼ਮ ਏਕੇ ਦੀ ਮਹੱਤਤਾ ਦੀ ਚਰਚਾ ਕੀਤੀ ਉਥੇ ਪੰਜਾਬੀ ਭਾਸ਼ਾ ਨੂੰ ਕਿਰਤੀ ਲੋਕਾਂ ਦੀ ਭਾਸ਼ਾ ਆਖ਼ਦਿਆਂ ਇਸ ਦੀ ਪ੍ਰਫ਼ੁਲਤਾ ਲਈ ਸਰਕਾਰਾਂ ’ਤੇ ਟੇਕਾਂ ਛੱਡ ਕੇ ਪੜੇ-ਲਿਖੇ ਵਰਗ ਨੂੰ ਸੁਹਿਰਦਤਾ ਨਾਲ਼ ਖ਼ੁਦ ਉਦਮ ਕਰਨ ਦਾ ਹੋਕਾ ਦਿੱਤਾ। ਇਹਨਾਂ ਵਕਤਾਵਾਂ ਵਿਚ ਸ਼ਾਮਲ ਸਨ- ਸਰਵ ਸ੍ਰੀ ਲਛਮਣ ਸਿੰਘ ਮਲੂਕਾ ਪ੍ਰਧਾਨ ਗੌ. ਸ. ਟੀ. ਯੂ. ਜ਼ਿਲਾ ਬਠਿੰਡਾ, ਰਾਜਿੰਦਰ ਸਿੰਘ ਸਰਾਂ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ, ਡਾ. ਪਰਮਿੰਦਰ ਸਿੰਘ ਤੱਗੜ ਸੰਚਾਰ ਸਕੱਤਰ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ, ਕੁਲਵਿੰਦਰ ਸਿੰਘ ਮੌੜ ਜ਼ਿਲਾ ਪ੍ਰਧਾਨ ਡੈਮੋਕਰੇਟਿਕ ਟੀਚਰਜ਼ ਫ਼ਰੰਟ ਅਤੇ ਹਰਬੰਸ ਲਾਲ ਸ਼ਰਮਾ। ਸਮਾਰੋਹ ਵਿਚ ਹੋਰਨਾਂ ਤੋਂ ਇਲਾਵਾ ਗੋਪਾਲ ਸਿੰਘ ਸੰਧੂ ਜ਼ਿਲਾ ਜਨਰਲ ਸਕੱਤਰ ਪੰ. ਸ. ਸ. ਫ , ਭੁਪਿੰਦਰ ਸਿੰਘ ਸੇਖੋਂ, ਅੰਗਰੇਜ਼ ਸਿੰਘ ਪ੍ਰਧਾਨ ਪੰ. ਸ. ਸ. ਫ ਮੁਕਤਸਰ, ਪ੍ਰਿੰ. ਸੰਪੂਰਨ ਸਿੰਘ, ਮਹਿੰਦਰ ਸਿੰਘ ਮਲੋਟ, ਗੁਰਚਰਨ ਸਿੰਘ ਮਾਨ, ਸੋਮ ਨਾਥ, ਪਰਮਪਾਲ ਸਿੰਘ, ਨੇਕ ਸਿੰਘ ਵੋਕੇ: ਕੋਅ:, ਰਾਜ ਧਾਲੀਵਾਲ, ਸੁਖਦੇਵ ਸਿੰਘ ਵੜਿੰਗ, ਅਜੀਤ ਸਿੰਘ ਪੱਤੋ ਬਰੀਵਾਲਾ, ਲਖਵੀਰ ਸਿੰਘ ਸਰਾਂ, ਪਰਮਜੀਤਪਾਲ ਸਿੰਘ, ਬਲਬੀਰ ਸਿੰਘ, ਪ੍ਰਤਾਪ ਸਿੰਘ ਅਤੇ ਅਮਰੀਕ ਸਿੰਘ ਸਿਵੀਆਂ ਵੀ ਸ਼ਾਮਲ ਸਨ। ਗਾਇਕ ਨਾਹਰ ਸਿੰਘ ਗਿੱਲ ਵੱਲੋਂ ਇਨਕਲਾਬੀ ਗੀਤਾਂ ਨਾਲ਼ ਹਾਜ਼ਰੀ ਲਵਾਈ ਗਈ। ਵੱਖ-ਵੱਖ ਜਥੇਬੰਦੀਆਂ ਵੱਲੋਂ ਅਤੇ ਵਿਅਕਤੀਗਤ ਤੌਰ ’ਤੇ ਕੁਲਵੰਤ ਸਿੰਘ ਚਾਨੀ ਨੂੰ ਯਾਦ ਨਿਸ਼ਾਨੀਆਂ ਭੇਂਟ ਕੀਤੀਆਂ ਗਈਆਂ।



"Rooh Da Rakas" Release Smagam


ਪਦਮ ਸ੍ਰੀ ਗੁਰਦਿਆਲ ਸਿੰਘ ਨੇ ਆਪਣੇ ਕਰ-ਕਮਲਾਂ ਨਾਲ਼ ਲੋਕ ਅਰਪਿਤ ਕੀਤਾ ਹਰੀ ਸਿੰਘ ਮੋਹੀ ਦਾ ਨਵ-ਪ੍ਰਕਾਸ਼ਿਤ ‘ਰੂਹ ਦਾ ਰਕਸ’ ਕਾਵਿ-ਸੰਗ੍ਰਿਹ


ਪਰਮਿੰਦਰ ਸਿੰਘ ਤੱਗੜ (ਡਾ.)

ਪੰਜਾਬੀ ਸ਼ਾਇਰੀ ਦੇ ਨਾਮਵਰ ਹਸਤਾਖ਼ਰ ਹਰੀ ਸਿੰਘ ਮੋਹੀ ਦਾ ਪੰਜਵਾਂ ਕਾਵਿ-ਸੰਗ੍ਰਿਹ ‘ਰੂਹ ਦਾ ਰਕਸ’ਗਿਆਨਪੀਠ ਪੁਰਸਕਾਰ ਜੇਤੂ ਨਾਵਲਕਾਰ ਪਦਮ ਸ੍ਰੀ ਗੁਰਦਿਆਲ ਸਿੰਘ ਨੇ ਹਰੀ ਸਿੰਘ ਮੋਹੀ ਦੇ ਪੈਂਹਠਵੇਂ ਜਨਮ ਦਿਨ ਦੇ ਮੌਕੇ ’ਤੇ ਇਕ ਬਹੁਤ ਹੀ ਸਾਦੇ ਪਰ ਅਤਿ ਪ੍ਰਸ਼ੰਸਾਯੋਗ ਸਮਾਗਮ ਦੌਰਾਨ ਉਸ ਦੇ ਗ੍ਰਹਿ ਵਿਖੇ ਜੁੜੇ ਅਤਿ ਨਜ਼ਦੀਕੀ ਪਰਿਵਾਰਕ ਮਿੱਤਰਾਂ ਦੀ ਹਾਜ਼ਰੀ ’ਚ ਲੋਕ-ਅਰਪਿਤ ਕੀਤਾ। ਇਸ ਮੌਕੇ ਗਠਿਤ ਪ੍ਰਧਾਨਗੀ ਮੰਡਲ ਵਿਚ ਪਦਮ ਸ੍ਰੀ ਗੁਰਦਿਆਲ ਸਿੰਘ ਤੋਂ ਇਲਾਵਾ ਪ੍ਰਸਿੱਧ ਆਲੋਚਕ ਪ੍ਰੋ. ਬ੍ਰਹਮ ਜਗਦੀਸ਼ ਸਿੰਘ, ਅਜੀਤ ਦੇ ਫ਼ਰੀਦਕੋਟ ਸਥਿਤ ਉਪ-ਦਫ਼ਤਰ ਦੇ ਮੁਖ਼ੀ ਗੁਰਮੀਤ ਸਿੰਘ, ਪ੍ਰੋ. ਲੋਕ ਨਾਥ ਅਤੇ ਸ਼ਾਇਰ ਹਰੀ ਸਿੰਘ ਮੋਹੀ ਸ਼ਾਮਲ ਸਨ। ਕਾਵਿ-ਸੰਗ੍ਰਿਹ ਦੇ ਲੋਕ-ਅਰਪਣ ਦੀ ਰਸਮ ਮੌਕੇ ਮੰਚ ਉਤੇ ਪ੍ਰਧਾਨਗੀ ਮੰਡਲ ਦੇ ਨਾਲ਼ ਮੋਹੀ ਦੀ ਸੁਪਤਨੀ ਨਿਰੰਜਣ ਕੌਰ ਅਤੇ ਡਾ.ਸੁਭਾਸ਼ ਪਰਿਹਾਰ ਵੀ ਸੁਸ਼ੋਭਿਤ ਸਨ। ਆਏ ਹੋਏ ਮਹਿਮਾਨਾਂ ਨੂੰ ਰਸਮੀ ਜੀ ਆਇਆਂ ਕਹਿੰਦਿਆਂ ਪੱਤਰਕਾਰ ਗੁਰਮੀਤ ਸਿੰਘ ਨੇ ਹਰੀ ਸਿੰਘ ਮੋਹੀ ਦੀ ਕਾਵਿ ਸਿਰਜਣ ਸਮਰਥਾ ਦੀ ਤਾਰੀਫ਼ ਕੀਤੀ ਅਤੇ ਉਸ ਦੇ ਨਵੇਂ ਕਾਵਿ-ਸੰਗ੍ਰਿਹ ਵਿਚੋਂ ਅੰਤਰ ਆਤਮਾ ਨੂੰ ਟੁੰਬਦੀਆਂ ਚੋਣਵੀਆਂ ਕਵਿਤਾਵਾਂ ਵੀ ਮਹਿਮਾਨਾਂ ਨਾਲ ਸਾਂਝੀਆਂ ਕੀਤੀਆਂ। ਸਮਾਗਮ ਦੇ ਮੁੱਖ ਮਹਿਮਾਨ ਨਾਵਲਕਾਰ ਗੁਰਦਿਆਲ ਸਿੰਘ ਨੇ ਕਾਵਿ-ਸੰਗ੍ਰਿਹ ਦੇ ਨਾਂ ਦੇ ਅਰਥਾਂ ਤੋਂ ਗੱਲ ਸ਼ੁਰੂ ਕਰਦਿਆਂ ਅਰਬੀ ਭਾਸ਼ਾ ਦੇ ਸ਼ਬਦ ‘ਰਕਸ’ ਦੇ ਬਹੁਅਰਥਾਂ ਦੀ ਚਰਚਾ ਕੀਤੀ ਤੇ ਇਸ ਕਾਵਿ-ਸੰਗ੍ਰਿਹ ਵਿਚਲੇ ‘ਰਕਸ’ ਦਾ ਭਾਵ ‘ਨਾਚ’ ਸਪੱਸ਼ਟ ਕੀਤਾ ਅਤੇ ਕਿਹਾ ਕਿ ਭਾਸ਼ਾ ਨੂੰ ਅਮੀਰੀ ਬਖ਼ਸ਼ਣ,ਲੋਕ ਮਨਾਂ ਦੇ ਅੰਤਰੀਵੀ ਭਾਵਾਂ ਨੂੰ ਪੇਸ਼ ਕਰਨ ਵਾਲੇ ਇਸ ਕਾਵਿ ਸੰਗ੍ਰਿਹ ਦਾ ਸੁਆਗਤ ਕਰਨਾ ਬਣਦਾ ਹੈ। ਲੋਕ ਅਰਪਣ ਸਮਾਗਮ ਨੂੰ ਗੋਸ਼ਟੀ ਦਾ ਰੁਖ਼ ਪ੍ਰਦਾਨ ਕਰਦਿਆਂ ਪ੍ਰੋ. ਬ੍ਰਹਮ ਜਗਦੀਸ਼ ਸਿੰਘ ਨੇ ਪਿੰਗਲ ਆਰੂਜ਼ ਦੇ ਪਹਿਲੂ ਤੋਂ ਹਰੀ ਸਿੰਘ ਮੋਹੀ ਦੀਆਂ ਪਹਿਲੀਆਂ ਚਾਰ ਕਾਵਿ ਪੁਸਤਕਾਂ ਦੀ ਤੁਲਨਾ ਵਿਚ ਇਸ ਕਾਵਿ ਸੰਗ੍ਰਿਹ ਨੂੰ ਮੁਕਤ ਛੰਦ ਵਿਚ ਲਿਖੀ ਕਵਿਤਾ ਆਖਦਿਆਂ ਇਸ ਵਿਚਲੀਆਂ ਬਹੁਤ ਸਾਰੀਆਂ ਕਵਿਤਾਵਾਂ ਆਪਣਾ ਕਾਵਿ ਸ਼ਾਸਤਰ ਖ਼ੁਦ ਬਿਆਨ ਕਰਦੀਆਂ ਹੋਣ ਦੀ ਪੁਸ਼ਟੀ ਕੀਤੀ। ਵਿਚਾਰ ਚਰਚਾ ਦੇ ਪ੍ਰਵਾਹ ਨੂੰ ਅੱਗੇ ਤੋਰਦਿਆਂ ਅਨੁਵਾਦਕ ਪਵਨ ਗੁਲਾਟੀ ਨੇ ਕਿਹਾ ਕਿ ਕਾਵਿ ਦੀਆਂ ਤਿੰਨੇ ਵੰਨਗੀਆਂ ਗ਼ਜ਼ਲ,ਗੀਤ ਅਤੇ ਕਵਿਤਾ ਨੂੰ ਹਰੀ ਸਿੰਘ ਮੋਹੀ ਨੇ ਆਪਣੇ ਤਿੰਨ ਬੱਚੇ ਸਮਝਿਆ ਤੇ ਪਿਆਰਿਆ ਹੈ। ਇਹਨਾਂ ਨੂੰ ਖ਼ੂਬਸੂਰਤੀ ਪ੍ਰਦਾਨ ਕਰਨ ਲਈ ਪੁਰਜ਼ੋਰ ਯਤਨਸ਼ੀਲ ਰਿਹਾ ਹੈ ਤੇ ਇਸ ਪੱਖ ਤੋਂ ਕਾਮਯਾਬ ਵੀ ਹੋਇਆ ਹੈ। ਕਾਲਮ ਨਵੀਸ ਗੁਰਦੀਪ ਸਿੰਘ ਢੁੱਡੀ ਨੇ ਕਵਿਤਾ ਨੂੰ ਤੀਜਾ ਨੇਤਰ ਬਿਆਨ ਕਰਦਿਆਂ ਮੋਹੀ ਦੀਆਂ ਬਹੁਤ ਸਾਰੀਆਂ ਰਚਨਾਵਾਂ ਵਿਚ ਸਮਾਜਿਕ ਚੇਤਨਾ ਦੇ ਪ੍ਰਗਟਾਵੇ ਦੀ ਪਛਾਣ ਕਰਵਾਈ। ਸਾਹਿਤਕ ਹਲਕਿਆਂ ਦੀ ਜਾਣੀ-ਪਛਾਣੀ ਹਸਤੀ ਪ੍ਰੋ. ਲੋਕ ਨਾਥ ਨੇ ਮੋਹੀ ਨੂੰ ਇਸ ਮੌਕੇ ਵਧਾਈ ਦਿੰਦਿਆਂ ਮੋਹੀ ਨਾਲ਼ ਜੁੜੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਸਮਾਗਮ ਦੌਰਾਨ ਹਰੀ ਸਿੰਘ ਮੋਹੀ ਨੇ ਆਪਣੀਆਂ ਅਸਲੋਂ ਤਾਜ਼ਾ ਅਤੇ ਅਣਛਪੀਆਂ ਰਚਨਾਵਾਂ ਸਰੋਤਿਆਂ ਨਾਲ਼ ਸਾਂਝੀਆਂ ਕੀਤੀਆਂ। ਮੋਹੀ ਦੀ ਵੱਡੀ ਬੇਟੀ ਰਵਿੰਦਰ ਰਵੀ ਨੇ ਸੁਰੀਲੇ ਅੰਦਾਜ਼ ਵਿਚ ਆਪਣੇ ਪਿਤਾ ਦੀਆਂ ਚੋਣਵੀਆਂ ਰਚਨਾਵਾਂ ਦਾ ਗਾਇਨ ਕੀਤਾ। ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਡਾ. ਨਰਾਇਣ ਸਿੰਘ ਮੰਘੇੜਾ, ਪੰਜਾਬੀ ਯੂਨੀਵਰਸਿਟੀ ਤੋਂ ਪ੍ਰੋ.ਅਮਨਦੀਪ ਸਿੰਘ ਤੇ ਪ੍ਰੋ. ਸੰਦੀਪ ਰਾਣਾ , ਵਿਅੰਗਕਾਰ ਰਾਜਿੰਦਰ ਜੱਸਲ, ਨਾਟਕਕਾਰ ਪ੍ਰਿੰਸ ਕੰਵਲਜੀਤ ਸਿੰਘ, ਕੁਲਦੀਪ ਮਾਣੂੰਕੇ, ਸੁਰਜੀਤ ਸਿੰਘ ਹੰਸ, ਗੁਰਨਾਮ ਸਿੰਘ ਦਰਸ਼ੀ, ਮੇਘ ਰਾਜ ਸ਼ਰਮਾਂ, ਨੀਰਜ ਸ਼ਰਮਾਂ, ਫ਼ੋਟੋ ਆਰਟਿਸਟ ਚਿਮਨ ਲਾਲ ਗਰਗ, ਗੁਰਦੀਪ ਸਿੰਘ, ਸੁਖਦੀਪ ਸਿੰਘ, ਅਰਵਿੰਦ ਕੌਰ (ਕੈਂਡੀ), ਪਰਮਿੰਦਰ ਕੌਰ, ਨਵਜੀਤ ਕੌਰ, ਅਤੇ ਕਮਲਜੀਤ ਕੌਰ ਸ਼ਾਮਲ ਸਨ।