Tuesday, December 1, 2009

prince kanwaljeet singh in mood

ਪ੍ਰਿੰਸ ਕੰਵਲਜੀਤ ਸਿੰਘ ਬਣਾ ਰਿਹੈ ਗ਼ਦਰੀ ਬਾਬਿਆਂ ’ਤੇ ‘ਸ਼ੈਵੇਲੀਅਰ’ ਨਾਂ ਦੀ ਦਸਤਾਵੇਜ਼ੀ ਫ਼ਿਲਮ
ਡਾ.ਪਰਮਿੰਦਰ ਸਿੰਘ ਤੱਗੜ (ਕੋਟਕਪੂਰਾ)
ਕੋਟਕਪੂਰੇ ਦਾ ਇਕ ਉਦਮੀ ਰੰਗਕਰਮੀ ਅਤੇ ਚਰਚਿਤ ਨਾਟਕਕਾਰ ਪ੍ਰਿੰਸ ਕੰਵਲਜੀਤ ਸਿੰਘ ਗ਼ਦਰੀ ਬਾਬਿਆਂ ਦੇ ਇਤਿਹਾਸ ਬਾਰੇ ਇਕ ਦਸਤਾਵੇਜ਼ੀ ਫ਼ਿਲਮ ਦਾ ਨਿਰਮਾਣ ਕਰਨ ਜਾ ਰਿਹਾ ਹੈ ਜਿਸ ਤਹਿਤ 1901 ਈ: ਤੋਂ 1917 ਈ: ਤੱਕ ਦੇ ਸਮੇਂ ਨੂੰ ਲੈ ਕੇ ਇਤਿਹਾਸਕ ਪਰਿਪੇਖ਼ ਵਿਚ ਗ਼ਦਰੀ ਬਾਬਿਆਂ ਦੇ ਕਾਰਨਾਮਿਆਂ ਦਾ ਫ਼ਿਲਮਾਂਕਣ ਕਰਕੇ ਇਕ ਮੁਕੰਮਲ ਦਸਤਾਵੇਜ਼ ਦੀ ਸਿਰਜਣਾ ਸਾਕਾਰ ਹੋਵੇਗੀ। ਭਾਰਤ ਦੀ ਆਜ਼ਾਦੀ ਦੀ ਲੜਾਈ ਵਿਚ ਵਿਦੇਸ਼ਾਂ ’ਚ ਰਹਿੰਦੇ ਭਾਰਤੀ ਜਿਹਨਾਂ ’ਚ ਬਹੁਤੇ ਪੰਜਾਬੀ ਸਨ ਮਸਲਨ ਜਵਾਲਾ ਸਿੰਘ ਠੱਠੀਆਂ, ਵਸਾਖਾ ਸਿੰਘ ਦਦੇਹਰ, ਸਾਵਰਕਰ, ਮਦਨ ਲਾਲ ਢੀਂਗਰਾ, ਭਾਗ ਸਿੰਘ ਭਿਖਵਿੰਡ, ਮੇਵਾ ਸਿੰਘ ਲੋਪੋਕੇ, ਬਦਨ ਸਿੰਘ, ਜਗਤ ਸਿੰਘ ਸੁਰ ਸਿੰਘ, ਬਲਵੰਤ ਸਿੰਘ, ਊਧਮ ਸਿੰਘ ਕਸੇਲ ਅਤੇ ਹੋਰ ਬਹੁਤ ਸਾਰੇ ਗ਼ਦਰੀ ਬਾਬਿਆਂ- ਜਿਹਨਾਂ ਪਹਿਲਾਂ ਖ਼ਾਲਸਾ ਦੀਵਾਨ ਸੁਸਾਇਟੀ ਬਣਾਈ ਅਤੇ 1913ਈ: ਵਿਚ ਗ਼ਦਰ ਪਾਰਟੀ ਦੇ ਝੰਡੇ ਹੇਠ ਚਲਾਈ ਗ਼ਦਰ ਲਹਿਰ ਦੁਆਰਾ ਜਾਤਾਂ-ਪਾਤਾਂ ਅਤੇ ਧਰਮਾਂ ਨੂੰ ਇਕ ਨੁੱਕਰੇ ਕਰ ਦੇਸ ਦੀ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ ਅਤੇ ਆਜ਼ਾਦੀ ਲਹਿਰ ਦੀ ਮਸ਼ਾਲ ਨੂੰ ਉ¤ਚਾ ਚੁੱਕਿਆ ,ਆਪਣਾ ਲਹੂ ਨਿਚੋੜਦਿਆਂ ਕਾਲ਼ੇ ਪਾਣੀ ਦੀਆਂ ਜੇਲਾਂ ਕੱਟੀਆਂ,ਤਸੀਹੇ ਝੱਲੇ ਅਤੇ ਗ਼ੁਲਾਮੀ ਦੀਆਂ ਜੰਜ਼ੀਰਾਂ ਤੋੜਨ ਲਈ ਗ਼ਦਰ ਲਹਿਰ ਦੀਆਂ ਨੀਹਾਂ ਨੂੰ ਮਜ਼ਬੂਤ ਕੀਤਾ।
ਇਸ ਦਸਤਾਵੇਜ਼ੀ ਫ਼ਿਲਮ ਦਾ ਨਿਰਮਾਤਾ-ਨਿਰਦੇਸ਼ਕ ਵੀ ਪ੍ਰਿੰਸ ਖ਼ੁਦ ਹੀ ਹੈ। ਸਹਿ ਨਿਰਮਾਤਾ ਹੈ-ਕਰਮ ਸਿੰਘ ਪਾਧਾ,ਕੈਮਰਾ-ਮਨੀ ਗੋਇਲ, ਸਹਿ ਨਿਰਦੇਸ਼ਕ-ਗੁਰਪ੍ਰੀਤ ਸੰਧੂ, ਕਲਾ ਨਿਰਦੇਸ਼ਕ ਹੈ -ਅਮਰਜੋਤ ਮਾਨ। ਇਸ ਦਸਤਾਵੇਜ਼ੀ ਫ਼ਿਲਮ ਦੇ ਨਿਰਮਾਣ ਹਿਤ ਜੋ ਸ਼ਖ਼ਸੀਅਤਾਂ ਸਹਿਯੋਗ ਦੇ ਰਹੀਆਂ ਹਨ, ਉਹਨਾਂ ਵਿਚ ਪ੍ਰਮੁੱਖ ਹਨ-ਸ੍ਰ. ਗੁਰਮੀਤ ਸਿੰਘ ਕੋਟਕਪੂਰਾ ਮੁਖੀ ਉਪ-ਦਫ਼ਤਰ ਅਜੀਤ ਫ਼ਰੀਦਕੋਟ, ਗੁਰਮੀਤ ਸਿੰਘ ਸਕੱਤਰ ਸਭਿਆਚਾਰਕ ਵਿੰਗ ਦੇਸ਼ ਭਗਤ ਹਾਲ ਜਲੰਧਰ, ਚਰੰਜੀ ਲਾਲ ਕੰਗਣੀਵਾਲ਼ ਲਾਇਬਰੇਰੀਅਨ ਦੇਸ਼ ਭਗਤ ਯਾਦਗਾਰੀ ਹਾਲ, ਸਾਹਿਬ ਥਿੰਦ ਪ੍ਰਧਾਨ ਪ੍ਰੋ. ਮੋਹਨ ਸਿੰਘ ਮੇਲਾ ਫ਼ਾਊਂਡੇਸ਼ਨ ਕਨੇਡਾ, ਸੋਹਣ ਸਿੰਘ ਪੁੰਨੀ ਕਨੇਡਾ, ਸੀਤਾ ਰਾਮ ਬਾਂਸਲ, ਭਗਤ ਸਿੰਘ ਫੂਲ ਪ੍ਰਧਾਨ ਖ਼ਾਲਸਾ ਦੀਵਾਨ ਸਿੱਖ ਟੈਂਪਲ ਹਾਂਗਕਾਂਗ ।
ਪ੍ਰਿੰਸ ਕੰਵਲਜੀਤ ਸਿੰਘ ਇਕ ਬਹੁ-ਪੱਖੀ ਕਲਾ ਸ਼ਖ਼ਸੀਅਤ ਹੈ ਉਸ ਦੀ ਨਾਟ-ਪੁਸਤਕ ‘ਚੰਦ ਜਦੋਂ ਰੋਟੀ ਲਗਦਾ ਹੈ’ ਯੂਨੀਸਟਾਰ ਪ੍ਰਕਾਸ਼ਨ ਚੰਡੀਗੜ ਦੁਆਰਾ ਪ੍ਰਕਾਸ਼ਤ ਹੋ ਚੁੱਕੀ ਹੈ। ਉਸ ਦੀ ਇਕ ਟੈਲੀ ਫ਼ਿਲਮ ‘ਸਪਿੰਨਿਗ ਵਹੀਲ ਫ਼ਿਲਮ ਫ਼ੈਸਟੀਵਲ ਟਰਾਂਟੋ (ਕਨੇਡਾ) ਵਿਚ ਪ੍ਰਦਰਸ਼ਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਉਹ ਗੁਰਦਾਸ ਮਾਨ ਦੀ ਨਵੀਂ ਲੋਕ ਅਰਪਿਤ ਹੋਣ ਜਾ ਰਹੀ ਫ਼ਿਲਮ ‘ਚੱਕ ਜਵਾਨਾ’ ਵਿਚ ਵੀ ਆਪਣੀ ਅਭਿਨੈ ਕਲਾ ਦਾ ਬਿਹਤਰ ਪ੍ਰਦਰਸ਼ਨ ਕਰਦਾ ਨਜ਼ਰ ਆਵੇਗਾ।

Dhi Punjab Di


ਰਾਜ ਪੱਧਰੀ ਫਸਵੇਂ ਮੁਕਾਬਲੇ ਵਿਚ ਸੰਗਰੂਰ ਦੀ ਸੁਪਨਜੀਤ ਕੌਰ ਨੇ ਜਿੱਤਿਆ ‘ਧੀ ਪੰਜਾਬ ਦੀ’ ਖ਼ਿਤਾਬ
-ਗਾਇਕ ਵੀਰ ਸੁਖਵੰਤ ਨੂੰ ਪ੍ਰਦਾਨ ਕੀਤਾ ਮਰਹੂਮ ਨਰਿੰਦਰ ਬੀਬਾ ਯਾਦਗਾਰੀ ਪੁਰਸਕਾਰ-
ਫ਼ਰੀਦਕੋਟ-(ਡਾ. ਪਰਮਿੰਦਰ ਸਿੰਘ ਤੱਗੜ)
ਲੰਮੀ ਹੇਕ ਦੀ ਮਲਿਕਾ ਮਾਣਮੱਤੀ ਲੋਕ-ਗਾਇਕਾ ਮਰਹੂਮ ਨਰਿੰਦਰ ਬੀਬਾ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਯੁਵਕ ਸੇਵਾਵਾਂ ਵਿਭਾਗ ਪੰਜਾਬ ਨਾਲ਼ ਸਬੰਧਤ ਫ਼ਰੀਦਕੋਟ ਦੀ ਪ੍ਰਸਿੱਧ ਕਲਾ,ਸਾਹਿਤ ਅਤੇ ਸਮਾਜ ਨਾਲ਼ ਜੁੜੀ ਸੰਸਥਾ ਨੈਸ਼ਨਲ ਯੂਥ ਕਲੱਬ (ਰਜਿ:) ਵੱਲੋਂ ਮਾਣ-ਮੱਤੀਆਂ ਪੰਜਾਬਣ ਮੁਟਿਆਰਾਂ ਦੇ ਪੰਜਾਬੀ ਸਭਿਆਚਾਰ ਪ੍ਰਤੀ ਉਮਾਹ ਨੂੰ ਪੇਸ਼ ਕਰਦਾ ਸਮਾਗਮ ‘ਧੀ ਪੰਜਾਬ ਦੀ 2009’ ਐਮ. ਜੀ.ਐਮ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ (ਪੰਜਾਬ) ਦੇ ਵਿਸ਼ਾਲ ਵਿਹੜੇ ਵਿਚ ਬਣਾਏ ਖ਼ੂਬਸੂਰਤ ਪੰਡਾਲ ਵਿਚ ਕਰਵਾਇਆ ਗਿਆ,ਜਿਸ ਵਿਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਕਰਵਾਏ ਉਪ-ਚੋਣ ਮੁਕਾਬਲਿਆਂ ‘ਚੋਂ ਜੇਤੂ ਰਹੀਆਂ ਅਠਾਰਾਂ ਪੰਜਾਬਣ ਮੁਟਿਆਰਾਂ ਨੇ ‘ਧੀ ਪੰਜਾਬ ਦੀ’ਪੁਰਸਕਾਰ ਲਈ ਭਾਗ ਲਿਆ। ਜਿਹਨਾਂ ’ਚ ਸ਼ਾਮਲ ਸਨ-ਪੰਜਾਬ ਦੇ ਲੁਧਿਆਣਾ ਜ਼ਿਲੇ ਤੋਂ ਹਿਮਾਂਸ਼ੀ, ਸ਼ਿਵਦੀਪ ਕੌਰ, ਰਮਨਦੀਪ ਕੌਰ ਗਰੇਵਾਲ, ਅੰਮ੍ਰਿਤਸਰ ਤੋਂ ਸੁਪਰੀਤ ਕੌਰ ਬਾਜਵਾ, ਗੁਰਮੀਤ ਕੌਰ ਮਾਹਲ, ਮੁਕਤਸਰ ਤੋਂ ਸੰਦੀਪ ਕੌਰ, ਜਸਕਿਰਨਦੀਪ ਕੌਰ, ਗਗਨਦੀਪ ਕੌਰ, ਗੁਰਦਾਸਪੁਰ ਤੋਂ ਨਵਨੀਤ ਕੌਰ, ਫ਼ਤਿਹਗੜ ਸਾਹਿਬ ਤੋਂ ਜਸਪ੍ਰੀਤ ਕੌਰ ਗਿੱਲ, ਫ਼ਿਰੋਜ਼ਪੁਰ ਤੋਂ ਤੋਂ ਆਂਚਲ, ਰੋਪੜ ਤੋਂ ਰਮਨਦੀਪ ਕੌਰ, ਫ਼ਰੀਦਕੋਟ ਤੋਂ ਚਰਨਦੀਪ ਕੌਰ, ਤਰਨਤਾਰਨ ਤੋਂ ਸੰਦੀਪ ਕੌਰ, ਬਠਿੰਡੇ ਤੋਂ ਮਨਪ੍ਰੀਤਪਾਲ ਕੌਰ, ਸੰਗਰੂਰ ਤੋਂ ਸੁਪਨਪ੍ਰੀਤ ਕੌਰ ਚਾਹਲ, ਹੁਸ਼ਿਆਰਪੁਰ ਤੋਂ ਸੁਪ੍ਰੀਤ ਕੌਰ। ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਡਾ. ਵਿਜੇ ਐਨ. ਜ਼ਾਦੇ ਆਈ. ਏ. ਐਸ. ਸ਼ਾਮਲ ਹੋਏ ਅਤੇ ਸਮਾਗਮ ਦੇ ਪ੍ਰਧਾਨਗੀ ਮੰਡਲ ’ਚ ਜੈਸ਼ਨਪ੍ਰੀਤ ਸਿੰਘ ਢਿੱਲੋਂ ਚੇਅਰਮੈਨ ਮਾਰਕੀਟ ਕਮੇਟੀ, ਅਮਰਦੀਪ ਸਿੰਘ ਬਾਸੀ ਪ੍ਰਧਾਨ ਨਗਰ ਕੌਂਸਲ,ਸ਼੍ਰੀਮਤੀ ਸੁਖਮੰਦਰ ਕੌਰ ਬਰਾੜ ਮੰਡਲ ਸਿੱਖਿਆ ਅਫ਼ਸਰ ਫ਼ਰੀਦਕੋਟ ਸ਼ਾਮਲ ਸਨ। ਸਤਿਕਾਰਤ ਮਹਿਮਾਨਾਂ ਵਜੋਂ ਮਾਤਾ ਮੁਖਤਿਆਰ ਕੌਰ ਸਾਬਕਾ ਬੀ.ਪੀ.ਈ.ਓ,ਗੁਰਚਰਨ ਸਿੰਘ ਸੰਧੂ ਡੀ.ਟੀ.ਓ.,ਗੁਰਮੀਤ ਸਿੰਘ ਬਰਾੜ ਜੀ.ਐਮ.(ਪੀ.ਏ.ਡੀ.ਪੀ.), ਗੁਰਚੇਤ ਸਿੰਘ ਢਿੱਲੋ ਜ਼ਿਲਾ ਪ੍ਰਧਾਨ ਯੂਥ ਅਕਾਲੀ ਦਲ ਬਾਦਲ ਤੇ ਸੁਖਵਿੰਦਰ ਸਿੰਘ ਬੱਬੂ ਕੋਟਕਪੂਰਾ ਪਹੁੰਚੇ। ਉਦਘਾਟਨ ਦੀ ਰਸਮ ਅਮਰਜੀਤ ਸਿੰਘ ਦਿਉਲ ਐਨ ਆਰ ਆਈ ਨੇ ਰਿਬਨ ਕੱਟ ਕੇ ਕੀਤੀ। ਇਸ ਰਸਮ ਮੌਕੇ ਨੈਸ਼ਨਲ ਯੂਥ ਐਵਾਰਡੀ ਜਗਜੀਤ ਸਿੰਘ ਚਾਹਲ ਸਹਾਇਕ ਨਿਰਦੇਸ਼ਕ ਯੁਵਕ ਸੇਵਾਵਾਂ ਫ਼ਰੀਦਕੋਟ ਵੀ ਨਾਲ਼ ਸਨ। ਭਾਗੀਦਾਰ ਮੁਟਿਆਰਾਂ ਅੰਦਰ ਛੁਪੀ ਬਹੁਪੱਖੀ ਪ੍ਰਤਿਭਾ ਨੂੰ ਉਜਾਗਰ ਕਰਨ ਦੇ ਮਕਸਦ ਨਾਲ਼ ਮੁਕਾਬਲੇ ਨੂੰ ਪੰਜ ਗੇੜਾਂ ਵਿਚ ਵੰਡਿਆ ਹੋਇਆ ਸੀ ਜਿਸ ਵਿਚ ਪਹਿਲਾ ਗੇੜ ਸੀ-ਪਹਿਰਾਵਾ ਪ੍ਰਦਰਸ਼ਨ,ਦੂਜਾ-ਗਿੱਧਾ,ਤੀਜਾ-ਵਿਅਕਤੀਗਤ ਪੇਸ਼ਕਾਰੀ, ਚੌਥਾ-ਪ੍ਰਸ਼ਨੋਤਰੀ ਅਤੇ ਪੰਜਵੇਂ ਅਤੇ ਅੰਤਿਮ ਗੇੜ ਵਿਚ ਮੁਟਿਆਰਾਂ ਨੇ ਵਿਅਕਤੀਗਤ ਨਾਚ ਪ੍ਰਦਰਸ਼ਨ ਰਾਹੀਂ ਆਪਣੀ ਬਿਹਤਰੀਨ ਕਲਾ ਅਤੇ ਬੌਧਿਕਤਾ ਦਾ ਪ੍ਰਗਟਾਵਾ ਕੀਤਾ। ਇਸ ਫਸਵੇਂ ਮੁਕਾਬਲੇ ਦੀ ਜੱਜਮੈਂਟ ਲਈ ਪੰਜਾਬੀ ਪੱਤਰਕਾਰੀ ਦੇ ਸਿਰਮੌਰ ਹਸਤਾਖ਼ਰ ਗੁਰਮੀਤ ਸਿੰਘ ਮੁਖੀ ਉਪ-ਦਫ਼ਤਰ ‘ਅਜੀਤ’ਫ਼ਰੀਦਕੋਟ,ਜਾਣੀ-ਪਛਾਣੀ ਕਹਾਣੀਕਾਰਾ ਵਿਸ਼ਵਜਯੋਤੀ ਧੀਰ ਅਤੇ ਡਾ.ਸਰਬਜੀਤ ਕੌਰ ਸੋਹਲ (ਮੋਹਾਲੀ) ਨੇ ਲੰਮਾ ਸਮਾਂ ਇਕਾਗਰਚਿਤ ਹੋ ਕੇ ਇਸ ਮੁਕਾਬਲੇ ਦਾ ਫ਼ੈਸਲਾ ਤਿਆਰ ਕੀਤਾ। ਜਿਸ ਅਨੁਸਾਰ ਇਸ ਮੁਕਾਬਲੇ ‘ਚ ਸੁਪਨਜੀਤ ਕੌਰ ਸੰਗਰੂਰ ਨੇ ਪਹਿਲਾ ਸਥਾਨ,ਗਗਨਦੀਪ ਕੌਰ ਮੁਕਤਸਰ ਨੇ ਦੂਜਾ ਅਤੇ ਗੁਰਮੀਤ ਕੌਰ ਮਾਹਲ ਅੰਮ੍ਰਿਤਸਰ ਨੇ ਤੀਜਾ ਸਥਾਨ ਹਾਸਲ ਕੀਤਾ। ਇਹਨਾਂ ਮੁਟਿਆਰਾਂ ਨੂੰ ਕਰਮਵਾਰ ਸੋਨੇ ਦੀ ਸੱਗੀ, ਸੋਨੇ ਦੀ ਜੁਗਨੀ, ਸੋਨੇ ਦੇ ਟਿੱਕੇ ਦੇ ਨਾਲ਼-ਨਾਲ਼, ਇੱਕ-ਇੱਕ ਫ਼ੁਲਕਾਰੀ,ਯਾਦ ਨਿਸ਼ਾਨੀ,ਪ੍ਰਮਾਣ ਪੱਤਰ ਦੇ ਕੇ ਧੀ ਪੰਜਾਬ ਦੀ ਪੁਰਸਕਾਰਾਂ ਨਾਲ ਸਵਰਨ ਸਿੰਘ ਸਾਬਕਾ ਸਰਪੰਚ ਸ਼ਕੂਰ, ਸੁਰਿੰਦਰ ਪੁਰੀ ਇੰਸਟੀਚਿਊਟ ਆਫ਼ ਐਡਵਾਂਸ ਕੰਪਿਊਟਰ ਐਜ਼ੂਕੇਸ਼ਨ,ਡਾ:ਸਤਿੰਦਰਪਾਲ ਸਿੰਘ ਚੇਅਰਮੈਨ ਸ਼ੇਖ ਫ਼ਰੀਦ ਆਈ.ਟੀ.ਆਈ.ਵੱਲੋਂ ਸਨਮਾਨਿਤ ਕੀਤਾ। ਮੁਕਾਬਲੇ ਦੀਆਂ ਸਾਰੀਆਂ ਭਾਗੀਦਾਰ ਮੁਟਿਆਰਾਂ ਨੂੰ ਸੁਖਜਿੰਦਰ ਸਿੰਘ ਸਮਰਾ ਐਮ.ਡੀ., ਟੀ.ਵੀ.ਐਸ. ਫ਼ਰੀਦਕੋਟ ਵੱਲੋਂ ਸੋਨੇ ਦੇ ਕੋਕਿਆਂ, ਯਾਦਗਾਰੀ ਨਿਸ਼ਾਨੀਆਂ ਤੇ ਪ੍ਰਮਾਣ ਪੱਤਰਾਂ ਨਾਲ ਸਨਮਾਨਤ ਕੀਤਾ ਗਿਆ। ਇਸ ਮੁਕਾਬਲੇ ਦੌਰਾਨ 2008‘ਚ ਧੀ ਪੰਜਾਬ ਦੀ ਚੁਣੀ ਗਈ ਮਨਦੀਪ ਕੌਰ (ਆਂਡਲੂ)ਲੁਧਿਆਣਾ ਨੂੰ ਵੀ ਕਲੱਬ ਵੱਲੋਂ ਸਨਮਾਨਿਆ ਗਿਆ। ਰਾਜ ਪੱਧਰੀ ਸਮਾਗਮ ਦੌਰਾਨ ਪੰਜਾਬੀ ਗਾਇਕੀ ‘ਚ ਨਿਵੇਕਲੀਆਂ ਪੈੜਾਂ ਪਾਉਣ ਵਾਲੇ ਲੋਕ ਗਾਇਕ ‘ਵੀਰ ਸੁਖਵੰਤ’ਨੂੰ ਨਰਿੰਦਰ ਬੀਬਾ ਯਾਦਗਾਰੀ ਐਵਾਰਡ ਨਾਲ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਇਸ ਪ੍ਰੋਗਰਾਮ ਦੀ ਰੌਣਕ ਨੂੰ ਵਧਾਉਣ ਲਈ ਹਾਸਰਸ ਕਲਾਕਾਰ ਜਗਤਾਰ ਜੱਗੀ ਅਤੇ ਅੰਮ੍ਰਿਤਪਾਲ ਛੋਟੂ ਤੋਂ ਇਲਾਵਾ ਪ੍ਰਸਿੱਧ ਪੰਜਾਬੀ ਗੀਤਕਾਰ,ਗਾਇਕ ਅਤੇ ਅਦਾਕਾਰ ਰਾਜ ਬਰਾੜ ਅਤੇ ਵੀਰ ਸੁਖਵੰਤ ਤੇ ਮਿਸ ਨੀਲੂ ਦੀ ਗਾਇਕ ਜੋੜੀ ਨੇ ਖ਼ੂਬਸੂਰਤ ਪੇਸ਼ਕਾਰੀਆਂ ਨਾਲ ਹਾਜ਼ਰੀ ਲਵਾਈ। ਇਸ ਤੋਂ ਇਲਾਵਾ ਗਾਇਕ ਸੁਖਵਿੰਦਰ ਸੁੱਖਾ,ਬੋਹੜ ਮਸੀਹ ਅਤੇ ਸੁਰਜੀਤ ਗਿੱਲ ਨੇ ਆਪਣੀ ਗਾਇਨ ਸ਼ੈਲੀ ਦਾ ਮੁਜ਼ਾਹਰਾ ਕਰਦੇ ਹੋਏ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਦਰਸ਼ਕਾਂ ਦੇ ਨਾਲ਼ ਜ਼ਿਲਾ ਫ਼ਰੀਦਕੋਟ ਦੇ ਆਹਲਾ ਅਫ਼ਸਰਾਂ ਨੇ ਵੀ ਪਰਿਵਾਰਾਂ ਸਮੇਤ ਸਮਾਗਮ ਦਾ ਆਨੰਦ ਮਾਣਿਆਂ। ਸਮਾਗਮ ਦਾ ਮੰਚ ਸੰਚਾਲਨ ਬਾਖ਼ੂਬੀ ਅੰਦਾਜ਼ ਵਿਚ ਪ੍ਰਸਿੱਧ ਮੰਚ ਸੰਚਾਲਕ ਜਸਬੀਰ ਜੱਸੀ ਵੱਲੋਂ ਕੀਤਾ ਗਿਆ। ਕਲੱਬ ਦੇ ਪ੍ਰਧਾਨ ਪ੍ਰਸਿੱਧ ਭੰਗੜਾ ਕੋਚ ਗੁਰਚਰਨ ਸਿੰਘ ਅਤੇ ਜਨਰਲ ਸਕੱਤਰ ਸ਼ਾਇਰ ਸੁਨੀਲ ਚੰਦਿਆਣਵੀ,ਸੀਨੀਅਰ ਮੀਤ ਪ੍ਰਧਾਨ ਗੋਪਾਲ ਸਿੰਘ,ਮੀਤ ਪ੍ਰਧਾਨ ਜਸਵਿੰਦਰ ਮਿੰਟੂ ਆਪਣੀ ਪੂਰੀ ਟੀਮ ਨਾਲ਼ ਸੁਚੱਜਾ ਪ੍ਰਬੰਧ ਯਕੀਨੀ ਬਣਾਉਂਦੇ ਹੋਏ ਮਹਿਮਾਨਾਂ ਦੀ ਪੂਰੀ ਇੱਜ਼ਤ-ਅਫ਼ਜ਼ਾਈ ਕਰ ਰਹੇ ਸਨ। ਇਸ ਪ੍ਰੋਗਰਾਮ ਦੌਰਾਨ ਸੇਵਾ ਸਿੰਘ ਮੱਲੀ ਡੀ.ਐਸ.ਪੀ., ਗੁਰਮੀਤ ਸਿੰਘ ਡੀ.ਐਸ.ਪੀ. ਹੈਡਕੁਆਟਰ, ਬਿਕਰਮਜੀਤ ਸਿੰਘ ਡੀ.ਐਸ.ਪੀ. ਕੋਟਕਪੂਰਾ, ਸੁਰਿੰਦਰ ਕੁਮਾਰ ਗੁਪਤਾ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ, ਪ੍ਰਿੰਸੀਪਲ ਸੇਵਾ ਸਿੰਘ ਚਾਵਲਾ, ਇੰਜੀ: ਪਰਮਜੀਤ ਸਿੰਘ, ਪ੍ਰੋ. ਨਵਦੀਪ ਕੌਰ, ਪੰਜਾਬੀ ਯੂਨੀਵਰਸਿਟੀ ਤੋਂ ਪ੍ਰੋਫ਼ੈਸਰ (ਡਾ.)ਅਮਨਦੀਪ ਸਿੰਘ ਤੇ ਪ੍ਰੋ. ਸੰਦੀਪ ਰਾਣਾ, ਤੇਜਿੰਦਰ ਸਿੰਘ ਬਰਾੜ ਸਹਾਇਕ ਮੰਡਲ ਸਿਖਿਆ ਅਫ਼ਸਰ, ਸੁਖਮੰਦਰ ਸਿੰਘ ਛੂਛਕ, ਬਲਜਿੰਦਰ ਸਿੰਘ ਧਾਲੀਵਾਲ, ਹਰਕ੍ਰਿਸ਼ਨ ਮਿੱਤਲ, ਸ਼ਿਵਰਾਜ ਸਿੰਘ ਸਰਾਏਨਾਗਾ,ਗੁਰਮੇਲ ਸਿੰਘ ਇੰਚਾਰਜ ਜ਼ਿਲਾ ਟਰੈਫ਼ਿਕ ਪੁਲਿਸ,ਲਖਵਿੰਦਰ ਹਾਲੀ ਤਰਕਸ਼ੀਲ ਆਗੂ ਹਾਜ਼ਰ ਸਨ। ਸਮਾਗਮ ਦੀ ਸਫ਼ਲਤਾ ਵਾਸਤੇ ਅਮਨਦੀਪ ਸਿੰਘ ਲੱਕੀ,ਭੁਪਿੰਦਰਪਾਲ ਸਿੰਘ ਹੈਡ ਡਰਾਫ਼ਟਸਮੈਨ, ਸੁਨੀਲ ਵਾਟਸ, ਪਾਲ ਸਿੰਘ ਸੰਧੂ, ਗੁਰਮੇਲ ਸਿੰਘ ਜੱਸਲ, ਸਵਰਨ ਸਿੰਘ ਭੋਲਾ, ਗੁਰਚਰਨ ਗਿੱਲ ਢੁੱਡੀ, ਯੋਗੇਸ਼ ਕੁਮਾਰ, ਅਮਨਦੀਪ ਦੀਪ, ਮਾਸਟਰ ਗੁਰਮੇਲ ਸਿੰਘ ਜੱਸਲ, ਨਰੇਸ਼ ਕੁਮਾਰ ਆਦਿ ਮੈਂਬਰਾਂ ਨੇ ਅਹਿਮ ਭੂਮਿਕਾ ਅਦਾ ਕੀਤੀ।

hari singh mohi shayar

ਪੰਜਾਬੀ ਸ਼ਾਇਰੀ ਦਾ ਚਰਚਿਤ ਹਸਤਾਖ਼ਰ : ਹਰੀ ਸਿੰਘ ਮੋਹੀ
- ਪਰਮਿੰਦਰ ਸਿੰਘ ਤੱਗੜ (ਡਾ.)
ਹਰੀ ਸਿੰਘ ਮੋਹੀ ਪੰਜਾਬੀ ਕਾਵਿ ਜਗਤ ਵਿਚ ਜਾਣਿਆਂ-ਪਛਾਣਿਆਂ ਹਸਤਾਖ਼ਰ ਹੈ। ਉਸਨੇ ਹੁਣ ਤੱਕ ‘ਸਹਿਮੇ ਬਿਰਖ਼ ਉਦਾਸੇ ਰੰਗ’ ਕਾਵਿ-ਸੰਗ੍ਰਿਹ, ‘ਮੁਖ਼ਾਲਿਫ਼ ਹਵਾ’ ਕਾਵਿ-ਸੰਗ੍ਰਿਹ, ‘ਬਾਜ਼ੀ’ ਗ਼ਜ਼ਲ-ਸੰਗ੍ਰਿਹ, ‘ਮਣਕੇ’ ਕਾਵਿ-ਸੰਗ੍ਰਿਹ ਪੰਜਾਬੀ ਸਾਹਿਤ ਦੀ ਝੋਲ਼ੀ ਪਾਏ ਹਨ। ਇਸ ਤੋਂ ਬਿਨਾਂ ਪਾਸ਼ ਦੀਆਂ ਚੋਣਵੀਆਂ 79 ਕਵਿਤਾਵਾਂ ਦਾ ਅੰਗਰੇਜ਼ੀ ਵਿਚ ਉਲ਼ੱਥਾ ਕਰਕੇ ‘ਪਾਸ਼ ਐਂਥਾਲੋਜੀ’ ਸਿਰਲੇਖ ਤਹਿਤ ਕਿਤਾਬੀ ਰੂਪ ਦਿੰਦਿਆਂ ਪਾਸ਼ ਦੀ ਸ਼ਾਇਰੀ ਨੂੰ ਅੰਗਰੇਜ਼ੀ ਦੇ ਸ਼ੌਕੀਨ ਪਾਠਕਾਂ ਤੱਕ ਪੁਚਾ ਕੇ ਪਾਸ਼ ਨੂੰ ਵਿਹਾਰਕ ਸ਼ਰਧਾਂਜਲੀ ਦਿੱਤੀ। ਉਸ ਦੀ ਪੰਜਵੀਂ ਅਤੇ ਨਵੀਆਂ ਕਾਵਿ-ਕ੍ਰਿਤਾਂ ਦੀ ਕਿਤਾਬ ‘ਰੂਹ ਦਾ ਰਕਸ’15 ਨਵੰਬਰ 2009 ਨੂੰ ਕੋਟਕਪੂਰੇ ਗਿਆਨ ਪੀਠ ਪੁਰਸਕਾਰ ਵਿਜੇਤਾ ਪਦਮ ਸ੍ਰੀ ਪ੍ਰੋ.ਗੁਰਦਿਆਲ ਸਿੰਘ ਦੇ ਕਰ-ਕਮਲਾਂ ਦੁਆਰਾ ਲੋਕ-ਅਰਪਿਤ ਹੋ ਚੁੱਕੀ ਹੈ। ਅਸੀਂ ਇੱਥੇ ਉਸ ਦੀ ਇਕ ਤਾਜ਼ਾ ਅਤੇ ਅਣਛਪੀ ਕਾਵਿ-ਰਚਨਾ ਤੁਹਾਡੇ ਸਨਮੁੱਖ ਕਰਨ ਦੀ ਖ਼ੁਸ਼ੀ ਲੈ ਰਹੇ ਹਾਂ-

ਆਥਣ-ਉਗਣ ਜੋ ਸ਼ਬਦਾਂ ਦੀ ਛਾਵੇਂ ਉਠਦੇ ਬਹਿੰਦੇ ਨੇ, ਗਿਣਤੀ ਦੇ ਕੁਝ ਸ਼ਾਇਰ ਨੇ
ਨਜ਼ਰਾਂ ਵਾਲ਼ੀਆਂ ਅੱਖਾਂ ਵਿਚ ਜੋ ਹਰ ਪਲ ਜਗਦੇ ਰਹਿੰਦੇ ਨੇ, ਗਿਣਤੀ ਦੇ ਕੁਝ ਸ਼ਾਇਰ ਨੇ।

ਗੋਰਖ਼, ਬੁੱਲੇ, ਸ਼ਾਹ ਹੁਸੈਨ, ਨਾਮੇ, ਕਬੀਰ, ਰਵਿਦਾਸ, ਫ਼ਰੀਦ ਤੇ ਨਾਨਕ ਸ਼ਬਦ ਸਵਾਰੇ ਨੇ
ਵਾਰਿਸ ਜਿਹੇ ਵਿਰਸੇ ਦੇ ਵਾਰਿਸ ਜੋ ’ਵਾਵਾਂ ਸੰਗ ਵਹਿੰਦੇ ਨੇ, ਗਿਣਤੀ ਦੇ ਕੁਝ ਸ਼ਾਇਰ ਨੇ।


ਤੂੰ ਮੈਂ ਜਦ ਵੀ ਮਿਲ਼ਦੇ ਹਾਂ, ਇਕ ਦੂਜੇ ਦੇ ਗਲ਼ ਲਗਕੇ, ਆਪਣੇ ਦੁੱਖ ਹੀ ਰੋਂਦੇ ਹਾਂ
ਵਿਰਵੇ ਵਾਂਝੇ ਜੱਗ ਦੀ ਪੀੜਾ ਜਿਹੜੇ ਸੁਣਦੇ ਕਹਿਦੇ ਨੇ, ਗਿਣਤੀ ਦੇ ਕੁਝ ਸ਼ਾਇਰ ਨੇ।


ਚੇਤਿਆਂ ਦੇ ਵਿਚ ਵਸ ਜਾਣਾ ਸਦਾ ਹੀ ਨਜ਼ਰਾਂ ਵਿਚ ਰਹਿਣਾ, ਕੌਣ ਨਹੀਂ ਚਾਹੁੰਦਾ ਐਪਰ
ਬੋਲ ਜਿਨਾਂ ਦੇ ਹਰ ਇਕ ਦੇ ਬੁੱਲਾਂ ’ਤੇ ਸਦਾ ਹੀ ਰਹਿੰਦੇ ਨੇ, ਗਿਣਤੀ ਦੇ ਕੁਝ ਸ਼ਾਇਰ ਨੇ।


ਸੁਆਰਥ ਹਉਮੈਂ ਸਨਮਾਨਾਂ ਲਈ ਤਲ਼ੀਆਂ ਚੱਟਦੇ ਫ਼ਿਰਦੇ ਜੋ, ਭਾਟੜਿਆਂ ਦੀ ਕਮੀ ਨਹੀਂ,
ਪੈਰਾਂ ਸੰਗ ਜੋ ਤੁਰਦੇ ਨੇ, ਹੱਥਾਂ ਦਾ ਹੱਥ ਵਟਾਉਂਦੇ ਨੇ, ਗਿਣਤੀ ਦੇ ਕੁਝ ਸ਼ਾਇਰ ਨੇ।


ਆਥਣ-ਉਗਣ ਜੋ ਸ਼ਬਦਾਂ ਦੀ ਛਾਵੇਂ ਉਠਦੇ ਬਹਿੰਦੇ ਨੇ, ਗਿਣਤੀ ਦੇ ਕੁਝ ਸ਼ਾਇਰ ਨੇ
ਨਜ਼ਰਾਂ ਵਾਲ਼ੀਆਂ ਅੱਖਾਂ ਵਿਚ ਜੋ ਹਰ ਪਲ ਜਗਦੇ ਰਹਿੰਦੇ ਨੇ, ਗਿਣਤੀ ਦੇ ਕੁਝ ਸ਼ਾਇਰ ਨੇ।