Tuesday, April 13, 2010

Sartaj Ate Utube


ਯੂਟਿਊਬ ਰਾਹੀਂ ਪ੍ਰਸਿੱਧ ਹੋਇਆ ਯੂਟਿਊਬ ਤੋਂ ਹੀ ਭੱਜਣ ਲੱਗਾ
(ਡਾ. ਪਰਮਿੰਦਰ ਤੱਗੜ)
ਪ੍ਰਸਿੱਧ ਵੈਬਸਾਈਟ ਯੂਟਿਊਬ ਇਕ ਐਸਾ ਜ਼ਰੀਆ ਹੈ ਜਿਸ ਰਾਹੀਂ ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾਵਾਂਗ ਆਪਣੀ ਗੱਲ ਅੰਤਰ ਰਾਸ਼ਟਰੀ ਪੱਧਰ ਤੱਕ ਪੁਚਾਈ ਜਾ ਸਕਦੀ ਹੈ। ਜੇਕਰ ਤੁਹਾਡੇ ਕੁਝ ਸ਼ੁਭਚਿੰਤਕ ਪੈਦਾ ਹੋ ਜਾਣ ਤਾਂ ਫ਼ਿਰ ਪੁੱਛਣਾ ਹੀ ਕੀ ਐ। ਅਜਿਹਾ ਹੀ ਵਾਪਰਿਆ ਹੈ ਇਕ ਅਜਿਹੇ ਗਾਇਕ ਨਾਲ਼ ਜਿਹੜਾ ਗਾਉਂਦਾ ਵੀ ਸੋਹਣਾ ਹੈ ਅਤੇ ਲਿਖ਼ਦਾ  ਵੀ ਠੀਕ ਹੈ ਬੇਸ਼ਕ ਕੁਝ ਗੱਲਾਂ ਕਰਕੇ ਅੱਜ ਕੱਲ ਵਿਵਾਦਾਂ ਵਿਚ ਵੀ ਘਿਰਿਆ ਹੋਇਆ ਹੈ। ਉਹ ਆਪਣੇ ਆਪ ਤੇ ਭਾਵੇਂ ਸੂਫ਼ੀ ਗਾਇਕ ਹੋਣ ਦਾ ਠੱਪਾ ਵੀ ਲਵਾਈ ਬੈਠਾ ਹੈ ਕਿਉਂਕਿ ਉਸ ਨੇ ਬਾਣਾ ਹੀ ਐਸਾ ਅਪਣਾਇਆ ਹੋਇਆ ਹੈ। ਇਹ ਵੱਖਰੀ ਗੱਲ ਹੈ ਕਿ ਉਹ ਆਪਣੇ ਇਕ ਗੀਤ ਵਿਚ ਇਹ ਬਿਆਨ ਕਰਦਾ ਹੈ ਕਿ ਉਹ ਸੂਫ਼ੀ ਨਹੀਂ ਹੈ-ਨਾਲ਼ ਹੀ ਇਹ ਵੀ ਮੰਨਦਾ ਹੈ ਕਿ ਹੋ ਸਕਦਾ ਹੈ ਉਸ ਦੀ ਕਹੀ ਹੋਈ ਗੱਲ ਸੂਫ਼ੀਇਜ਼ਮ ਦੇ ਨੇੜੇ ਤੇੜੇ ਦੀ ਹੋਵੇ। ਇਸ ਤੋਂ ਤਾਂ ਤੁਸੀਂ ਅੰਦਾਜ਼ਾ ਲਾ ਹੀ ਲਿਆ ਹੋਵੇਗਾ ਕਿ ਗੱਲ ਕਿਸ ਦੀ ਹੋ ਰਹੀ ਹੈ। ਕਾਫ਼ੀ ਸਮੇਂ ਤੋਂ ਸੰਘਰਸ਼ ਚੋਂ ਲੰਘਦਿਆਂ ਗੁੱਲੀ ਦਣ ਪੈ ਹੀ ਨਹੀਂ ਰਿਹਾ ਸੀ ਕਿ ਅਚਾਨਕ ਕੁਝ ਮਿੱਤਰਾਂ ਹਮਦਰਦਾਂ ਨੇ ਕੁਝ ਛੋਟੀਆਂ ਮੋਟੀਆਂ ਮਹਿਫ਼ਲਾਂ ਦਾ ਪ੍ਰਬੰਧ ਕੀਤਾ ਅਤੇ ਉਹਨਾਂ ਦੀਆਂ ਰਿਕਾਰਡਿੰਗਜ਼ ਯੂਟਿਊਬ ਦੇ ਜ਼ਰੀਏ ਇੰਟਰਨੈਟ ਤੇ ਪਾ ਦਿੱਤੀਆਂ ਅਤੇ ਬਾਅਦ ਚ ਆਰਕੁਟ, ਫ਼ੇਸਬੁੱਕ ਤੇ ਹੋਰ ਕਈ ਇੰਜ ਦੀਆਂ ਵੈਬਸਾਇਟਾਂ ਰਾਹੀਂ ਇਸ ਗਾਇਕ ਨੂੰ ਲੋਕਾਂ ਤੱਕ ਪੁਚਾਉਣ ਦੀ ਕੋਸ਼ਿਸ਼ ਕੀਤੀ ਅਤੇ ਗੁੱਡੀ ਉਡ ਪਈ ਪਰ ਜਿਉਂ-ਜਿਉਂ ਗੁੱਡੀ ਅਸਮਾਨ ਛੂਹਣ ਲੱਗੀ ਹੈ ਤਾਂ ਬਾਬਿਆਂ ਦਾ ਸੂਫ਼ੀਇਜ਼ਮ, ਕਮਰਸ਼ੀਅਲਿਜ਼ਮ ਚ ਤਬਦੀਲ ਹੋਣ ਲੱਗ ਪਿਆ ਹੈ। ਹੋਇਆ ਇੰਜ ਕਿ ਗਾਇਕ ਦੇ ਇਕ ਪ੍ਰਸ਼ੰਸਕ ਨੇ ਦੋ-ਦੋ, ਤਿੰਨ-ਤਿੰਨ ਮਿੰਟ ਦੇ ਬਿਹਤਰ ਕੁਆਲਟੀ ਦੇ ਦੋ ਵੀਡੀਓ ਕਲਿੱਪ ਉਸ ਦੀ ਇਕ ਲਾਈਵ ਰਿਕਾਰਡਿੰਗ ਵਿਚੋਂ ਉਸ ਦੀ ਚੰਗੀ ਚੀਜ਼ ਨੂੰ ਲੋਕਾਂ ਨਾਲ਼ ਸਾਂਝੇ ਕਰਨ ਵਜੋਂ ਯੂਟਿਊਬ ਤੇ ਪਾ ਦਿੱਤੇ। ਜਿਸ ਨਾਲ਼ ਲੋਕਾਂ ਦੀ ਵਾਹ-ਵਾਹ ਦੇ ਸੰਦੇਸ਼ ਉਸ ਪ੍ਰਸ਼ੰਸਕ ਤੱਕ ਪੁੱਜੇ ਨਾਲ਼ ਹੀ ਇਹ ਬੇਨਤੀ ਵੀ ਕਿ ਪੂਰਾ ਪੂਰਾ ਗੀਤ ਅਪਲੋਡ ਕਰੋ ਜੀ। ਪਰ ਪ੍ਰਸ਼ੰਸਕ ਨੂੰ ਸ਼ਾਇਦ ਗਿਆਨ ਸੀ ਕਿ ਜੇਕਰ ਪੂਰਾ-ਪੂਰਾ ਗੀਤ ਪਾ ਦਿੱਤਾ ਤਾਂ ਸਬੰਧਤ ਗਾਇਕ ਦੀ ਜੋ ਕਮਰਸ਼ੀਅਲ ਵੀ. ਸੀ. ਡੀ. ਆਵੇਗੀ ਤਾਂ ਉਸ ਤੇ ਅਸਰ ਪਵੇਗਾ। ਪਰ ਸ਼ਾਇਦ ਇਸ ਕਥਿਤ ਸੂਫ਼ੀ ਗਾਇਕ ਨੂੰ ਅਜਿਹਾ ਕਰਨਾ ਚੰਗਾ ਨਹੀਂ ਲੱਗਾ ਅਤੇ ਉਸ ਨੇ ਯੂਟਿਊਬ ਨੂੰ ਬੇਨਤੀ ਕਰਕੇ ਦੋਨੋਂ ਵੀਡੀਓ ਕਲਿੱਪ ਚੁਕਵਾ ਦਿੱਤੇ ਕਿਉਂਕਿ ਬਾਕੀ ਜੋ ਇਸ ਸਾਈਟ ਤੇ ਉਸ ਬਾਰੇ ਮੈਟਰ ਪਿਆ ਹੈ ਉਹ ਅਤਿ ਦਰਜੇ ਦੀ ਮਾੜੀ ਵੀਡੀਓ ਅਤੇ ਸਾਊਂਡ ਕੁਆਲਟੀ ਜਾਂ ਔਸਤਨ ਕੁਆਲਿਟੀ ਦਾ ਪਿਆ ਹੈ। ਇਹ ਬਿਹਤਰ ਕੁਆਲਟੀ ਦਾ ਮੈਟਰ ਸ਼ਾਇਦ ਬਿਜ਼ਨਸ ਪੱਖ ਤੋਂ ਘਾਟੇਵੰਦਾ ਸਾਬਤ ਹੋ ਸਕਦਾ ਸੀ। ਮੁੱਕਦੀ ਗੱਲ ਕਿ ਇਹ ਬਾਬੇ ਹੁਣ ਉਥੋਂ ਹੀ ਮੂੰਹ ਮੋੜ ਗਏ ਜਾਪਦੇ ਹਨ ਜਿੱਥੋਂ ਇਹਨਾਂ ਨੂੰ ਅਜੋਕਾ ਮੁਕਾਮ ਹਾਸਲ ਹੋਇਆ ਹੈ ਜੇ ਖ਼ੁਦ ਇਹ ਕਹਿੰਦੇ ਹਨ ਕਿ ਜਿਹੜਾ ਪਿੱਛਾ ਭੁੱਲ ਜਾਵੇ ਉਹਦਾ ਅੱਗਾ ਵੀ ਨਹੀਂ ਰਹਿੰਦਾਅਤੇ ਜੜ ਦੇ ਕੋਲ ਨਾ ਬੈਠੇ ਤਾਂ ਫ਼ਿਰ ਗੋਡੀ ਨਹੀਂ ਹੋਣੀ, ਹਸਤੀ ਵੱਧ ਤਾਂ ਜਾਵੇਗੀ ਪਰ ਓਡੀ ਨਹੀਂ ਹੋਣੀ ਤਾਂ ਫ਼ਿਰ ਖ਼ੁਦ ਅਮਲ ਕਰਦਿਆਂ ਪਿੱਛਾ ਨਾ ਭੁੱਲਣਾਅਤੇ ਜੜਾਂ ਨਾਲ਼ ਜੁੜੇ ਰਹਿਣਵਿਚ ਕੀ ਹਰਜ਼ ਹੈ। ਜੇ ਇਹ ਗੱਲਾਂ ਲੋਕਾਂ ਤੇ ਹੀ ਲਾਗੂ ਕਰਨ ਲਈ ਹੀ ਹਨ ਤਾਂ ਵੱਖਰੀ ਗੱਲ ਹੈ। ਇਸ ਗਾਇਕ ਨੂੰ ਇਹ ਯਾਦ ਦਿਵਾਉਣਾ ਲਾਜ਼ਮੀ ਹੈ ਕਿ ਅੱਜ ਤੋਂ ਕਈ ਸਾਲ ਪਹਿਲਾਂ ਵੀ ਇਕ ਕਥਿਤ ਸੂਫ਼ੀ ਗਾਇਕ ਉਭਰਿਆ ਸੀ ਲੋਕਾਂ ਨੇ ਉਸ ਦੀ ਗਾਇਕੀ ਨੂੰ ਪਿਆਰ ਵੀ ਬਹੁਤ ਦਿੱਤਾ ਸੀ ਪਰ ਜਿਵੇਂ ਕਹਿੰਦੇ ਹੁੰਦੇ ਆ ਕਿ ਜਿਆਦਾ ਸੇਵਨ ਕੀਤੀ ਚੀਜ਼ ਬਦਹਜ਼ਮੀ ਕਰ ਦਿੰਦੀ ਐ, ਬੱਸ ਮਾਨਸਿਕ ਬਦਹਜ਼ਮੀ ਐਸੀ ਹੋਈ ਕਿ ਉਹ ਜਨਾਬ ਗਾਇਕੀ ਦੀ ਪ੍ਰਸਿੱਧੀ ਤੋਂ ਸੰਤੁਸ਼ਟ ਨਾ ਹੁੰਦਿਆਂ ਅਤੇ ਆਪਣੇ ਪ੍ਰਸ਼ੰਸਕਾਂ ਦੇ ਪਿਆਰ ਨੂੰ ਨਾਕਾਫ਼ੀ ਸਮਝਦਿਆਂ ਰਾਜਨੀਤਕ ਝੋਲ਼ੀ ਚ ਜਾ ਡਿੱਗੇ ਅਤੇ ਐਸੇ ਡਿੱਗੇ ਕਿ ਮੁੜ ਉਠ ਹੀ ਨਾ ਸਕੇ। ਕਦੇ ਕਦੇ ਇਉਂ ਵੀ ਲੱਗਦਾ ਕਿ ਖ਼ੂਬਸੂਰਤ ਤੇ ਸਾਫ਼ ਸੁਥਰੀ ਸ਼ਾਇਰੀ ਅਤੇ ਗਾਇਕੀ ਦੇ ਸ਼ੁਦਾਈ ਪੰਜਾਬੀ ਪਿਆਰੇ ਉਸ ਦੁਆਰਾ ਛੱਡੀ ਰੂਹਾਨੀ ਤ੍ਰਿਪਤੀ ਦੀ ਕਮੀ ਨੂੰ ਇਸ ਗਾਇਕ ਰਾਹੀਂ ਪੂਰੀ ਕਰਨਾ ਲੋਚਦੇ ਹੋਣ ਕਿਉਂਕਿ ਇਹ ਗੱਲ ਤਾਂ ਜਾਹਰ ਹੋ ਚੁੱਕੀ ਹੈ ਕਿ ਪੰਜਾਬੀ ਪਿਆਰੇ ਵਧੀਆ ਸ਼ਾਇਰੀ ਅਤੇ ਸੁਰ-ਮਈ ਗਾਇਕੀ ਦੇ ਕਾਇਲ ਹਨ। ਹੁਣ ਇਹ ਇਸ ਦੇ ਹੱਥ ਵਸ ਹੈ ਕਿ ਇਸ ਨੇ ਉਹਨਾਂ ਦੀਆਂ ਆਸਾਂ ਤੇ ਕਿੰਨੇ ਕੁ ਖ਼ਰੇ ਉਤਰਨਾ ਹੈ। ਪਰ ਜੇਕਰ ਉਸ ਸਰਕਾਰੀ ਗਾਇਕ ਵਾਂਗ ਜਨਾਬ ਦਾ ਨਿਸ਼ਾਨਾ ਵੀ ਕਮਰਸ਼ੀਅਲਿਜ਼ਮ ਵਾਇਆ ਸੂਫ਼ੀਇਜ਼ਮਹੈ (ਜਿਵੇਂ ਕਿ ਪ੍ਰਤੀਤ ਹੋ ਰਿਹਾ ਹੈ) ਤਾਂ ਫ਼ਿਰ ਰੱਬ ਰਾਖ਼ਾ!
ਸੰਪਰਕ: +91 95017 66644
ਗਲੀ ਨੰ: 5 ਦੇਵੀਵਾਲਾ ਰੋਡ, ਕੋਟਕਪੂਰਾ (ਪੰਜਾਬ)

Monday, April 12, 2010

Vivaaaad

  • ਇਕ ਸ਼ਾਇਰ ਦੁਆਰਾ ਉਠਾਏ ਵਿਵਾਦ ਵਿਚ ਘਿਰਿਆ ਇਕ ਮਕਬੂਲ ਹੋ ਰਿਹਾ ਗਾਇਕ
    April 12, 2010 01:00:00 am
    (ਡਾ. ਪਰਮਿੰਦਰ ਤੱਗੜ) ਅਕਸਰ ਅਜਿਹਾ ਵਾਪਰਦੈ ਕਿ ਜਦੋਂ ਕੋਈ ਸ਼ੋਹਰਤ ਦੀਆਂ ਬੁਲੰਦੀਆਂ ਵੱਲ ਵਧ ਰਿਹਾ ਹੁੰਦੈ ਤਾਂ ਉਸ ਦਾ ਝੱਗਾ ਖਿੱਚਣ ਵਾਲੇ ਵੀ ਨਾਲ਼ ਹੀ ਪੈਦਾ ਹੋ ਜਾਂਦੇ ਹਨ। ਜਿੰਨੀ ਦੇਰ ਤੱਕ ਕੋਈ ਸ਼ੋਹਰਤ ਹਾਸਲ ਨਹੀਂ ਕਰਦਾ ਓਨੀ ਦੇਰ ਜੋ ਮਰਜ਼ੀ, ਜੀਹਦਾ ਮਰਜ਼ੀ, ਜਿਵੇਂ ਮਰਜ਼ੀ ਗਾਈ ਜਾਵੇ ਕੋਈ ਫ਼ਿਕਰ ਨਹੀਂ ਪਰ ਜਦ ਉਹ ਗਾਇਕ ਮਕਬੂਲ ਹੋ ਜਾਵੇ ਤਾਂ ਝੱਟ ਉਹਨਾਂ ਸ਼ਾਇਰਾਂ ਨੂੰ ਫ਼ਿਕਰ ਆ ਪੈਂਦਾ ਹੈ ਕਿ ਇਸ ਨੇ ਸਾਡੀ ਸ਼ਾਇਰੀ ਨੂੰ ਤ੍ਰੋੜ–ਮਰੋੜ ਕੇ ਗਾਇਆ ਹੈ। ਅਜਿਹਾ ਹੀ ਵਾਪਰਿਐ ਇਹਨੀਂ ਦਿਨੀਂ ਇਕ ਨਵੇਂ ਅੰਦਾਜ਼ ਵਿਚ ਉਭਰੇ ਚੰਗੀ ਸ਼ਾਇਰੀ ਦੇ ਰਚਨਹਾਰ ਤੇ ਪੁਖ਼ਤਾ ਗਾਇਕੀ ਦੇ ਸਿਤਾਰੇ ਨਾਲ਼। ਖ਼ਾਸ ਗੱਲ ਇਹ ਕਿ ਇਸ ਵਿਵਾਦ ’ਚੋਂ ਕੁਝ ਨਿਕਲੇ ਜਾਂ ਨਾ ਨਿਕਲੇ ਪਰ ਇਲਜ਼ਾਮ ਲਾਉਣ ਵਾਲੇ ਸ਼ਾਇਰ ਨੂੰ ਪਹਿਲਾਂ ਯਕੀਨਨ ਚੋਣਵੇਂ ਲੋਕ ਹੀ ਜਾਣਦੇ ਹੋਣਗੇ ਪਰ ਇਹਨਾਂ ਖ਼ਬਰਾਂ ਤੋਂ ਬਾਅਦ ਹਰ ਕੋਈ ਉਸ ਅਣਗੌਲ਼ੇ ਸ਼ਾਇਰ ਦੇ ਨਾਂ ਨੂੰ ਜਾਣ ਗਿਆ ਹੈ। ਲੋਕ ਤਾਂ ਇਹ ਸੋਚ ਰਹੇ ਹਨ ਕਿ ਹੁਣ ਇਸ ਵਿਵਾਦ ਨੂੰ ਹੋਰ ਅਖ਼ਬਾਰਾਂ ਦੁਆਰਾ ਅੰਸ਼ਕ ਰੂਪ ਵਿਚ ਖ਼ਬਰ ਨੂੰ ਚੱਕਣ ਦੇ ਨਾਲ਼-ਨਾਲ਼ ਪੰਜਾਬੀ ਦੇ ਇਕ ਸੁਪ੍ਰਸਿਧ ਅਖ਼ਬਾਰ ਨੇ ਬੜੇ ਗੰਭੀਰ ਅੰਦਾਜ਼ ਵਿਚ ਚੱਕ ਲਿਆ ਹੈ ਅਤੇ ਇਕ ਵਿਸਤ੍ਰਿਤ ਰਿਪੋਰਟ ਅਹਿਮ ਪੰਨੇ ’ਤੇ ਛਾਇਆ ਕੀਤੀ ਹੈ ਜਿਵੇਂ ਕੋਈ ਬੜਾ ਵੱਡਾ ਖ਼ਜ਼ਾਨਾ ਹੱਥ ਲੱਗ ਗਿਆ ਹੋਵੇ। ਖ਼ਜ਼ਾਨਾ ਹੱਥ ਲੱਗੇ ਵੀ ਕਿਉਂ ਨਾ ਜਿਸ ਅਖ਼ਬਾਰ ਦੇ ਪੱਤਰਕਾਰ ਨੇ ਇਹ ਸਟੋਰੀ ਬਣਾਈ ਹੈ ਉਸ ਅਖ਼ਬਾਰ ਦੇ ਅੰਦਰ ਇਕ ਪ੍ਰਮੁਖ ਪੰਜਾਬੀ ਗਾਇਕ ਦਾ ਵੀ ਆਉਣਾ ਜਾਣਾ ਹੈ ਇਸੇ ਪੱਤਰਕਾਰ ਰਾਹੀਂ ਉਸ ਗਾਇਕ ਨੇ ਲੋਕ ਸਭਾ ਦੀਆਂ ਚੋਣਾਂ ਮੌਕੇ ਵੱਡੇ-ਵੱਡੇ ਇਸ਼ਤਿਹਾਰ ਅਤੇ ਸਪਲੀਮੈਂਟ ਵੀ ਕਢਵਾਏ ਸਨ। ਲੋਕਾਂ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਰਸੂਖ਼ ਵਾਲ਼ੇ ਕਈ ਸ਼ਾਇਰਾਂ ਨੂੰ ਵੀ ਇਸ ਵਿਵਾਦ ਨੂੰ ਹਵਾ ਦੇਣ ਖ਼ਾਤਰ ਉਕਸਾਇਆ ਹੈ। ਲੋਕਾਂ ਦੀਆਂ ਗੱਲਾਂ ਉਦੋਂ ਹੋਰ ਸੱਚੀਆਂ ਪ੍ਰਤੀਤ ਹੁੰਦੀਆਂ ਹਨ ਜਦੋਂ ਇਕ ਟੀ ਵੀ ਚੈਨਲ ਵੱਲੋਂ ਪੇਸ਼ ਕੀਤੇ ਜਾਂਦੇ ਇਕ ਲਾਈਵ ਸ਼ੋਅ ਵਿਚ ਇਕ ਪ੍ਰਤੀਯੋਗੀ ਦੁਆਰਾ ਵਿਵਾਦ ਵਿਚ ਘਿਰ ਰਹੇ ਗਾਇਕ ਦੀ ਕੰਪੋਜ਼ੀਸ਼ਨ ਗਾਈ ਜਾਂਦੀ ਹੈ ਅਤੇ ਸਾਡਾ ਇਹ ਮਹਾਨ ਕਹਾਉਣ ਵਾਲ਼ਾ ਸਰਕਾਰੀ ਸਨਮਾਨ ਪ੍ਰਾਪਤ ਗਾਇਕ ਅਜਿਹੀ ਟਿੱਪਣੀ ਕਰਦਾ ਹੈ ਜੋ ਉਸ ਦੀ ਸੋਚ ਦਾ ਮੁਜ਼ਾਹਰਾ ਕਰ ਜਾਂਦੀ ਹੈ ਕਿ ਉਹ ਮਨ ਅੰਦਰ ਕੀ ਰੂੜੀ ਲਾਈ ਬੈਠਾ ਹੈ। ਬੇਸ਼ਕ ਲੋਕ ਇਹ ਸੋਚਦੇ ਹਨ ਕਿ ਇਸ ਪੱਧਰ ’ਤੇ ਪੁੱਜ ਕੇ ਅਜਿਹਾ ਵਿਵਹਾਰ ਮਨ ਅੰਦਰ ਰੱਖਣਾਂ ਏਨੇ ਵੱਡੇ ਅਤੇ ਸਰਕਾਰੀ ਸਨਮਾਨਯਾਫ਼ਤਾ ਗਾਇਕ ਨੂੰ ਸ਼ੋਭਾ ਨਹੀਂ ਦਿੰਦਾ। ਜਿੱਥੋਂ ਤੱਕ ਵਿਵਾਦ ਉਠਾਉਣ ਵਾਲ਼ੇ ਸ਼ਾਇਰ ਦਾ ਸਬੰਧ ਹੈ ਕਿ ਇਕ ਮਕਬੂਲ ਹੋ ਰਹੇ ਗਾਇਕ ਨੇ ਉਸ ਦੀ ਸ਼ਾਇਰੀ ਨੂੰ ਉਸ ਦਾ ਨਾਂ ਲਏ ਬਿਨਾ ਗਾਇਆ ਹੈ ਅਤੇ ਤ੍ਰੋੜ ਮਰੋੜ ਕੇ ਗਾਇਆ ਹੈ। ਜੇਕਰ ਗਾਇਕ ਤ੍ਰੋੜ ਮਰੋੜ ਕੇ ਤਾਂ ਗਾ ਲੈਂਦਾ ਪਰ ਉਸ ਦਾ ਨਾਂ ਮੰਚ ਤੋਂ ਜ਼ਰੂਰ ਲੈ ਦਿੰਦਾ ਤਾਂ ਸ਼ਾਇਦ ਇਹ ਗ਼ਿਲਾ ਨਹੀਂ ਸੀ ਹੋਣਾ। ਨਾਲੇ ਸੱਤ ਸਾਲ ਪਹਿਲਾਂ ਗਾਈ ਆਈਟਮ ’ਤੇ ਇਤਰਾਜ਼ ਉਦੋਂ ਕਰਨਾ ਜਦ ਗਾਇਕ ਮਕਬੂਲ ਹੋ ਗਿਆ ਹੋਵੇ ਤਾਂ ਗੱਲ ਕੁਝ ਹਜ਼ਮ ਨਹੀਂ ਹੁੰਦੀ। ਇਹ ਵੀ ਹੋ ਸਕਦੈ ਸ਼ਾਇਰ ਨੂੰ ਪਹਿਲਾਂ ਪਤਾ ਹੀ ਨਾ ਲੱਗਿਆ ਹੋਵੇ ਕਿ ਉਸ ਦੀ ਸ਼ਾਇਰੀ ਦਾ ਚੀਰ-ਹਰਣ ਹੋ ਰਿਹਾ ਹੈ ਪਰ ਇਹ ਗੱਲ ਵੀ ਹਜ਼ਮ ਨਹੀਂ ਹੁੰਦੀ ਕਿਉਂਕਿ ਉਸ ਸ਼ਾਇਰ ਦਾ ਇੰਟਰਨੈਟ ਨਾਲ਼ ਡੂੰਘਾ ਵਾਸਤਾ ਹੈ ਅਤੇ ਉਸ ਦਾ ਪ੍ਰੋਫ਼ਾਈਲ ਇੰਟਰਨੈਟ ’ਤੇ ਮੌਜੂਦ ਹੈ। ਨਾਲ਼ੇ ਇਸ ਗਾਇਕ ਨੂੰ ਤਾਂ ਸਰੋਤਿਆਂ ਦੇ ਰੂ-ਬ-ਰੂ ਹੀ ਸਭ ਤੋਂ ਪਹਿਲਾਂ ਇੰਟਰਨੈਟ ਦੀ ਯੂਟਿਊਬ ਵੈਬਸਾਇਟ ਨੇ ਕਰਵਾਇਆ ਹੈ। ਹੁਣ ਇਹ ਵਿਵਾਦ ਵੀ ਇੰਟਰਨੈਟ ਰਾਹੀਂ ਹੀ ਫ਼ੈਲਾਇਆ ਜਾ ਰਿਹਾ ਹੈ। ਰਹੀ ਗੱਲ ਮਕਬੂਲ ਗਾਇਕ ਦੀ ਚੁੱਪ ਦੀ- ਗਾਇਕ ਨੂੰ ਚਾਹੀਦਾ ਹੈ ਕਿ ਦੋ ਟੁੱਕ ਗੱਲ ਕਰਕੇ ਵਿਵਾਦ ਦਾ ਫਸਤਾ ਵੱਢੇ। ਕਿਉਂਕਿ ਇਸ ਵਿਚ ਕੋਈ ਦੋ ਰਾਏ ਨਹੀਂ ਕਿ ਹਰ ਕੋਈ ਪਹਿਲਾਂ ਲਿਖੇ ਦਾ ਅਨੁਕਰਨ ਹੀ ਕਰਦਾ ਹੈ ਅਜਿਹਾ ਮਸ਼ਹੂਰ ਵਿਦਵਾਨ ਰੋਲਾ ਬਾਰਤ ਦਾ ਕਹਿਣਾ ਹੈ। ਕਈ ਵਾਰ ਅਜਿਹਾ ਵੀ ਹੋ ਜਾਂਦਾ ਹੈ ਕਿ ਕਿਸੇ ਸ਼ਾਇਰ ਦੀ ਰਚਨਾ ਹੀ ਏਨੀ ਮਕਬੂਲ ਹੋ ਜਾਂਦੀ ਹੈ ਕਿ ਉਸ ਦੇ ਰਚਨਹਾਰ ਦਾ ਨਾਂ ਮਨਫ਼ੀ ਹੋ ਕੇ ਰਹਿ ਜਾਂਦਾ ਹੈ ਸਗੋਂ ਰਚਨਾ ਹੀ ਪ੍ਰਧਾਨ ਸਥਾਨ ਗ੍ਰਹਿਣ ਕਰ ਲੈਂਦੀ ਹੈ ਜੋ ਕਿਸੇ ਸ਼ਾਇਰ ਦੀ ਸ਼ਾਇਰੀ ਦਾ ਹਾਸਲ ਮੰਨਿਆ ਜਾਣਾ ਚਾਹੀਦਾ ਹੈ। ਮਿਸਾਲ ਵਜੋਂ ‘ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੇਂਹਦਾ ਆਈਂ ਨਿਗਾਹ ਮਾਰਦਾ ਆਈਂ ਵੇ ਮੇਰਾ ਲੌਂਗ ਗਵਾਚਾ ਨਿਗਾਹ ਮਾਰਦਾ ਆਈਂ ਵੇ’ ਕਿੰਨੇ ਲੋਕ ਜਾਣਦੇ ਹਨ ਕਿ ਲੋਕਗੀਤ ਦਾ ਦਰਜਾ ਹਾਸਲ ਕਰ ਚੁੱਕੇ ਇਸ ਗੀਤ ਦਾ ਰਚਨਹਾਰ ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ ਹੈ। ਜੇਕਰ ਏਡੀ ਵੱਡੀ ਦਲੀਲ ਦੇ ਬਾਵਜੂਦ ਵੀ ਉਸ ਸ਼ਾਇਰ ਨੂੰ ਗ਼ਿਲਾ ਹੈ ਤਾਂ ਉਸ ਦੀ ਸਮਝ ਦੀ ਸਿਹਤਯਾਬੀ ਲਈ ਦੁਆ ਹੀ ਕੀਤੀ ਜਾ ਸਕਦੀ ਹੈ।