Tuesday, May 11, 2010

ਪੰਜਾਬ ਦੇ ਅਜੋਕੇ ਰਾਜਨੀਤਕ-ਸਮਾਜਕ ਹਾਲਾਤ ਦਾ ਤਲਖ਼ ਯਥਾਰਥ : ‘ਕਿਵੇਂ ਜਿਓਣਗੇ ਲੋਕੀ’

(ਡਾ. ਪਰਮਿੰਦਰ ਤੱਗੜ)
ਪਿੱਛੇ ਜਿਹੇ ਬੱਬੂ ਮਾਨ ਨੇ ਇਕ ਗੀਤ ਲਿਖਿਆ ਤੇ ਗਾਇਆ ਸੀ ‘ਇੱਕ ਬਾਬਾ ਨਾਨਕ ਸੀ ਜੀਹਨੇ ਤੁਰ ਕੇ ਦੁਨੀਆਂ ਗਾਹ ’ਤੀ, ਇਕ ਅੱਜ ਕੱਲ੍ਹ ਬਾਬੇ ਨੇ ਬੱਤੀ ਲਾਲ ਗੱਡੀ ’ਤੇ ਲਾਤੀ।’ ਇਸ ਗੀਤ ਨੂੰ ਬੜੀ ਲੋਕਪ੍ਰਿਯਤਾ ਮਿਲੀ। ਕਿਉਂਕਿ ਅਜੋਕਾ ਯੁੱਗ ਅਤਿ-ਆਧੁਨਿਕ ਯੁੱਗ ਹੈ ਜਿਸ ਵਿਚ ਸਰੋਤਾ ਕੇਵਲ ਰਚਨਾ ਨੂੰ ਸੁਣ ਕੇ ਜਾਂ ਪੜ੍ਹ ਕੇ ਮਾਨਣ ਦਾ ਆਦੀ ਨਹੀਂ ਰਿਹਾ ਸਗੋਂ ਹੁਣ ਬਿਜਲਈ ਉਪਕਰਨਾਂ ਰਾਹੀਂ ਉਸ ਰਚਨਾ ਵਿਚ ਬੜਾ ਕੁਝ ਐਸਾ ਭਰਿਆ ਜਾਂਦਾ ਹੈ ਕਿ ਉਹ ‘ਫ਼ਾਸਟ ਫ਼ੂਡ’ ਵਾਂਗ ਪਸੰਦ ਕੀਤੀ ਜਾਣ ਲੱਗ ਜਾਂਦੀ ਹੈ। ਇੰਞ ਹੀ ਹੋਇਆ ਬੱਬੂ ਮਾਨ ਦੇ ਉਸ ਗੀਤ ਨਾਲ਼। ਬੱਬੂ ਮਾਨ ਨੇ ਗੀਤ ਗਾਇਆ ਅਤੇ ਉਸ ਦੇ ਪ੍ਰਸ਼ੰਸਕਾਂ ਨੇ ਯੂਟਿਊਬ ਤੋਂ ਗੀਤ ਡਾਊਨਲੋਡ ਕਰਕੇ ਆਪੋ-ਆਪਣੀ ਕਲਾਕਾਰੀ ਵਿਖਾਉਂਦਿਆਂ ਨਵੇਂ ਤੋਂ ਨਵੇਂ ਯਥਾਰਥਮਈ ਐਸੇ ਕਿੱਲ-ਕੋਕੇ ਲਾਏ ਕਿ ਕਥਿਤ ਬਾਬਿਆਂ ਦੀਆਂ ਭਾਜੜਾਂ ਪੈ ਗਈਆਂ ਅਤੇ ਲੋਕਾਂ ਨੂੰ ਕ੍ਰੋਧ ਨਾ ਕਰਨ ਦਾ ਉਪਦੇਸ਼ ਦੇਣ ਵਾਲੇ ਇਹ ਬਾਬੇ ਕ੍ਰੋਧ ਨਾਲ਼ ਲੋਹੇ ਲਾਖੇ ਹੋ ਕੇ ਬਿਆਨਬਾਜੀ ਕਰਦੇ ਵੇਖੇ ਗਏ। ਬੱਬੂ ਮਾਨ ਦੇ ਦਿਨ ਐਸੇ ਬਦਲੇ ਕਿ ਉਹ ਸਫ਼ਲਤਾ ਦੀ ਸਿਖ਼ਰ ਨੇੜੇ ਪੁੱਜ ਗਿਆ। ਫ਼ਿਰ ਇਸੇ ਵਿਸ਼ੇ ਨੂੰ ਲੈ ਕੇ ਅਨੇਕਾਂ ਗੀਤਾਂ ਦੀ ਝੜੀ ਹੀ ਲੱਗ ਤੁਰੀ ਅਤੇ ਅਨੇਕਾਂ ਗੀਤ ਇਸ ਕੋਟੀ ਦੇ ਕਲਾਕਾਰਾਂ ਵੱਲੋਂ ਪੇਸ਼ ਕੀਤੇ ਗਏ। ਇਸ ਸਮੁੱਚੇ ਘਟਨਾ ਕ੍ਰਮ ਵਿਚੋਂ ਇਕ ਵੱਖਰੀ ਵਿਚਾਰਧਾਰਾ ਲੈ ਕੇ ਪੇਸ਼ ਹੁੰਦਾ ਹੈ ਸੁਖਨੈਬ ਸਿੱਧੂ ਦਾ ਲਿਖਿਆ ਤੇ ਗਾਇਆ ਗੀਤ ‘ਕਿਵੇਂ ਜਿਓਣਗੇ ਲੋਕੀ’। ਇਸ ਗੀਤ ਵਿਚ ਕਿਸੇ ਹੋਛੀ ਪੇਸ਼ਕਾਰੀ ਦੀ ਬਜਾਏ ਗਹਿਰ-ਗੰਭੀਰ ਮਸਲਿਆਂ ਦੀ ਚਰਚਾ ਬੜੇ ਅਸਰਮਈ ਅੰਦਾਜ਼ ਵਿਚ ਕੀਤੀ ਗਈ ਦੇਖੀ ਜਾ ਸਕਦੀ ਹੈ। ਗੀਤ ਨੂੰ ਬਾ-ਕਾਇਦਾ ਬੀਕਾ ਮਨਹਾਰ ਨੇ ਸੰਗੀਤਬੱਧ ਕਰਕੇ ਇਸ ਵਿਚ ਸੁਰੀਲੀ ਰੂਹ ਪੈਦਾ ਕੀਤੀ ਹੈ। ਸੁਖਨੈਬ ਸਿੱਧੂ ਭਾਵੇਂ ਕੋਈ ਪ੍ਰੋਫ਼ੈਸ਼ਨਲ ਸਿੰਗਰ ਨਹੀਂ ਹੈ ਪਰ ਰਚਨਾ ਦੇ ਵਿਸ਼ਾ-ਵਸਤੂ ਦੇ ਮੱਦੇ ਨਜ਼ਰ ਉਸ ਦੀ ਆਵਾਜ਼ ਗੀਤ ਵਿਚ ਪੇਸ਼ ਕੀਤੀ ਤ੍ਰਾਸਦੀ ਨੂੰ ਸਾਖ਼ਸ਼ਾਤ ਕਰਨ ਵਿਚ ਪੂਰੀ ਤਰ੍ਹਾਂ ਕਾਮਯਾਬ ਕਹੀ ਜਾ ਸਕਦੀ ਹੈ। ਇੰਞ ਦਾ ਕਰੁਣਾਮਈ ਪ੍ਰਭਾਵ ਕਿਸੇ ਪ੍ਰੋਫ਼ੈਸ਼ਨਲ ਸਿੰਗਰ ਦੀਆਂ ਸੰਗੀਤਕ ਗਰਾਰੀਆਂ ਵਿਚ ਗੁਆਚ ਕੇ ਖ਼ੂਬਸੂਰਤ ਸੁਰ ਤਾਂ ਪੈਦਾ ਕਰ ਸਕਦਾ ਹੈ ਪਰ ਉਸ ਰਚਨਾ ਦੀ ਰੂਹ ਅਤੇ ਮਕਸਦ ਤੋਂ ਦੂਰ ਰਹਿ ਜਾਂਦਾ ਹੈ। ਇੰਞ ਇਸ ਪੱਖ ਤੋਂ ਸੁਖਨੈਬ ਵਧਾਈ ਦਾ ਪਾਤਰ ਹੈ ਕਿ ਉਹ ਆਪਣੀ ਗੱਲ ਲੋਕਾਂ ਦੀ ਚੇਤਨਾ ਵਿਚ ਵਸਾਉਣ ਵਿਚ ਕਾਮਯਾਬ ਰਿਹਾ ਹੈ। ਰਹੀ ਗੱਲ ਇਸ ਗੀਤ ਦੇ ਵੀਡੀਓ ਵਿਚ ਵਰਤੀਆਂ ਗਈਆਂ ਤਸਵੀਰਾਂ ਦੀ, ਇਸ ਪੱਖੋਂ ਇੰਜ. ਸਤਿੰਦਰਜੀਤ ਸਿੰਘ ਅਤੇ ਖ਼ੁਦ ਸੁਖਨੈਬ ਸਿੱਧੂ ਬੜੇ ਮਾਹਰ ਹਨ ਇਸ ਪੱਖੋਂ ਮਾਰ ਖਾਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ ਸੋ ਰਚਨਾ ਵਿਚ ਪੇਸ਼ ਵਿਸ਼ਾ ਵਸਤੂ ਵਿਚ ਵਰਤੇ ਇਕ-ਇਕ ਸ਼ਬਦ ਦੀ ਤਰਜ਼ਮਾਨੀ ਕਰਦੀਆਂ ਇਹ ਤਸਵੀਰਾਂ ਇਸ ਵੀਡੀਓ ਦੀ ਸਾਰਥਕਤਾ ਵਿਚ ਬੜਾ ਮੁੱਲਵਾਨ ਵਾਧਾ ਕਰਦੀਆਂ ਹਨ। ਕਿਉਂਕਿ ਗੱਲ ਇਕ ਗੀਤ ਦੀ ਚੱਲ ਰਹੀ ਸੀ ਇਸੇ ਕਰਕੇ ਪਹਿਲਾਂ ਆਵਾਜ਼, ਸੰਗੀਤਕਾ ਅਤੇ ਵੀਡੀਓ ਟਿਪਸ ਨੂੰ ਇਸ ਆਰਟੀਕਲ ਦਾ ਵਿਸ਼ਾ ਬਣਾਇਆ ਗਿਆ ਹੈ। ਜਿੱਥੋਂ ਤੱਕ ਇਸ ਗੀਤ ਵਿਚਲੇ ਵਿਸ਼ਾ-ਵਸਤੂ ਦਾ ਤੁਅਲਕ ਹੈ ਇਸ ਵਿਚ ਕੋਈ ਦੋ ਰਾਏ ਨਹੀਂ ਕਿ ਇਸ ਵਿਚ ਲੋਕਾਂ ਦੇ ਮਨ ਦੀ ਆਵਾਜ਼ ਨੂੰ ਸ਼ਬਦ ਦਿੱਤੇ ਗਏ ਹਨ। ਖ਼ਾਸ ਗੱਲ ਇਹ ਕਿ ਪੰਜਾਬ ਵਿਚ ਸਰਗਰਮ ਕਿਸੇ ਰਾਜਨੀਤਕ ਧਿਰ ਨਾਲ਼ ਲਿਹਾਜ਼ ਨਹੀਂ ਕੀਤਾ ਗਿਆ। ਦੋਨੋਂ ਸਰਗਰਮ ਰਾਜਨੀਤਕ ਪਾਰਟੀਆਂ ਤੋਂ ਇਲਾਵਾ ਤੀਜੇ ਬਦਲ ਦਾ ਦਾਅਵਾ ਪ੍ਰਗਟਾਉਣ ਵਾਲ਼ੀ ਰਾਜਸੀ ਪਾਰਟੀ ਦੀਆਂ ਕੂਟਨੀਤਕ ਚਾਲਾਂ ਦਾ ਵੀ ਪਰਦਾ ਫ਼ਾਸ਼ ਕੀਤਾ ਗਿਆ ਹੈ। ਬੇਸ਼ਕ ਸੁਖਨੈਬ ਸਿੱਧੂ ਖ਼ੁਦ ਇਕ ਪੱਤਰਕਾਰ ਹੈ ਪਰ ਉਸ ਨੇ ਇਸ ਗੀਤ ਵਿਚ ਪੀਲੀ ਪੱਤਰਕਾਰਤਾ ਨੂੰ ਵੀ ਨਹੀਂ ਬਖ਼ਸ਼ਿਆ। ਰਾਜਨੀਤਕ ਲੋਕਾਂ ਦੇ ਨਿੱਜੀ ਮੋਹ ਦੀ ਤਸਵੀਰਕਸ਼ੀ ਕਰਦਿਆਂ ਗੀਤਕਾਰ ਨੇ ਰਾਜਨੀਤਕ ਸ਼ਖ਼ਸੀਅਤਾਂ ਦੇ ਕਿਰਦਾਰ ਤੋਂ ਪਰਦਾ ਚੁੱਕਣ ਵਿਚ ਕੋਈ ਕਸਰ ਨਹੀਂ ਛੱਡੀ। ਇਹਨਾਂ ਸਤਰਾਂ ਦੀ ਗਵਾਹੀ ਲਈ ਸੁਖਨੈਬ ਸਿੱਧੂ ਦੇ ਗੀਤ ਦੇ ਕੁਝ ਅੰਤਰੇ ਵਿਸ਼ੇਸ਼ ਤੌਰ ’ਤੇ ਵਿਚਾਰਨ ਯੋਗ ਹਨ: ਕਿਸੇ ਨੂੰ ਪੁੱਤ ਦਾ ਮੋਹ ਕਿਸੇ ਨੂੰ ਗ਼ੈਰ ਜ਼ਨਾਨੀ ਦਾ ਕਿਸੇ ਨੂੰ ਸੰਸਾ ਵਿਚ ਵਿਦੇਸ਼ਾਂ ਰੁਲ਼ੀ ਜੁਆਨੀ ਦਾ ਜੋ ਇੰਡੀਆ ਵਿਚ ਰੁਲ਼ਦੇ ਨਹੀਂ ਕੋਈ ਲੈਂਦਾ ਸਾਰ ਨੂੰ ਕੀ ਏਸੇ ਖ਼ਾਤਰ ਚੁਣਿਆ ਸੀ ਆਪਾਂ ਸਰਕਾਰ ਨੂੰ ! ਅਜੋਕੀ ਰਾਜਨੀਤਕ ਸਥਿਤੀ ਵਿਚ ਕੁਰਸੀ ਬਦਲੇ ਨੇਤਾਵਾਂ ਦੁਆਰਾ ਕੀਤੀ ਜਾਂਦੀ ਸੌਦੇਬਾਜ਼ੀ ਅਤੇ ਨਸ਼ਿਆਂ ਦੇ ਸੌੜੇ ਲਾਲਚ ਵਿਚ ਫ਼ਸ ਕੇ ਵੋਟਰ ਦੁਆਰਾ ਆਪਣੇ ਫ਼ਰਜ਼ਾਂ ਨੂੰ ਨਾ ਪਛਾਨਣ ਦੀ ਗੱਲ ਵੀ ਵਿਸ਼ੇਸ਼ ਜ਼ਿਕਰਯੋਗ ਹੈ: ਨਸ਼ਿਆਂ ਬਦਲੇ ਵੋਟਰ ਵਿਕਦੇ ਕੁਰਸੀ ਬਦਲੇ ਨੇਤਾ ਚੌਥਾ ਥੰਮ ਮੀਡੀਆ ਵਿਕਿਆ ਲਿਆ ਖ਼ਬਰਾਂ ਦਾ ਠੇਕਾ ਪਰ ਝੂਠ ਬੋਲਣਾ ਆਉਂਦਾ ਨਹੀਂ ਇਸ ਪੱਤਰਕਾਰ ਨੂੰ ਕੀ ਏਸੇ ਖ਼ਾਤਰ ਚੁਣਿਆ ਸੀ ਆਪਾਂ ਸਰਕਾਰ ਨੂੰ ! ਇਸ ਵਿਚ ਕੋਈ ਦੋ ਰਾਏ ਨਹੀਂ ਕਿ ਪੰਜਾਬ ਦੀ ਪਬਲਿਕ ਟਰਾਂਸਪੋਰਟ ਨੂੰ ਖ਼ੋਰਾ ਲਾਉਣ ਵਿਚ ਸਾਡੇ ਕਥਿਤ ਸੂਬੇ ਦੇ ‘ਸੇਵਕ’ ਹੀ ਜ਼ਿੰਮੇਵਾਰ ਹਨ। ਜਿਹਨਾਂ ਦੀਆਂ ਅਨੇਕਾਂ ਬੱਸਾਂ ਪਰਮਿਟਾਂ ਦੀ ਘਪਲੇਬਾਜੀ ਹੇਠ ਚੱਲਣ ਬਾਰੇ ਅਕਸਰ ਲੋਕ ਗੱਲਾਂ ਕਰਦੇ ਸੁਣੇ ਜਾ ਸਕਦੇ ਹਨ। ਇੱਥੇ ਹੀ ਬੱਸ ਇਹਨਾਂ ਸੇਵਕਾਂ ਦੇ ਕਰਿੰਦੇ ਵੀ ਆਪਣੇ ਆਪ ਨੂੰ ਕਿਸੇ ਖੱਬੀ ਖ਼ਾਂ ਨਾਲੋਂ ਘੱਟ ਨਹੀਂ ਸਮਝਦੇ। ਐਂਵੇ ਤਾਂ ਨਹੀਂ ਸੁਖਨੈਬ ਸਿੱਧੂ ਉਂਗਲ ਕਰ ਰਿਹਾ ਕਿ: ਨੀਲੀਆਂ ਪੀਲੀਆਂ ਬੱਸਾਂ ਸਾਰੀਆਂ ਇੱਕੋ ਘਰ ਦੀਆਂ ਨੇ ਸੜਕਾਂ ਉ¤ਤੇ ਨਹੀਂ ਇਹ ਸਾਡੀ ਹਿੱਕ ’ਤੇ ਚਲਦੀਆਂ ਨੇ ਰਾਜ ਨਹੀਂ ਇਹ ਸੇਵਾ ਕਿਉਂ ਸੌਂਪੀ ਇਕ ਪਰਿਵਾਰ ਨੂੰ ਕੀ ਏਸੇ ਖ਼ਾਤਰ ਚੁਣਿਆ ਸੀ ਆਪਾਂ ਸਰਕਾਰ ਨੂੰ ! ਸਮੁੱਚੇ ਤੌਰ ’ਤੇ ਸੁਖਨੈਬ ਸਿੱਧੂ ਦਾ ਗੀਤ ‘ਕਿਵੇਂ ਜਿਓਣਗੇ ਲੋਕੀ ਖੋਹ ਲਿਆ ਰੁਜ਼ਗ਼ਾਰ ਨੂੰ’ ਪੰਜਾਬੀ ਦੀ ਅਜੋਕੀ ਰਾਜਨੀਤਕ ਹੀ ਨਹੀਂ ਬਲਕਿ ਸਮਾਜਕ ਅਵਸਥਾ ਦਾ ਯਥਾਰਮਈ ਪ੍ਰਗਟਾਵਾ ਪੇਸ਼ ਕਰਨ ਵਿਚ ਇੱਕ ਉਤਮ ਰਚਨਾ ਵਜੋਂ ਵਿਚਾਰਨਯੋਗ ਕ੍ਰਿਤ ਹੈ। ਅਜਿਹੀਆਂ ਕ੍ਰਿਤਾਂ ਨੂੰ ਉਤਸ਼ਾਹਤ ਕਰਨਾ ਬਣਦਾ ਹੈ ਅਤੇ ਅਜਿਹੀਆਂ ਰਚਨਾਵਾਂ ਦਾ ਸੁਆਗਤ ਕੀਤਾ ਜਾਣਾ ਇਕ ਚੇਤਨ ਅਮਲ ਹੈ। http://www.youtube.com/watch?v=LW-hDzU9TxU

No comments:

Post a Comment