Wednesday, April 21, 2010

‘ਸੂਰਜਾ-ਸੂਰਜਾ ਫੱਟੀ ਸੁਕਾਅ…!!!!!!!!!!!’


ਸੂਰਜਾ-ਸੂਰਜਾ ਫੱਟੀ ਸੁਕਾਅ…!!!!!!!!!!!’
(ਡਾ. ਪਰਮਿੰਦਰ ਸਿੰਘ ਤੱਗੜ)
ਬਚਪਨ ਵਿਚ ਅਕਸਰ ਇਸ ਤੁਕਬੰਦੀ ਦਾ ਗਾਇਨ ਉਸ ਵੇਲ਼ੇ ਕੀਤਾ ਜਾਂਦਾ ਸੀ ਜਦ ਲੱਕੜ ਦੀ ਬਣੀ ਫੱਟੀ ਨੂੰ ਗਾਚੀ ਨਾਲ਼ ਪੋਚ ਸਵਾਰ ਕੇ ਸੁਕਾਉਣ ਲਈ ਸੂਰਜ ਨੂੰ ਤਾਕੀਦ ਕੀਤੀ ਜਾਂਦੀ ਸੀ। ਨਾਲ਼ੋ-ਨਾਲ਼ ਫੱਟੀ ਨੂੰ ਇਧਰੋਂ-ਉਧਰ ਘੁੰਮਾਉਂਦਿਆਂ ਸਰੀਰਕ ਅਭਿਆਸ ਮੁਫ਼ਤ ਵਿਚ ਹੀ ਹੋ ਜਾਂਦਾ ਸੀ।  ਕਿੰਨਾ ਖ਼ੂਬਸੂਰਤ ਅਹਿਸਾਸ ਹੁੰਦਾ ਸੀ ਜਦੋਂ ਲੱਕੜ ਦੀ ਬਣਾਈ ਕੋਰੀ ਫੱਟੀ ਨੂੰ ਵਿਸ਼ੇਸ਼ ਰੰਗਤ ਦੇਣ ਲਈ ਪਹਿਲਾਂ ਗੋਹੇ ਦਾ ਲੇਪ ਕਰਨਾ ਫ਼ਿਰ ਉਸ ਲੇਪ ਦੇ ਸੁਕਣ ਉਪਰੰਤ ਉਖਾੜ ਕੇ ਧੋਅ-ਸੁਆਰ ਕੇ ਗਾਚੀ ਦਾ ਲੇਪ ਕਰਨਾ ਫ਼ਿਰ ਚਾਈਂ-ਚਾਈਂ ਫੱਟੀ ਨੂੰ ਸੂਰਜੀ ਤਪਸ਼ ਨਾਲ਼ ਸੁਕਾਉਣਾ ਅਤੇ ਕੱਚੀ ਪੈਨਸਲ ਨਾਲ਼ ਸਿੱਧੀਆਂ ਰੇਖਾਵਾਂ ਵਾਹ ਕੇ ਖ਼ੂਬਸੂਰਤ ਲਿਖ਼ਤ ਲਈ ਫੱਟੀ ਨੂੰ ਤਿਆਰ ਕਰਨਾ। ਫ਼ਿਰ ਵਾਰੀ ਆਉਂਦੀ ਕਲਮ ਦੀ ਜਿਸ ਨੂੰ ਘੜਨ ਲਈ ਅਧਿਆਪਕ ਦੀ ਵਿਸ਼ੇਸ਼ ਹਦਾਇਤ ਹੁੰਦੀ ਕਿ ਪੰਜਾਬੀ ਦੀ ਲਿਖ਼ਾਈ ਲਈ ਕਲਮ ਦਾ ਸਿਰਾ ਪੱਧਰਾ ਅਤੇ ਹਿੰਦੀ ਦੀ ਲਿਖ਼ਾਈ ਲਈ ਸਿਰਾ ਤਿਰਛਾ ਹੋਵੇ। ਪਰ ਇਸ ਸਾਰੇ ਕਾਰਜ ਦਾ ਆਧਾਰ ਤਾਂ ਪੱਕੀ-ਪਕੋੜ ਸਿਆਹੀ ਤੇ ਆ ਟਿਕਦਾ ਜਿਸ ਦੀ ਤਿਆਰੀ ਲਈ ਲੋਹੇ ਦੇ ਪੱਤਰੇ ਦੀ ਟਿਕਾਊ ਦਵਾਤ ਵਿਚ ਰਵੇਦਾਰ ਕਾਲ਼ੀ ਸਿਆਹੀ ਨੂੰ ਪਾਣੀ ਦੀਆਂ ਬੂੰਦਾਂ ਸੰਗ ਮੇਲ ਕੇ ਦਵਾਤ ਦੇ ਮੂੰਹ ਨੂੰ ਰਬੜ ਦੇ ਡਾਟੇ ਨਾਲ਼ ਹਵਾਬੰਦ ਕਰਕੇ ਰੀਝਾਂ ਨਾਲ਼ ਹਿਲਾਉਣਾ ਤਾਂ ਕਿ ਸਿਆਹੀ ਦੇ ਰਵੇ ਪਾਣੀ ਦੀਆਂ ਬੂੰਦਾਂ ਨਾਲ਼ ਇਕ-ਮਿਕ ਹੋ ਜਾਣ ਅਤੇ ਪੱਕੀ ਅਤੇ ਗਾਹੜੀ ਸਿਆਹੀ ਤਿਆਰ ਹੋ ਸਕੇ। ਸਿਆਹੀ ਤਿਆਰ ਹੋਣ ਬਾਅਦ ਕਲਮ ਦਾ ਦਵਾਤ ਦੇ ਅੰਦਰੋਂ ਡੋਬਾ ਲਾਕੇ ਪਹਿਲਾਂ ਫੱਟੀ ਤੇ ੴ  ਲਿਖਣਾ ਅਤੇ ਫ਼ਿਰ ਪ੍ਰੀਤਾਂ ਲਾ ਲਾ ਕੇ ਅੱਖਰ ਜਾਂ ਸ਼ਬਦ ਸਜਾਉਣੇ ਅਤੇ ਅਧਿਆਪਕ ਨੇ ਸੋਹਣੀ ਪੋਚੀ ਫੱਟੀ ਅਤੇ ਸੁੰਦਰ ਲਿਖ਼ਤ ਦੇਖ ਕੇ ਸ਼ਾ-ਬਾ-ਸ਼ ਦੇਣੀ ਤੇ ਅਸੀਂ ਉਹ ਸ਼ਾ-ਬਾ-ਸ਼ ਲੈ ਕੇ ਫੁੱਲੀ ਨਾ ਸਮਾਉਣਾ ਅਤੇ ਨਵੇਂ ਸਿਰਿਉਂ ਫੱਟੀ ਪੋਚ ਕੇ ਫ਼ਿਰ ਤੋਂ ਸ਼ਾ-ਬਾ-ਸ਼ ਦੀ ਵਸੂਲੀ ਦੀਆਂ ਗੋਂਦਾਂ ਗੁੰਦਣ ਵਿਚ ਰੁੱਝੇ ਰਹਿਣਾ। ਪ੍ਰਾਇਮਰੀ ਜਮਾਤਾਂ ਵਿਚ ਇਹ ਸੁਖ਼ਦ ਅਹਿਸਾਸ ਬੜਾ ਸਕੂਨ ਦਿੰਦਾ। ਪਰ ਅਜੋਕੀ ਪੀੜ੍ਹੀ ਨੂੰ ਸ਼ਾਇਦ ਇਹ ਸਭ ਗੱਲਾਂ ਓਪਰੀਆਂ ਅਤੇ ਨਿਰਾਥਕ ਲੱਗਣ ਕਿਉਂਕਿ ਉਹਨਾਂ ਨੂੰ ਇਸ ਅਹਿਸਾਸ ਨੂੰ ਮਾਨਣ ਦਾ ਕਦੀ ਮੌਕਾ ਹੀ ਨਹੀਂ ਮਿਲਿਆ। ਅੱਜ ਇਹਨਾਂ ਫੱਟੀਆਂ ਦੀ ਥਾਵੇਂ ਭਾਵੇਂ ਕਾਪੀਆਂ ਆ ਗਈਆਂ ਹਨ, ਮਹਿੰਗੇ ਰਜਿਸਟਰ ਆ ਗਏ ਹਨ ਅਤੇ ਸਿਆਹੀ-ਕਲਮ ਦੀ ਥਾਂ ਬੜੇ ਸੁਹਣੇ ਰੰਗਾਂ ਦੀਆਂ ਬਾਲ-ਪੈਨਾਂ ਆ ਗਈਆਂ ਹਨ। ਪਰ ਪੁਰਾਣੇ, ਖ਼ਾਸ ਕਰਕੇ ਪ੍ਰਾਇਮਰੀ ਸਕੂਲਾਂ ਦੇ ਅਧਿਆਪਕ ਜਾਣਦੇ ਹਨ ਕਿ ਇਹਨਾਂ ਫੱਟੀਆਂ ਦੀ, ਖ਼ੁਦ ਤਿਆਰ ਕੀਤੀ ਸਿਆਹੀ ਦੀ, ਖ਼ਾਸ ਤਰੀਕੇ ਨਾਲ਼ ਘੜੀ ਕਲਮ ਦੀ ਅਤੇ ਫੱਟੀ ਤੇ ਲਿਖਣ ਦੀ ਕੀ ਮਹੱਤਤਾ ਹੈ। ਜਿੱਥੇ ਇਹ ਤਜ਼ਰਬਾ ਬਾਲਾਂ ਦੀਆਂ ਉਂਗਲਾਂ ਦੇ ਪੋਟਿਆਂ ਨੂੰ ਖ਼ੂਬਸੂਰਤ ਲਿਖ਼ਤ ਲਈ ਤਿਆਰ ਕਰਦਾ ਸੀ ਉਥੇ ਲਗਾਤਾਰ ਲਿਖਣ ਪ੍ਰਕਿਰਿਆ ਵਿਚ ਲਿਖ਼ਾਈ ਨਿਰੰਤਰ ਸੁੰਦਰ ਬਣੀ ਰਹਿੰਦੀ ਸੀ। ਨਾਲ਼ ਹੀ ਆਰਥਿਕ ਪੱਖ ਤੋਂ ਅੱਜ ਵਾਂਗ ਨਿੱਤ ਦਿਹਾੜੇ ਕਾਪੀਆਂ ਦੀ ਮੰਗ ਨੂੰ ਠੱਲ੍ਹ ਹੀ ਨਹੀਂ ਪੈਂਦੀ ਸੀ ਸਗੋਂ ਪ੍ਰਾਇਮਰੀ ਪੱਧਰ ਤੇ ਕਾਪੀਆਂ ਦੀ ਵਰਤੋਂ ਹੀ ਬੜੀ ਨਾ-ਮਾਤਰ ਹੋਇਆ ਕਰਦੀ ਸੀ। 
ਕੱਚੀ ਪਹਿਲੀ ਜਮਾਤ ਪੜ੍ਹਦੇ ਮੇਰੇ ਬੇਟੇ ਆਲਮਨੂਰ ਨੇ ਅੱਜ ਮੈਂਨੂੰ ਬਜ਼ਾਰ ਜਾਣ ਲੱਗਿਆਂ ਚੇਤੇ ਕਰਵਾਇਆ ਕਿ ਮੁੜਦਿਆਂ ਉਸ ਲਈ ਪੈਨਸਲਾਂ ਦੀ ਡੱਬੀ ਲੈਂਦਾ ਆਵਾਂ। ਮੈਂ ਬਜ਼ਾਰ ਦੇ ਹੋਰ ਕੰਮ ਨਬੇੜ ਪੈਨਸਲਾਂ ਦੀ ਡੱਬੀ ਵੀ ਖ਼ਰੀਦ ਕੇ ਸਾਂਭ ਲਈ। ਰਾਤੀਂ ਪਿਆ-ਪਿਆ ਸੋਚ ਰਿਹਾ ਸਾਂ ਕਿ ਅਪਸਰਾ ਕੰਪਨੀ ਦੀ ਇਹ ਪੈਨਸਲਾਂ ਦੀ ਡੱਬੀ ਵੀ ਮਹਿੰਗਾਈ ਦੀ ਮਾਰ ਹੇਠ ਆਈਆਂ ਹੋਰਨਾਂ ਵਸਤਾਂ ਵਾਂਗ ਚਾਲੀਆਂ ਰੁਪਈਆਂ ਦੀ ਹੋ ਗਈ ਹੈ। ਇਕ ਗ਼ਰੀਬ ਮਾਪੇ ਨੂੰ ਇਹ ਪੈਨਸਲਾਂ ਮੁਹੱਈਆ ਕਰਵਾਉਣਾ ਵੀ ਕਿੰਨਾ ਮੁਸ਼ਕਲ ਹੋਵੇਗਾ ਜਿਸ ਨੇ ਹੱਡ- ਭੰਨ੍ਹਵੀਂ ਮੁਸ਼ੱਕਤ ਕਰਕੇ ਮਸਾਂ ਦਿਹਾੜੀ ਦੇ ਸੌ-ਡੇਢ ਸੌ ਕਮਾਏ ਹੋਣਗੇ। ਪਰ ਜੇ ਅਸੀਂ ਅਜੋਕੇ ਅਤਿ ਆਧੁਨਿਕ ਅਹਿਸਾਸ ਤੋਂ ਕੁਝ ਹਟ ਕੇ ਫੱਟੀ ਦੀ ਮਹੱਤਤਾ ਨੂੰ ਸਮਝੀਏ ਤਾਂ ਜਿੱਥੇ ਇਹ ਆਰਥਿਕ ਪੱਖ ਤੋਂ ਗ਼ਰੀਬ ਮਾਪਿਆਂ ਨੂੰ ਰਾਹਤ ਦੇਣ ਵਿਚ ਮੱਦਦਗਾਰ ਸਾਬਤ ਹੋ ਸਕਦੀ ਹੈ, ਉੱਥੇ ਅਸੀਂ ਕਾਗ਼ਜ਼ ਦੀ ਲੋੜੋਂ ਵੱਧ ਵਰਤੋਂ ਨੂੰ ਘਟਾ ਕੇ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਪ੍ਰਤੀ ਵੀ ਯੋਗਦਾਨ ਪਾ ਸਕਦੇ ਹਾਂ ਅਤੇ ਮੁਫ਼ਤੋਂ-ਮੁਫ਼ਤੀ ਵਾਂਗ ਬਾਲ ਉਮਰੇ ਵਿਦਿਆਰਥੀਆਂ ਦੀ ਲਿਖ਼ਾਈ ਦੀ ਸੁੰਦਰਤਾ ਨੂੰ ਵੀ ਬਰਕਰਾਰ ਰੱਖਣ ਵਿਚ ਕਾਮਯਾਬ ਹੋਇਆ ਜਾ ਸਕਦਾ ਹੈ। ਜ਼ਮਾਨੇ ਦੀ ਤੋਰ ਦੇ ਹਾਣ ਦਾ ਹੋਕੇ ਆਧੁਨਿਕ ਜਾਂ ਅਤਿ ਆਧੁਨਿਕ ਹੋਣਾ ਵਧੀਆ ਗੱਲ ਹੈ। ਪਰ ਪਰੰਪਰਾ ਵਿਚ ਪਈਆਂ ਸੁਖ਼ਦ ਅਤੇ ਲਾਹੇਵੰਦ ਗੱਲਾਂ ਨੂੰ ਅਪਣਾਈ ਰੱਖਣਾ ਉਸ ਤੋਂ ਵੀ ਵੱਧ ਉਸਾਰੂ ਅਹਿਸਾਸ ਹੈ।
95017-66644
drtaggar@gmail.com                      

Sunday, April 18, 2010