Tuesday, April 26, 2011

ਜ਼ੋਰਾ ਸਿੰਘ ਸੰਧੂ ਕ੍ਰਿਤ 'ਮੈਂ ਅਜੇ ਨਾ ਵਿਹਲੀ' 'ਤੇ ਭਰਵੀਂ ਵਿਚਾਰ ਗੋਸ਼ਟੀ

ਕਹਾਣੀ ਸੰਗ੍ਰਹਿ 'ਬਿਗ਼ਾਨਾ ਘਰ' ਲੋਕ ਅਰਪਣ

ਡਾ. ਪਰਮਿੰਦਰ ਸਿੰਘ ਤੱਗੜ (ਆਨਰੇਰੀ ਸਾਹਿਤ ਸੰਪਾਦਕ - ਪੰਜਾਬੀ ਨਿਊਜ਼ ਆਨਲਾਈਨ)

-ਸਾਹਿਤ ਸਭਾ ਕੋਟਕਪੂਰਾ ਵੱਲੋਂ ਸਭਾ ਦੇ ਸਰਪ੍ਰਸਤ ਤੇ ਗਲਪਕਾਰ ਜ਼ੋਰਾ ਸਿੰਘ ਸੰਧੂ ਦੇ ਨਾਵਲ 'ਮੈਂ ਅਜੇ ਨਾ ਵਿਹਲੀ' 'ਤੇ ਵਿਚਾਰ ਗੋਸ਼ਟੀ ਸਮਾਗਮ ਕਰਾਇਆ ਗਿਆ। ਪ੍ਰਧਾਨਗੀ ਮੰਡਲ ਵਿਚ ਕਾਮਰੇਡ ਸੁਰਜੀਤ ਗਿੱਲ, ਪ੍ਰੋ. ਬ੍ਰਹਮਜਗਦੀਸ਼ ਸਿੰਘ, ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਸਭਾ ਦੇ ਪ੍ਰਧਾਨ ਸ਼ਾਮ ਸੁੰਦਰ ਅਗਰਵਾਲ, ਗਲਪਕਾਰ ਜ਼ੋਰਾ ਸਿੰਘ ਸੰਧੂ ਸ਼ਾਮਲ ਸਨ। ਸਮਾਗਮ ਦੇ ਆਗ਼ਾਜ਼ ਮੌਕੇ ਸੁਨੀਲ ਚੰਦਿਆਣਵੀ ਨੇ ਗ਼ਜ਼ਲ, ਗਾਇਕ ਰਾਜਿੰਦਰ ਰਾਜਨ ਨੇ ਹਿੰਦ-ਪਾਕ ਸਬੰਧਾਂ ਦੀ ਤਰਜ਼ਮਾਨੀ ਕਰਦਾ ਭਾਵਪੂਰਤ ਗੀਤ ਅਤੇ ਗ਼ਜ਼ਲਕਾਰ ਸੁਰਿੰਦਰਪ੍ਰੀਤ ਘਣੀਆ ਨੇ ਤਾਜ਼ਾ ਗ਼ਜ਼ਲ ਦੇ ਸ਼ਿਅਰਾਂ 'ਉਹ ਕਿੰਨੇ ਚਿਹਰਿਆਂ ਨੂੰ ਕਾਗ਼ਜ਼ਾਂ 'ਤੇ ਰੋਜ਼ ਵਾਹੁੰਦਾ ਹੈ, ਉਹਤੋਂ ਇਕ ਆਪਣੇ ਦਿਲ ਦਾ ਦਰਦ ਹੀ ਨਾ ਚਿਤਰਿਆ ਜਾਵੇ' ਪੇਸ਼ ਕਰਕੇ ਸਰੋਤਿਆਂ ਤੋਂ ਦਾਦ ਲਈ।  ਡਾ. ਦਵਿੰਦਰ ਸੈਫ਼ੀ ਨੇ ਲੋਕ ਅਰਪਤ ਹੋਣ ਜਾ ਰਹੇ ਕਹਾਣੀ ਸੰਗ੍ਰਹਿ 'ਬਿਗ਼ਾਨਾ ਘਰ' ਬਾਰੇ ਪਰਚਾਨੁਮਾ ਜਾਣ ਪਛਾਣ ਕਰਾਈ। 'ਬਿਗ਼ਾਨਾ ਘਰ' ਨੂੰ ਲੋਕ ਅਰਪਤ ਕਰਨ ਦੀ ਰਸਮ ਵਿਚ ਪ੍ਰਧਾਨਗੀ ਮੰਡਲ ਤੋਂ ਇਲਾਵਾ ਪ੍ਰਸਿਧ ਪੱਤਰਕਾਰ ਗੁਰਮੀਤ ਸਿੰਘ ਕੋਟਕਪੂਰਾ ਅਤੇ  ਕੰਵਲਜੀਤ ਭੱਠਲ ਸੰਪਾਦਕ 'ਕਲਾਕਾਰ' ਸ਼ਾਮਲ ਸਨ।
ਪੰਜਾਬ ਯੂਨੀਵਰਸਿਟੀ ਖੇਤਰੀ ਕੇਂਦਰ ਮੁਕਤਸਰ ਦੇ ਡਾ. ਬਲਕਾਰ ਸਿੰਘ ਨੇ 'ਮੈਂ ਅਜੇ ਨਾ ਵਿਹਲੀ' ਨਾਵਲ 'ਤੇ ਲਿਖ਼ਤ ਪੱਖ ਤੋਂ ਪਰਚਾ ਪੇਸ਼ ਕਰਦਿਆਂ ਨਾਵਲ ਨੂੰ ਪੜ੍ਹੇ ਲਿਖੇ ਸਾਧਨ ਸੰਪੰਨ ਵਰਗ ਦੇ ਲੋਕਾਂ ਦੀਆਂ ਮਨੋਸਥਿਤੀਆਂ ਦੀ ਪੇਸ਼ਕਾਰੀ ਕਿਹਾ। ਡਾ. ਸੁਰਜੀਤ ਬਰਾੜ ਨੇ ਇਸ ਨੂੰ ਮਧਵਰਗੀ ਅਹਿਸਾਸਾਂ ਦੀ ਅਭਿਵਿਅਕਤੀ ਕਿਹਾ ਅਤੇ ਪੰਜਾਬੀ ਨਾਵਲ ਵਿਚ ਰੂਸੀ ਨਾਵਲਾਂ ਵਾਂਗ ਕਿਸੇ ਵਿਸ਼ੇਸ਼ ਦਰਸ਼ਨ ਦੀ ਪੇਸ਼ਕਾਰੀ ਦੀ ਘਾਟ ਦੀ ਗੱਲ ਆਖੀ। ਪ੍ਰੋ. ਬ੍ਰਹਮਜਗਦੀਸ਼ ਸਿੰਘ ਨੇ ਆਪਣੇ ਵਿਕਲੋਤਰੇ ਅੰਦਾਜ਼ ਵਿਚ ਨਾਵਲ ਦੇ ਵਿਭਿੰਨ ਪੱਖਾਂ ਉਤੇ ਹਲਕੇ ਫ਼ੁਲਕੇ ਲਹਿਜ਼ੇ ਵਿਚ ਗੰਭੀਰ ਟਿੱਪਣੀਆਂ ਰਾਹੀਂ ਆਪਣੇ ਸੰਬੋਧਨ ਨੂੰ ਵਿਹਾਰਕ ਪਰਚੇ ਦਾ ਰੂਪ ਦਿੱਤਾ। ਡਾ. ਗੁਰਚਰਨ ਸਿੰਘ ਨੇ ਨਾਵਲ ਦੀ ਸਿਫ਼ਤ ਦੇ ਨਾਲ਼-ਨਾਲ਼ ਨਾਮੀ ਪ੍ਰਕਾਸ਼ਕਾਂ ਦਾ ਨਾਂਅ ਲੈ ਕੇ ਵਰ੍ਹਦਿਆਂ ਉਨ੍ਹਾਂ ਦੁਆਰਾ ਲੇਖਕਾਂ ਦੀ ਆਰਥਿਕ ਲੁੱਟ ਅਤੇ ਪੁਸਤਕਾਂ ਵਿਚ ਛੱਡੀਆਂ ਜਾ ਰਹੀਆਂ ਸ਼ਬਦਜੋੜਾਂ ਦੀ ਗ਼ਲਤੀਆਂ ਰਾਹੀਂ ਪੰਜਾਬੀ ਭਾਸ਼ਾ ਦਾ ਮੁਹਾਂਦਰਾ ਵਿਗਾੜਨ ਦਾ ਮੁੱਦਾ ਉਠਾਇਆ। ਹੋਰ ਬੁਲਾਰਿਆਂ ਵਿਚ ਕਾਮਰੇਡ ਸੁਰਜੀਤ ਗਿੱਲ, ਬਲਦੇਵ ਸਿੰਘ ਸੜਕਨਾਮਾ, ਪ੍ਰਿੰਸੀਪਲ ਦਰਸ਼ਨ ਸਿੰਘ, ਪ੍ਰੋ. ਨਛੱਤਰ ਸਿੰਘ ਖੀਵਾ। ਹਾਜ਼ਰ ਸਾਹਿਤ ਸੰਗੀਆਂ ਅਤੇ ਸਾਹਿਤਕਾਰਾਂ ਵਿਚ ਪ੍ਰੋ. ਸਾਧੂ ਸਿੰਘ, ਪ੍ਰੋ. ਪ੍ਰੀਤਮ ਸਿੰਘ ਭੰਗੂ, ਚਰਨਜੀਤ ਸਿੰਘ ਬਰਾੜ, ਜਲੌਰ ਸਿੰਘ ਬਰਾੜ, ਡਾ. ਹਰਜਿੰਦਰ ਸੂਰੇਵਾਲੀਆ, ਖੁਸ਼ਵੰਤ ਬਰਗਾੜੀ ਤੇ ਸਤਿੰਦਰ ਕੌਰ, ਮਹਿੰਦਰ ਕੌਰ, ਦੇਵਿੰਦਰ ਅਰਸ਼ੀ, ਅਮ੍ਰਿਤ ਜੋਸ਼ੀ, ਨਵਰਾਹੀ ਘੁਗਿਆਣਵੀ, ਨਿਰਮੋਹੀ ਫ਼ਰੀਦਕੋਟੀ, ਡਾ. ਦਰਸ਼ਨ ਪੰਨੂ, ਰਾਜਿੰਦਰ ਬੇਗਾਨਾ, ਕੁਲਦੀਪ ਮਾਣੂੰਕੇ, ਰਾਜਿੰਦਰ ਜੱਸਲ, ਲਾਲ ਸਿੰਘ ਕਲਸੀ, ਮਾਸਟਰ ਹਰਨਾਮ ਸਿੰਘ, ਵਿਸ਼ਵਜੋਤੀ ਧੀਰ, ਅਨੰਤ ਗਿੱਲ, ਜਸਵੀਰ ਭਲੂਰੀਆ, ਬਿੱਕਰ ਸਿੰਘ ਆਜ਼ਾਦ, ਪ੍ਰੀਤਮ ਸਿੰਘ ਚਾਹਲ, ਗੁਰਮੇਲ ਕੌਰ, ਕੰਵਲਜੀਤ ਕੌਰ, ਪ੍ਰੀਤ ਜੱਗੀ, ਮਨਜੀਤ ਪੁਰੀ, ਬਲਦੇਵ ਗੋਂਦਾਰਾ, ਜਰਨੈਲ ਨਿਰਮਲ, ਕਾਮਰੇਡ ਗੀਟਨ ਸਿੰਘ, ਪ੍ਰੋ. ਦਰਸ਼ਨ ਸਿੰਘ ਸੰਧੂ, ਦਰਸ਼ਨ ਗਿੱਲ ਬਠਿੰਡਾ, ਸੁਰਿੰਦਰ ਮਚਾਕੀ, ਬਲਬੀਰ ਸਿੰਘ, ਗੁਰਨਾਮ ਸਿੰਘ ਦਰਸ਼ੀ, ਗੁਰਮੇਲ ਸਿੰਘ ਮੂਰਤੀਕਾਰ ਸ਼ਾਮਲ ਸਨ। ਮੰਚ ਸੰਚਾਲਨ ਗੁਰਜਿੰਦਰ ਮਾਹੀ ਅਤੇ ਹਰਮਿੰਦਰ ਸਿੰਘ ਕੋਹਾਰਵਾਲਾ ਨੇ ਕੀਤਾ।

Friday, March 25, 2011

ਕ੍ਰਿਸ਼ਨ ਕੁਮਾਰ

ਕ੍ਰਿਸ਼ਨ ਕੁਮਾਰ


Posted On February - 17 - 2011 in Punjabi Tribune

ਡਾ. ਪਰਮਿੰਦਰ ਸਿੰਘ ਤੱਗੜ


ਨਵੰਬਰ 2007 ਤੋਂ ਪਹਿਲਾਂ ਪੰਜਾਬ ਸਕੂਲ ਸਿੱਖਿਆ ਵਿਭਾਗ ਵਿੱਚ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਭਾਵ ਡੀ.ਜੀ.ਐਸ.ਈ. ਦੇ ਅਹੁਦੇ ਨੂੰ ਕੌਣ ਜਾਣਦਾ ਸੀ। ਇਸ ਅਹੁਦੇ ਉਪਰ ਪਹਿਲਾਂ ਵੀ ਆਈ. ਏ. ਐਸ. ਅਧਿਕਾਰੀ ਤਾਇਨਾਤ ਰਹੇ ਹਨ। ਉਹ ਇੱਕ ਆਮ ਪ੍ਰਸ਼ਾਸਕ ਵਾਂਗ ਸਿੱਖਿਆ ਵਿਭਾਗ ਰਾਹੀਂ ਖ਼ੁਦ ਨੂੰ ਨੁਕਰੇ ਲੱਗਿਆ ਮਹਿਸੂਸ ਕਰਦੇ ਹੋਏ ਆਪਣੇ ਫ਼ਰਜ਼ ਨਿਭਾ ਕੇ ਚਲਦੇ ਬਣੇ। ਮੌਜੂਦਾ ਬਾਦਲ ਸਰਕਾਰ ਵੱਲੋਂ ਨਵੰਬਰ 2007 ਵਿੱਚ ਕ੍ਰਿਸ਼ਨ ਕੁਮਾਰ ਆਈ. ਏ. ਐਸ. ਦੀ ਨਿਯੁਕਤੀ ਇਸ ਅਹੁਦੇ ਲਈ ਕੀਤੀ ਗਈ। ਉਸ ਤੋਂ ਪਹਿਲਾਂ ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਜੋ ਹਸ਼ਰ ਸੀ ਉਸ ਬਾਰੇ ਕੁਝ ਕਹਿਣ ਦੀ ਲੋੜ ਨਹੀਂ।
ਜੇ ਉਹ ਨਵਾਂ ਸ਼ਹਿਰ ਦਾ ਡਿਪਟੀ ਕਮਿਸ਼ਨਰ ਰਿਹਾ ਤਾਂ ਉਸ ਦੀ ਕਾਰਜਸ਼ੈਲੀ ਸਦਕਾ ਭਰੂਣ ਹੱਤਿਆ ਦੀ ਦਰ ਇਸ ਕਦਰ ਘਟੀ ਕਿ ਤਿੰਨ ਚਾਰ ਸਾਲਾਂ ਵਿੱਚ ਹੀ ਲਿੰਗ ਅਨੁਪਾਤ ਸਾਵਾਂ ਹੋ ਗਿਆ। ਜਦ ਨਵੰਬਰ 2007 ਵਿੱਚ ਪੰਜਾਬ ਸਰਕਾਰ ਨੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਤਾਇਨਾਤ ਕੀਤਾ ਤਾਂ ਫਿਰ ਸਕੂਲ ਸਿੱਖਿਆ ਵਿਭਾਗ ਵਿੱਚ ਚੱਲ ਸੋ ਚੱਲ। ਨਾਲ ਹੀ ਸਰਵ ਸਿੱਖਿਆ ਅਭਿਆਨ ਦੇ ਸਟੇਟ ਪ੍ਰਾਜੈਕਟ ਡਾਇਰੈਕਟਰ ਦਾ ਕਾਰਜ ਭਾਰ ਸੰਭਾਲਦਿਆਂ 2006-2007 ਸੈਸ਼ਨ ਦੌਰਾਨ ਕੇਂਦਰ ਤੋਂ ਆਈ  184 ਕਰੋੜ ਰੁਪਏ ਦੀ ਗਰਾਂਟ ਦਾ ਗਰਾਫ਼ ਹੁਣ 700 ਕਰੋੜ ਤੱਕ ਪੁੱਜ ਚੁੱਕਿਆ ਹੈ। ਸੈਕੰਡਰੀ ਜਮਾਤਾਂ ਲਈ ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਤਹਿਤ 443 ਕਰੋੜ ਰੁਪਏ, ਦੁਪਹਿਰ ਦੇ ਭੋਜਨ ਲਈ 200 ਕਰੋੜ ਰੁਪਏ ਚਾਲੂ ਮਾਲੀ ਸਾਲ ਲਈ ਖਰਚ ਕਰਨ ਯੋਗ ਹਨ। ਇਹ ਗਰਾਂਟਾਂ ਆਉਣ ਵਾਲੇ ਸਾਲਾਂ ਵਿੱਚ ਹੋਰ ਵਧਣ ਦੀ ਉਮੀਦ ਹੈ। ਕੇਂਦਰ ਸਰਕਾਰ ਤੋਂ ਸਰਵ ਸਿੱਖਿਆ ਅਭਿਆਨ ਅਤੇ ਮਾਧਮਿਕ ਸਿੱਖਿਆ ਅਭਿਆਨ ਤਹਿਤ ਵੱਧ ਤੋਂ ਵੱਧ ਗਰਾਂਟਾਂ ਮੰਗਵਾਉਣ ਲਈ ਕਾਗਜ਼ੀ ਕਾਰਵਾਈ ਵਿੱਚ ਕ੍ਰਿਸ਼ਨ ਕੁਮਾਰ ਦਾ ਕੋਈ ਸਾਨੀ ਨਹੀਂ ਦਿਸਦਾ।
ਤਤਕਾਲੀ ਸਿੱਖਿਆ ਮੰਤਰੀ ਡਾ. ਉਪਿੰਦਰਜੀਤ ਕੌਰ ਦੇ ਕਾਰਜਕਾਲ ਸਮੇਂ ਸਰਵ ਸਿੱਖਿਆ ਅਭਿਆਨ ਅਤੇ ਵਿਭਾਗੀ ਤੌਰ ’ਤੇ ਰੱਖੇ ਤਕਰੀਬਨ 35000 ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਜਾਂ ਸਟੇਸ਼ਨ ਦੇਣ ਸਮੇਂ ਕੋਈ ਵਿਵਾਦ ਖੜ੍ਹਾ ਨਹੀਂ ਹੋਇਆ। ਸਰਵ ਸਿੱਖਿਆ ਅਭਿਆਨ ਦੀਆਂ ਗਰਾਂਟਾਂ ਦੀ ਉਚਿਤ ਤਰੀਕੇ ਨਾਲ਼ ਸਮੇਂ ਸਿਰ ਵਰਤੋਂ ਯਕੀਨੀ ਬਣਾ ਕੇ ਸਕੂਲਾਂ ਨੂੰ ਜਮਾਤ ਕਮਰੇ, ਪਖ਼ਾਨੇ, ਫ਼ਰਨੀਚਰ ਆਦਿ ਮੁਹੱਈਆ ਕਰਵਾਇਆ ਗਿਆ। ਸਕੂਲਾਂ ਵਿੱਚ ਅਧਿਆਪਕਾਂ ਦੀ ਸੁਸਤ ਚਾਲ ਨੂੰ ਚੁਸਤ-ਦਰੁਸਤ ਕਰਨ ਲਈ ਜੋ ਨਿਗਰਾਨੀ ਪ੍ਰਬੰਧ ਸ਼ੁਰੂ ਕੀਤਾ ਗਿਆ ਉਸ ਨਾਲ ਪ੍ਰਾਇਮਰੀ ਸਕੂਲਾਂ ਦੀ ਨੁਹਾਰ ਬਦਲੀ ਹੈ। ਇਸੇ ਤਰਜ ’ਤੇ ਛੇਵੀਂ, ਸੱਤਵੀਂ ਤੇ ਅੱਠਵੀਂ ਜਮਾਤ ਲਈ ਅੰਗਰੇਜ਼ੀ ਮਾਸਟਰ ਸਿਖਿਅਕਾਂ ਅਤੇ ਹਿਸਾਬ ਮਾਸਟਰ ਸਿਖਿਅਕਾਂ ਵੱਲੋਂ ਨਵੇਂ-ਨਵੇਂ ਪ੍ਰਾਜੈਕਟਾਂ ਰਾਹੀਂ ਵਿਸ਼ਾ ਅਧਿਆਪਕਾਂ ਦੀ ਮਦਦ ਕਰਕੇ ਚੰਗੇ ਨਤੀਜੇ ਲੈਣ ਦੇ ਕਾਮਯਾਬ ਯਤਨ ਸ਼ੁਰੂ ਕੀਤੇ ਗਏ ਹਨ।
ਸਕੂਲਾਂ ਵਿੱਚ ਪੜ੍ਹਾਈ ਦੇ ਮਿਆਰ ਨੂੰ ਪਰਖਣ ਅਤੇ ਅਧਿਆਪਕਾਂ ਦੇ ਸਹਿਯੋਗੀ ਸਾਬਤ ਹੋਣ ਲਈ ਜ਼ਿਲ੍ਹਾ ਅਤੇ ਮੰਡਲ ਪੱਧਰ ’ਤੇ ਵੱਖ-ਵੱਖ ਵਿਸ਼ਿਆਂ ਦੇ ਮਾਹਰ ਅਧਿਆਪਕਾਂ ਦੀ ਚੋਣ ਕਰਕੇ ਨਿਗਰਾਨੀ ਪ੍ਰਬੰਧ ਚਲਾਉਣ ਦੀ ਪਿਰਤ ਕ੍ਰਿਸ਼ਨ ਕੁਮਾਰ ਦੇ ਦਿਮਾਗ ਦੀ ਕਾਢ ਹੈ। ਜਿਸ ਦੇ ਨਤੀਜੇ ਵਜੋਂ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਸਮੇਂ ਸਿਰ ਹਾਜ਼ਰੀ ਯਕੀਨੀ ਬਣੀ ਹੈ ਅਤੇ ਵਿਦਿਆਰਥੀਆਂ ਨੂੰ ਪੜ੍ਹਾਈ ਸਬੰਧੀ ਕਰਾਏ ਜਾ ਰਹੇ ਕਾਰਜ ਦਾ ਲੇਖਾ- ਜੋਖਾ ਵੀ ਕੀਤਾ ਜਾ ਰਿਹਾ ਹੈ ਅਤੇ ਸਿੱਖਿਆ ਦੇ ਮਿਆਰ ਨੂੰ ਵਧਾਉਣ ਬਾਬਤ ਕਾਮਯਾਬ ਯਤਨ ਜਾਰੀ ਹਨ।
ਹੁਣੇ ਹੁਣੇ ਸਰਵ ਸਿੱਖਿਆ ਅਭਿਆਨ ਅਧੀਨ ਅਧਿਆਪਕਾਂ ਦੀ ਟੈਸਟ ਆਧਾਰਤ ਚੋਣ ਪਿੱਛੋਂ ਮੈਰਿਟ ਮੁਤਾਬਕ ਸਟੇਸ਼ਨ ਵੰਡ ਕੀਤੀ ਗਈ ਹੈ। ਜੋ ਕਿ ਸਿੱਖਿਆ ਮੰਤਰੀ ਅਤੇ ਕ੍ਰਿਸ਼ਨ ਕੁਮਾਰ ਦਰਮਿਆਨ ਤਣਾਅ ਦਾ ਕਾਰਨ ਬਣੀ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਸਟੇਸ਼ਨ ਅਲਾਟਮੈਂਟ ਤੋਂ ਚੁਣੇ ਉਮੀਦਵਾਰ ਬਹੁਤ ਹੱਦ ਤੱਕ ਖ਼ੁਸ਼ ਸਨ ਪਰ ਸਿੱਖਿਆ ਮੰਤਰਾਲੇ ਦੇ ਹਲਕਿਆਂ ਨੂੰ ਅਜਿਹੀ ਨਿਰਪੱਖ ਕਾਰਜਸ਼ੈਲੀ ਪਸੰਦ ਨਹੀਂ ਆਈ। ਕ੍ਰਿਸ਼ਨ ਕੁਮਾਰ ਦੇ ਤਬਾਦਲੇ ਦੀ ਖ਼ਾਸ ਵਜ੍ਹਾ ਇਹੋ ਹੈ। ਸਿੱਖਿਆ ਮੰਤਰੀ ਵੱਲੋਂ ਵਾਪਸ ਕਰਵਾਏ ਸਜ਼ਾ ਅਤੇ ਅਪੀਲ ਦੇ ਅਧਿਕਾਰਾਂ ਤੋਂ ਬਿਨਾਂ ਕਾਗ਼ਜ਼ੀ ਸ਼ੇਰ ਬਣ ਕੇ ਕੰਮ ਕਰਨਾ ਕ੍ਰਿਸ਼ਨ ਕੁਮਾਰ ਦੇ ਸੁਭਾਅ ਦਾ ਹਿੱਸਾ ਹੀ ਨਹੀਂ ਹੈ।
ਇਸ ਅਧਿਕਾਰੀ ਦੀ ਕਾਰਜਸ਼ੈਲੀ ਵਿੱਚ ਕਈ ਊਣਤਾਈਆਂ ਵੀ ਨਜ਼ਰ ਆਉਂਦੀਆਂ ਹਨ ਜਿਵੇਂ ਕਿ ਕ੍ਰਿਸ਼ਨ ਕੁਮਾਰ ਵੱਲੋਂ ਸਿੱਖਿਆ ਵਿਭਾਗ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਤੇ ਮੰਡਲ ਸਿੱਖਿਆ ਅਧਿਕਾਰੀਆਂ ਨੂੰ ਸੰਬੋਧਨ ਹੋਣ ਲੱਗਿਆਂ ਤਲਖ਼ ਰਵੱਈਆ ਅਪਣਾਉਣਾ, ਉਨ੍ਹਾਂ ਨੂੰ ਉਨ੍ਹਾਂ ਦੇ ਅਧੀਨ ਕੰਮ ਕਰਨ ਵਾਲੇ ਅਧਿਆਪਕਾਂ/ਕਰਮਚਾਰੀਆਂ ਸਾਹਮਣੇ ਜ਼ਲੀਲ ਕਰਨਾ, ਉਨ੍ਹਾਂ ਵੱਲੋਂ ਬੈਠਕ ਵਿੱਚ ਦਿੱਤੀ ਕਿਸੇ ਰਾਏ ਨੂੰ ਅਣਸੁਣਿਆ ਕਰਨਾ, ਅਧਿਆਪਕਾਂ ਨੂੰ ਨਿਤ ਨਵਾਂ ਫ਼ਰਮਾਨ ਜਾਰੀ ਕਰਦਿਆਂ ਪੜ੍ਹਾਉਣ ਤੋਂ ਧਿਆਨ ਹਟਾ ਕੇ ਰਜਿਸਟਰਾਂ ਦੇ ਇੰਦਰਾਜਾਂ ਵਿੱਚ ਉਲਝਾਈ ਰੱਖਣਾ, ਸਰਕਾਰੀ ਇਨਸਰਵਿਸ ਟ੍ਰੇਨਿੰਗ ਸੈਂਟਰਾਂ ’ਚ ਕੰਮ ਕਰਦੇ ਲੈਕਚਰਾਰਾਂ ਤੋਂ ਉਚਿਤ ਕੰਮ ਲੈਣ ਦੀ ਬਜਾਏ ਖ਼ੱਜਲ਼-ਖ਼ੁਆਰ ਕਰਨਾ ਆਦਿ ਅਣਸੁਖਾਵੇਂ ਪਹਿਲੂ ਕਹੇ ਜਾ ਸਕਦੇ ਹਨ। ਇਨ੍ਹਾਂ ਕਰਕੇ ਆਪਣੇ ਹੀ ਵਿਭਾਗ ਦੇ ਅਧਿਆਪਕਾਂ/ਕਰਮਚਾਰੀਆਂ ਅਤੇ ਅਧਿਕਾਰੀਆਂ ਵਿੱਚ ਕ੍ਰਿਸ਼ਨ ਕੁਮਾਰ ਦਾ ਅਕਸ ਤਾਨਾਸ਼ਾਹ ਵਾਲਾ ਬਣ ਗਿਆ ਸੀ। ਕ੍ਰਿਸ਼ਨ ਕੁਮਾਰ ਦੀ ਕਾਰਜਸ਼ੈਲੀ ਦੀਆਂ ਉਪਰੋਕਤ ਖ਼ਾਮੀਆਂ ਨੂੰ ਇੱਕ ਪਾਸੇ ਰੱਖ ਕੇ ਜੇ ਉਸ ਦੀ ਸੁਹਿਰਦਤਾ ਦਾ ਅਧਿਐਨ ਕਰੀਏ ਤਾਂ ਪਿਛਲੇ ਅਹੁਦਿਆਂ ’ਤੇ ਕੰਮ ਕਰਦਿਆਂ ਬਣੇ ਸਾਫ਼ ਸੁਥਰੇ ਅਕਸ ਦੇ ਮੱਦੇਨਜ਼ਰ ਉਸ ਦੀ ਨੀਅਤ ਵਿੱਚ ਖੋਟ ਦੀ ਗੁੰਜਾਇਸ਼ ਨਜ਼ਰ ਨਹੀਂ ਆਉਂਦੀ।

Monday, October 4, 2010

ਡਾ. ਸੁਤਿੰਦਰ ਸਿੰਘ ਨੂਰ

- ਅੱਜ 5 ਅਕਤੂਬਰ ਜਨਮ ਦਿਨ ’ਤੇ ਵਧਾਈ ਹਿਤ -
ਸਾਹਿਤ ਅਧਿਐਨ, ਰਚਨਾ ਅਤੇ ਆਲੋਚਨਾ ਦਾ ਪੁਖ਼ਤਾ ਸੁਮੇਲ
- ਡਾ. ਸੁਤਿੰਦਰ ਸਿੰਘ ਨੂਰ 
-ਡਾ. ਪਰਮਿੰਦਰ ਸਿੰਘ ਤੱਗੜ 
ਪੰਜ ਅਕਤੂਬਰ 1940 ਨੂੰ ਕੋਟਕਪੂਰਾ ਵਿਖੇ ਪ੍ਰਸਿੱਧ ਸ਼ਖ਼ਸੀਅਤ ਗਿਆਨੀ ਹਰੀ ਸਿੰਘ ਜਾਚਕ ਦੇ ਘਰ ਜਨਮੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਡਾ. ਸੁਤਿੰਦਰ ਸਿੰਘ ਨੂਰ ਨੇ ਭਾਰਤੀ ਸਾਹਿਤ, ਖ਼ਾਸ ਕਰਕੇ ਪੰਜਾਬੀ ਸਾਹਿਤ ਅਤੇ ਆਲੋਚਨਾ ਦੇ ਖੇਤਰ ਵਿਚ ਵਸੀਹ ਅਧਿਐਨ ਕੀਤਾ ਹੈ। ਦੇਸ਼ ਵਿਦੇਸ਼ ਵਿਚ ਹੋਣ ਵਾਲ਼ੇ ਕਿਸੇ ਅਤਿ ਖ਼ਾਸ ਪੰਜਾਬੀ ਸਾਹਿਤਕ ਉਤਸਵ ਵਿਚ ਡਾ. ਨੂਰ ਦੀ ਸ਼ਮੂਲੀਅਤ ਨਾ ਹੋਵੇ ਅਜਿਹਾ ਸ਼ਾਇਦ ਹੀ ਕਦੇ ਵਾਪਰਦਾ ਹੈ। ਜੇ ਆਪਣੀ ਜਨਮ ਭੂਮੀ ਭਾਵ ਕੋਟਕਪੂਰੇ ਕਿਸੇ ਸਾਹਿਤਕ ਸਮਾਗਮ ’ਚ ਸ਼ਾਮਲ ਹੋਣਾ ਹੋਵੇ ਤਾਂ ਉਨ੍ਹਾਂ ਲਈ ਦਿੱਲੀ ਤੋਂ ਕੋਟਕਪੂਰੇ ਦਾ ਲੰਮਾ ਪੈਂਡਾ ਵੀ ਕੋਈ ਮਾਅਨੇ ਨਹੀਂ ਰੱਖਦਾ। ਉਹ ਕੋਟਕਪੂਰੇ ਪੈਦਾ ਹੋ ਕੇ ਬਚਪਨ ਵਿਚ ਹੀ ਆਪਣੇ ਨਾਨਕੇ ਪਿੰਡ ‘ਵੱਡਾ ਘਰ’ ਜ਼ਿਲ੍ਹਾ ਮੋਗਾ ਵਿਖੇ ਚਲੇ ਗਏ। ਵੱਡੇ ਘਰ ਤੋਂ 1947 ਵੇਲ਼ੇ ਅੰਮ੍ਰਿਤਸਰ, ਫ਼ਿਰ 1949 ’ਚ ਅੰਬਾਲੇ ਆ ਕੇ ਡਾ. ਨੂਰ ਨੇ ਖ਼ਾਲਸਾ ਹਾਈ ਸਕੂਲ ’ਚੋਂ ਵਿਦਿਆ ਪ੍ਰਾਪਤ ਕਰਕੇ 14 ਵਰ੍ਹਿਆਂ ਦੀ ਉਮਰ ਵਿਚ ਗਿਆਨੀ ਪਾਸ ਕਰ ਲਈ ਸੀ। ਅੰਬਾਲਾ ਛਾਉਣੀ ਦੇ ਜੀ.ਐਮ.ਐਸ. ਕਾਲਜ ’ਚ ਪੜ੍ਹਦਿਆਂ ਸਾਹਿਤਕ ਸਰਗ਼ਰਮੀਆਂ ਵਿਚ ਲੀਨ ਹੋਣ ਦਾ ਸਬੱਬ ਬਣਿਆਂ। ਐਮ. ਏ. ਅੰਗਰੇਜ਼ੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਾਸ ਕੀਤੀ ਅਤੇ ਇਹ ਯੂਨੀਵਰਸਿਟੀ ਦਾ ਪਹਿਲਾ ਵਰ੍ਹਾ ਸੀ ਜਿਸ ਕਰਕੇ ਯੂਨੀਵਰਸਿਟੀ ਦੀਆਂ ਜਮਾਤਾਂ ਮਹਿੰਦਰਾ ਕਾਲਜ ਪਟਿਆਲ਼ੇ ਲੱਗਦੀਆਂ ਸਨ। ਸਟੂਡੈਂਟ ਫ਼ੈਡਰੇਸ਼ਨ ’ਚ ਕੰਮ ਕਰਦਿਆਂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੀ ਪ੍ਰਧਾਨਗੀ ਕੀਤੀ। ਐਮ. ਏ. ਅੰਗਰੇਜ਼ੀ ਪਾਸ ਕਰਨ ਉਪਰੰਤ ਐਸ. ਡੀ. ਕਾਲਜ ਅੰਬਾਲਾ ਛਾਉਣੀ ਵਿਖੇ ਪ੍ਰਾਧਿਆਪਨ ਸੇਵਾ ਆਰੰਭ ਦਿੱਤੀ ਅਤੇ ਨਾਲ਼ੋ-ਨਾਲ਼ ਐਮ. ਏ. ਪੰਜਾਬੀ ਵੀ ਪੰਜਾਬੀ ਯੂਨੀਵਰਸਿਟੀ ਤੋਂ ਪ੍ਰਾਈਵੇਟ ਵਿਦਿਆਰਥੀ ਦੇ ਤੌਰ ’ਤੇ ਸ਼ੁਰੂ ਕਰ ਦਿੱਤੀ। ਪਟਿਆਲ਼ੇ ਪੜ੍ਹਦਿਆਂ ਇੱਥੋਂ ਦੇ ‘ਭੂਤਵਾੜੇ’ ਦਾ ਅਹਿਮ ਹਿੱਸਾ ਰਹੇ। ਭੂਤਵਾੜੇ ਤੋਂ ਭਾਵ ਪਟਿਆਲ਼ੇ ਦਾ ਉਹ ਸਥਾਨ, ਜਿੱਥੇ ਪੰਜਾਬੀ ਦੇ ਪ੍ਰਸਿੱਧ ਵਿਦਵਾਨ ਆਪਣੇ ਵੇਲ਼ਿਆਂ ’ਚ ਇਕੱਠੇ ਰਿਹਾ ਕਰਦੇ ਸਨ ਅਤੇ ਗਿਆਨ ਦੀ ਗਹਿਨ ਵਿਚਾਰ ਚਰਚਾ ਕਰਦੇ ਸਨ ਜਿਨ੍ਹਾਂ ’ਚ ਡਾ. ਗੁਰਭਗਤ ਸਿੰਘ, ਅਜਮੇਰ ਰੋਡੇ, ਨਵਤੇਜ ਭਾਰਤੀ, ਹਰਿੰਦਰ ਸਿੰਘ ਮਹਿਬੂਬ, ਲਾਲੀ, ਪ੍ਰੇਮ ਪਾਲੀ, ਹਰਭਜਨ ਸੋਹੀ, ਕਾਮਰੇਡ ਮੇਘ, ਕੁਲਵੰਤ ਗਰੇਵਾਲ ਅਤੇ ਸੁਰਜੀਤ ਲੀਅ ਆਦਿ ਸ਼ਾਮਲ ਸਨ। ਐਮ. ਏ. ਪੰਜਾਬੀ ਕਰਨ ਸਾਰ ਪੰਜਾਬੀ ਯੂਨੀਵਰਸਿਟੀ ਵਿਚ ਪ੍ਰਾਧਿਆਪਕ ਚੁਣੇ ਗਏ। ਇੱਥੇ ਪ੍ਰਾਧਿਆਪਨ ਕਾਰਜ ਦੋ ਸਾਲ ਤੋਂ ਵੱਧ ਨਾ ਕੀਤਾ ਜਾ ਸਕਿਆ ਕਿਉਂਕਿ ਆਪਣੇ ਬੇਬਾਕ ਸੁਭਾਅ ਕਾਰਨ ਵਾਇਸ ਚਾਂਸਲਰ ਨਾਲ਼ ਮਤਭੇਦ ਪੈਦਾ ਹੋ ਗਏ। ਇੱਥੋਂ ਛੱਡਿਆ ਅਤੇ ਅੱਗੇ ਪੰਜਾਬੀ ਵਿਭਾਗ ਦਿੱਲੀ ਯੂਨੀਵਰਸਿਟੀ ਨਿਯੁਕਤੀ ਮਿਲਣ ਕਾਰਨ ਦਿੱਲੀ ਪੁੱਜਣ ਦਾ ਸਬੱਬ ਬਣਿਆਂ ਅਤੇ ਫ਼ਿਰ 32-33 ਸਾਲ ਉ¤ਥੇ ਹੀ ਪ੍ਰਾਧਿਆਪਨ ਕਾਰਜ ਵਿਚ ਜੁਟੇ ਰਹੇ। ਮੋਹਨ ਸਿੰਘ ਦੇ ਕਾਵਿ ਬਾਰੇ ਪੀ. ਐਚ-ਡੀ ਵੀ ਇੱਥੇ ਹੀ ਮੁਕੰਮਲ ਕੀਤੀ। ਯੂਨੀਵਰਸਿਟੀ ਪ੍ਰਾਧਿਆਪਨ ਦੌਰਾਨ ਆਪਣੀ ਅਗ਼ਵਾਈ ਥੱਲੇ 35 ਦੇ ਕਰੀਬ ਖੋਜਾਰਥੀਆਂ ਨੂੰ ਪੀ. ਐਚ-ਡੀ ਦੀ ਡਿਗਰੀ ਲਈ ਅਤੇ ਅਣਗਿਣਤ ਖੋਜਾਰਥੀਆਂ ਨੂੰ ਐਮ. ਫ਼ਿਲ. ਦੀ ਡਿਗਰੀ ਲਈ ਖੋਜ ਕਾਰਜ ਕਰਵਾਇਆ। ਦਿੱਲੀ ਤੋਂ ਹੀ ‘ਇਕੱਤੀ ਫ਼ਰਵਰੀ’ ਨਾਂਅ ਦੇ ਸਾਹਿਤਕ ਰਸਾਲੇ ਦਾ ਪ੍ਰਕਾਸ਼ਨ ਕੀਤਾ। ਹੁਣ ਵੀ ਦਿੱਲੀ ਬੈਠਿਆਂ ਹੀ ਨਹੀਂ ਸਗੋਂ ਦੇਸ-ਵਿਦੇਸ਼ ’ਚ ਘੁੰਮਦਿਆਂ ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ, ਪੰਜਾਬੀ ਅਕਾਦਮੀ ਦਿੱਲੀ ਅਤੇ ਦਰਜਨਾਂ ਹੋਰ ਸੰਸਥਾਵਾਂ ਦੀਆਂ ਦੀਆਂ ਜ਼ਿੰਮੇਵਾਰੀਆਂ ਬਾਖ਼ੂਬੀ ਨਿਭਾਉਂਦਿਆਂ ਜਿੰਦਗੀ ਦਾ ਲੁਤਫ਼ ਲੈ ਰਹੇ ਹਨ। ਡਾ. ਸੁਤਿੰਦਰ ਸਿੰਘ ਨੂਰ ਹੋਰਾਂ ਦੇ ਦੋ ਭਰਾ ਅਤੇ ਇਕ ਭੈਣ ਹੈ। ਵੱਡਾ ਭਰਾ ਡਾ. ਗੁਰਭਗਤ ਸਿੰਘ ਮੰਨਿਆ ਪ੍ਰਮੰਨਿਆ ਅੰਗਰੇਜ਼ੀ ਅਤੇ ਪੰਜਾਬੀ ਦਾ ਵਿਦਵਾਨ ਹੈ। ਛੋਟਾ ਭਰਾ ਸੁਖਿੰਦਰ ਕੈਨੇਡਾ ਵੀ ਸਾਹਿਤਕ ਖੇਤਰ ਵਿਚ ਅਹਿਮ ਸਥਾਨ ਰੱਖਦਾ ਹੈ। ਇਕਲੌਤੀ ਭੈਣ ਇੰਦੌਰ ਵਿਆਹੀ ਹੋਈ ਹੈ। ਘਰ ਵਿਚ ਸੁਪਤਨੀ ਤੋਂ ਇਲਾਵਾ ਵੱਡਾ ਸਪੁੱਤਰ ਕੰਪਿਊਟਰ ਇੰਜੀਨੀਅਰ ਹੈ, ਨੂੰਹ ਰਾਣੀ ਦਿੱਲੀ ਦੀ ਨਾਮੀਂ ਕੰਪਨੀ ਵਿਚ ਆਰਥਿਕ ਸਲਾਹਕਾਰ ਵਜੋਂ ਸੇਵਾਵਾਂ ਨਿਭਾ ਰਹੀ ਹੈ, ਛੋਟਾ ਸਪੁੱਤਰ ਐਮ. ਬੀ. ਏ. ਕਰ ਰਿਹਾ ਹੈ, ਤਿੰਨ ਕੁ ਸਾਲ ਦਾ ਇਕ ਪੋਤਰਾ ਹੈ। ਇਕ ਬੇਟੀ ਹੈ ਜੋ ਅੰਮ੍ਰਿਤਸਰ ਵਿਆਹੀ ਹੋਈ ਹੈ ਉਸ ਦੀਆਂ ਅੱਗੇ ਦੋ ਬੇਟੀਆਂ ਹਨ ਰੂਹੀ ਤੇ ਨੂਰੀ। ਇੰਜ ਦੇ ਅਮੀਰ ਪਰਵਾਰਕ ਮਾਹੌਲ ਵਿਚ ਵਿਚਰਦਿਆਂ ਡਾ. ਨੂਰ ਇਕੱਤਰਵੇਂ ਵਰ•ੇ ਵਿਚ ਪ੍ਰਵੇਸ਼ ਕਰ ਚੁੱਕੇ ਹਨ। ਉਮਰ ਦੇ ਇਸ ਪੜਾਅ ’ਤੇ ਪੁੱਜ ਕੇ ਅਣਥੱਕ ਮਿਹਨਤ ਕਰਕੇ ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਦੀ ਮੀਤ ਪ੍ਰਧਾਨਗੀ ਕਰਦਿਆਂ ਵਿਭਿੰਨ੍ਹ ਰਾਜਾਂ ਵਿਚ ਅਕਾਦਮੀ ਦੇ ਸਫ਼ਲ ਸਮਾਗਮ ਰਚਾਉਣੇ ਉਨ੍ਹਾਂ ਦੀ ਇਕ ਕੁਸ਼ਲ ਪ੍ਰਬੰਧਕ ਹੋਣ ਦੀ ਖ਼ੂਬੀ ਦਾ ਸਬੂਤ ਹੈ। ਇਹ ਪਹਿਲੀ ਵਾਰ ਹੀ ਹੋਇਆ ਹੈ ਕਿ ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਦਾ ਮੀਤ ਪ੍ਰਧਾਨ ਕੋਈ ਪੰਜਾਬੀ ਬਣਿਆ ਹੋਵੇ। ਆਪਣੀ ਕਾਬਲੀਅਤ ਦਾ ਲੋਹਾ ਮਨਵਾਉਣ ਵਿਚ ਬਾਖ਼ੂਬੀ ਕਾਮਯਾਬ ਹੋ ਰਹੇ ਹਨ ਡਾ. ਨੂਰ। ਜਦੋਂ ਇਹ ਗੱਲ ਕੋਟਕਪੂਰੇ ਦੇ ਜੰਮੇ ਸ਼ਖ਼ਸ ਨਾਲ਼ ਜੁੜ ਜਾਂਦੀ ਹੈ ਤਾਂ ਸ਼ਹਿਰ ਨਿਵਾਸੀਆਂ ਦਾ ਸਿਰ ਉਚਾ ਹੋਣਾ ਲਾਜ਼ਮੀ ਹੈ। ਆਪਣੇ ਸਫ਼ਲ ਜੀਵਨ ’ਤੇ ਸੰਤੁਸ਼ਟ ਹੋਣ ਵਾਲ਼ੀ ਇਸ ਸ਼ਖ਼ਸੀਅਤ ਦਾ ਕਾਰਲ ਮਾਰਕਸ ਦੀ ਕਵਿਤਾ ਦਾ ਅਨੁਵਾਦ ਪੂਰਾ ਹੋਣ ਕਿਨਾਰੇ ਹੈ, ਗੁਰਬਾਣੀ ਬਾਰੇ ਇਕ ਕਿਤਾਬ ਮੁਕੰਮਲ ਹੋ ਚੁੱਕੀ ਹੈ, ਸਾਹਿਤਕ ਸਵੈ-ਜੀਵਨੀ ਪੰਜਾਬੀ ਯੂਨੀਵਰਸਿਟੀ ਦੇ ਪ੍ਰਾਜੈਕਟ ਅਧੀਨ ਹੈ। ਕਵਿਤਾ, ਆਲੋਚਨਾ, ਅਨੁਵਾਦ, ਸੰਪਾਦਨਾ ਦੀਆਂ 60 ਦੇ ਕਰੀਬ ਕਿਤਾਬਾਂ ਸਾਹਿਤ ਨੂੰ ਭੇਟ ਕਰ ਚੁੱਕੇ ਹਨ। ਜਿਨ੍ਹਾਂ ’ਚ ਪ੍ਰਮੁੱਖ ਕਾਵਿ ਸੰਗ੍ਰਿਹ- ਬਿਰਖ਼ ਨਿਪੱਤਰੇ, ਕਵਿਤਾ ਦੀ ਜਲਾਵਤਨੀ, ਸਰਦਲ ਦੇ ਆਰ ਪਾਰ, ਮੌਲਸਰੀ, ਨਾਲ਼ ਨਾਲ਼ ਤੁਰਦਿਆਂ, ਆਲੋਚਨਾ- ਨਵੀਂ ਕਵਿਤਾ ਦੀ ਸੀਮਾ ਤੇ ਸੰਭਾਵਨਾ, ਮੋਹਨ ਸਿੰਘ ਦਾ ਕਾਵਿ ਜਗਤ, ਨਵੀਂ ਪੰਜਾਬੀ ਆਲੋਚਨਾ-ਤਿੰਨ ਭਾਗ, ਸਾਹਿਤ ਸਿਧਾਂਤ ਤੇ ਵਿਹਾਰ, ਆਧੁਨਿਕ ਕਵਿਤਾ:ਸਿਧਾਂਤਕ ਪਰਿਪੇਖ, ਸਭਿਆਚਾਰ ਤੇ ਸਾਹਿਤ, ਕਵਿਤਾ ਦੀ ਭੂਮਿਕਾ (ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਇਸ ਪੁਸਤਕ ਦੇ ਆਧਾਰ ’ਤੇ 2004 ’ਚ ਮਿਲਿਆ), ਕਵਿਤਾ ਅਕਵਿਤਾ ਚਿੰਤਨ, ਪੰਜਾਬੀ ਗਲਪ ਚੇਤਨਾ, ਸਮਕਾਲੀ ਸਾਹਿਤ ਸੰਵਾਦ, ਗੁਰਬਾਣੀ ਸ਼ਾਸਤਰ ਤੋਂ ਇਲਾਵਾ ਸਾਰੀਆਂ ਹੀ ਪੁਸਤਕਾਂ ਪੰਜਾਬੀ ਸਾਹਿਤ ਅਤੇ ਆਲੋਚਨਾ ਦੇ ਖੇਤਰ ਵਿਚ ਜ਼ਿਕਰ ਯੋਗ ਸਥਾਨ ਰੱਖਦੀਆਂ ਹਨ। ਜਿੱਥੋਂ ਤੱਕ ਉਨ੍ਹਾਂ ਨੂੰ ਮਿਲੇ ਪੁਰਸਕਾਰਾਂ ਦਾ ਤੁਅੱਲਕ ਹੈ ਇਨ੍ਹਾਂ ਵਿਚ ਪੰਜਾਬੀ ਆਲੋਚਨਾ ਪੁਰਸਕਾਰ (ਪੰਜਾਬੀ ਅਕਾਦਮੀ ਦਿੱਲੀ), ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ (ਭਾਸ਼ਾ ਵਿਭਾਗ ਪੰਜਾਬ), ਪ੍ਰਿੰਸੀਪਲ ਤੇਜਾ ਸਿੰਘ ਪੁਰਸਕਾਰ (ਭਾਸ਼ਾ ਵਿਭਾਗ ਪੰਜਾਬ), ਬਾਵਾ ਬਲਵੰਤ ਸਿੰਘ ਪੁਰਸਕਾਰ (ਪੰਜਾਬੀ ਸਾਹਿਤ ਟਰੱਸਟ ਢੁੱਡੀਕੇ), ਸਫ਼ਦਰ ਹਾਸ਼ਮੀ ਪੁਰਸਕਾਰ (ਪੰਜਾਬ), ਪੰਜਾਬੀ ਲੋਕ-ਯਾਨ ਸਨਮਾਨ (ਪੰਜਾਬੀ ਕਲਚਰਲ ਐਸੋਸੀਏਸ਼ਨ ਪੰਜਾਬ), ਪ੍ਰੇਰਨਾ ਸਨਮਾਨ (ਦਿੱਲੀ), ਇਆਪਾ ਪੁਰਸਕਾਰ (ਕੈਨੇਡਾ), ਵਾਰਸ ਸ਼ਾਹ ਪੁਰਸਕਾਰ (ਡੈਨਮਾਰਕ), ਭਾਈ ਕਾਹਨ ਸਿੰਘ ਪੁਰਸਕਾਰ (ਪੰਜਾਬ), ਅਮਨ ਕਾਵਿ ਪੁਰਸਕਾਰ (ਪੰਜਾਬ), ਲਾਈਫ਼ ਅਚੀਵਮੈਂਟ ਸਨਮਾਨ, ਵਿਸ਼ਵ ਪੰਜਾਬੀ ਕਾਂਗਰਸ ਲਹੌਰ, ਕਵਿਤਾ ਉਤਸਵ ਨਾਭਾ ਸਨਮਾਨ 2001, ਬੁੱਲੇਸ਼ਾਹ ਪੁਰਸਕਾਰ (ਡੈਨਮਾਰਕ) 2002, ਪੰਜਾਬੀ ਸੱਥ ਐਵਾਰਡ (ਲਾਬੜਾਂ, ਪੰਜਾਬ), ਸਾਹਿਤ ਅਕਾਦਮੀ ਪੁਰਸਕਾਰ 2004, ਵਿਸ਼ਵ ਲੋਕ ਸੇਵਾ ਪੁਰਸਕਾਰ 2005 ਤੋਂ ਇਲਾਵਾ ਅਨੇਕ ਸਾਹਿਤ ਸਭਾਵਾਂ ਨੇ ਸਨਮਾਨਤ ਕੀਤਾ ਹੈ। ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਦੇ ਮੀਤ ਪ੍ਰਧਾਨ ਦੇ ਅਹੁਦੇ ਤੋਂ ਇਲਾਵਾ ਵੱਖ ਵੱਖ ਅਹੁਦਿਆਂ ਰਾਹੀਂ ਭਾਸ਼ਾ ਕੌਂਸਲ ਮਨੁੱਖੀ ਮਾਨਵ ਸਰੋਤ ਮੰਤਰਾਲਾ ਨਵੀਂ ਦਿੱਲੀ, ਸੈਂਟਰ ਫ਼ਾਰ ਪੰਜਾਬੀ ਕਲਚਰ ਦਿੱਲੀ, ਪੰਜਾਬੀ ਅਕਾਦਮੀ ਦਿੱਲੀ, ਨੈਸ਼ਨਲ ਬੁੱਕ ਟਰੱਸਟ ਨਵੀਂ ਦਿੱਲੀ, ਨੈਸ਼ਨਲ ਕਮਿਸ਼ਨ ਫ਼ਾਰ ਮਨਿਓਰਿਟੀਜ਼ , ਫ਼ਾਈਨ ਆਰਟ ਅਕਾਦਮੀ, ਪ੍ਰਸਾਰ ਭਾਰਤੀ, ਪ੍ਰਧਾਨ ਵਰਲਡ ਪੰਜਾਬੀ ਕਾਨਫ਼ਰੰਸ (ਭਾਰਤ), ਕਨਵੀਨਰ ਪੁਰਸਕਾਰ ਕਮੇਟੀ ਬਿਰਲਾ ਫ਼ਾਊਂਡੇਸ਼ਨ ਨਵੀਂ ਦਿੱਲੀ, ਕਨਵੀਨਰ (ਪੰਜਾਬੀ) ਗਿਆਨ ਪੀਠ ਨਵੀਂ ਦਿੱਲੀ ਆਦਿ ਵਿਚ ਸੇਵਾਵਾਂ ਨਿਭਾ ਰਹੇ ਹਨ। ਅਜੇ ਵੀ ਡਾ. ਨੂਰ ਆਪਣੇ ਅੰਦਰ ਦੋ ਨਾਵਲਾਂ ਦਾ ਮਸੌਦਾ ਸਮੋਈ ਫ਼ਿਰਦੇ ਹਨ। ਪੋਲੈਂਡ ਦੀਆਂ ਕਵਿਤਾਵਾਂ ਦਾ ਅਨੁਵਾਦ, ਸਮੇਂ ਸਮੇਂ ਅਨੁਵਾਦ ਕੀਤੀਆਂ ਵਿਦੇਸ਼ੀ ਭਾਸ਼ਾਵਾਂ ਦੇ ਕਵੀਆਂ ਦੀਆਂ ਕਵਿਤਾਵਾਂ ਬਾਰੇ ਪੁਸਤਕ, ਕਹਾਣੀਆਂ ਦੀ ਕਿਤਾਬ ਅਤੇ ਪਤਾ ਨਹੀਂ ਹੋਰ ਕਿੰਨਾ ਕੁਝ ਕਰਨਾ ਲੋਚਦੇ ਹਨ ਕੋਟਕਪੂਰੇ ਦੀ ਮੁਬਾਰਕ ਧਰਤ ਨੂੰ ਭਾਗ ਲਾਉਣ ਵਾਲ਼ੇ ਡਾ. ਸੁਤਿੰਦਰ ਸਿੰਘ ਨੂਰ। ਅਸੀਂ ਕੋਟਕਪੂਰਾ ਨਿਵਾਸੀ ਆਪਣੇ ਸ਼ਹਿਰ ਦੇ ਇਸ ਮਾਣਮੱਤੇ ਸਪੂਤ ਦੀ ਮਿਹਨਤ, ਕਾਬਲੀਅਤ ਅਤੇ ਸ਼ੋਹਰਤ ਨੂੰ ਸਲਾਮ ਕਰਦੇ ਹਾਂ ਅਤੇ ਦੁਆ ਕਰਦੇ ਹਾਂ ਕਿ ਉਹ ਹਮੇਸ਼ਾ ਸਿਹਤਯਾਬ ਰਹਿਣ ਅਤੇ ਸਾਹਿਤ ਦੀ ਸੇਵਾ ਇੰਜ ਹੀ ਕਰਦੇ ਰਹਿਣ! ਆਮੀਨ! 91 95017-66644

Saturday, September 25, 2010

ਦਸਵੇਂ ਸ਼ੇਖ਼ ਫ਼ਰੀਦ ਕਵੀ ਦਰਬਾਰ ਮੌਕੇ ਜੁੜੇ ਪੰਜਾਬੀ ਕਵੀਆਂ ਵੱਲੋਂ ਪੰਜਾਬੀ ਦੇ ਮੋਢੀ ਕਵੀ ਸ਼ੇਖ਼ ਫ਼ਰੀਦ ਨੂੰ ਖ਼ਿਰਾਜੇ ਅਕੀਦਤ ਪੇਸ਼

ਦਸਵੇਂ ਸ਼ੇਖ਼ ਫ਼ਰੀਦ ਕਵੀ ਦਰਬਾਰ ਮੌਕੇ ਜੁੜੇ ਕਵੀਆਂ 'ਚ ਬਰਜਿੰਦਰ ਚੌਹਾਨ, ਦਰਸ਼ਨ ਬੁੱਟਰ, ਜਸਵਿੰਦਰ, ਜਸਪਾਲ ਘਈ, ਸ਼ਮਸ਼ੇਰ ਮੋਹੀ, ਤਰੈਲੋਚਨ ਲੋਚੀ ਤੇ ਹਰਮੀਤ ਵਿਦਿਆਰਥੀ।
- ਡਾ. ਪਰਮਿੰਦਰ ਸਿੰਘ ਤੱਗੜ

ਬਾਬਾ ਫ਼ਰੀਦ ਵਿਰਾਸਤੀ ਮੇਲੇ ਵਿਚ ਮੇਲਿਆਂ ਦੇ ਹੋਰ ਰੰਗਾਂ ਦੇ ਨਾਲ਼ ਨਾਲ਼ ਸਾਹਿਤ ਰੰਗ ਦਾ ਜਲਵਾ ਬਿਖ਼ੇਰਨ ਲਈ ਲਿਟਰੇਰੀ ਕਲੱਬ ਫ਼ਰੀਦਕੋਟ ਵੱਲੋਂ ਸਥਾਨਕ ਪ੍ਰਸ਼ਾਸਨ ਅਤੇ ਬਾਬਾ ਫ਼ਰੀਦ ਆਗ਼ਮਨ ਪੁਰਬ ਕਮੇਟੀ ਦੇ ਸਹਿਯੋਗ ਨਾਲ਼ ਇਕ ਦਿਲਕਸ਼ ਕਵੀ ਦਰਬਾਰ ਅਮਰ ਆਸ਼ਰਮ ਵਿਖੇ ਕਰਵਾਇਆ ਗਿਆ। ਪੰਜਾਬੀ ਦੇ ਮੋਢੀ ਕਵੀ ਬਾਬਾ ਸ਼ੇਖ਼ ਫ਼ਰੀਦ ਦੀ ਜੀ ਪਵਿੱਤਰ ਯਾਦ ਨੂੰ ਸਮਰਪਿਤ ਇਸ ਕਵੀ ਦਰਬਾਰ ਦੇ ਮੁੱਖ ਮਹਿਮਾਨ ਸਨ ਡਾ. ਐਸ. ਕਰੁਣਾ ਰਾਜੂ ਡਿਪਟੀ ਕਮਿਸ਼ਨਰ ਫ਼ਰੀਦਕੋਟ ਅਤੇ ਪ੍ਰਧਾਨਗੀ ਕੀਤੀ ਪੰਜਾਬੀ ਦੇ ਸਿਰਮੌਰ ਸ਼ਾਇਰ ਡਾ. ਸੁਰਜੀਤ ਪਾਤਰ ਨੇ ਅਤੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਸਨ- ਬਾਬਾ ਫ਼ਰੀਦ ਵਿਦਿਅਕ ਸੰਸਥਾਵਾਂ ਦੇ ਚੇਅਰਮੈਨ ਇੰਦਰਜੀਤ ਸਿੰਘ ਖ਼ਾਲਸਾ, ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਉਪ-ਕੁਲਪਤੀ ਡਾ. ਐਸ. ਐਸ. ਗਿੱਲ ਅਤੇ ਪ੍ਰਸਿੱਧ ਪੰਜਾਬੀ ਕਵਿੱਤਰੀ ਸੁਖਵਿੰਦਰ ਅੰਮ੍ਰਿਤ। ਜੀ ਆਇਆਂ ਨੂੰਕਹਿਣ ਦੀ ਰਸਮ ਸੁਨੀਲ ਚੰਦਿਆਣਵੀ ਪ੍ਰਧਾਨ ਲਿਟਰੇਰੀ ਕਲੱਬ ਵੱਲੋਂ ਨਿਭਾਈ ਗਈ। ਕਵੀ ਦਰਬਾਰ ਦਾ ਸੰਚਾਲਨ ਪੰਜਾਬੀ ਕਵਿਤਾ ਦੇ ਜਾਣੇ-ਪਛਾਣੇ ਹਸਤਾਖ਼ਰ ਹਰਮੀਤ ਵਿਦਿਆਰਥੀ ਵੱਲੋਂ ਕਾਵਿਕ ਅੰਦਾਜ਼ ਵਿਚ ਕੀਤਾ ਗਿਆ। ਸਭ ਤੋਂ ਪਹਿਲਾਂ ਵਾਰੀ ਦਿੱਤੀ ਗਈ ਲੁਧਿਆਣਿਉਂ ਆਏ ਚਰਚਿਤ ਸ਼ਾਇਰ ਤਰੈਲੋਚਨ ਲੋਚੀ ਨੂੰ, ਜਿਸ ਨੇ ਆਪਣੇ ਸੁਰਮਈ ਅੰਦਾਜ਼ ਵਿਚ ਧੀਆਂ ਦੇ ਮਹੱਤਵ ਅਤੇ ਚਿੰਤਾ ਦੀ ਨਿਸ਼ਾਨਦੇਹੀ ਕਰਦੀਆਂ ਰਚਨਾਵਾਂ ਨਾਲ਼ ਆਪਣੀ ਹਾਜ਼ਰੀ ਲਵਾਈ-
ਅੱਧੀ ਰਾਤੀਂ ਕੋਈ ਉਠਿਆ, ਉੱਠਿਆ ਕੂਕਾ ਮਾਰ
ਜਾਂ ਤਾਂ ਓਸ ਦੇ ਵਿਹੜੇ ਧੀਆਂ, ਜਾਂ ਕੋਈ ਰੂਹ ਤੇ ਭਾਰ
ਸਾਜਾਂ ਦੀ ਤੌਹੀਨ ਦੇਖ ਕੇ ਹੁੰਦਾ ਬਹੁਤ ਖ਼ੁਆਰ
ਮੇਰੇ ਅੰਦਰ ਨਿੱਤ ਹੀ ਰੋਂਦਾ ਰੁੜਦਾ ਇਕ ਫ਼ਨਕਾਰ
ਫ਼ਿਰ ਵਾਰੀ ਆਈ ਰੋਪੜ ਤੋਂ ਆਏ ਡਾ. ਸ਼ਮਸ਼ੇਰ ਮੋਹੀ ਦੀ ਜਿਸ ਨੇ ਵਾਤਾਵਰਣ ਮੁਤੱਲਕ ਆਪਣੀ ਗੱਲ ਕੁਝ ਇੰਜ ਕਹੀ-
ਖ਼ਤਾ ਕੀਤੀ ਮੈਂ ਘਰ ਦੇ ਬਿਰਖ਼ ਤੋਂ ਪੰਛੀ ਉਡਾ ਕੇ
ਉਦਾਸੀ ਬਹਿ ਗਈ ਘਰ ਦੀ ਹਰ ਨੁੱਕਰ ਚ ਆਕੇ
ਫ਼ਿਰੋਜ਼ਪੁਰੀਏ ਡਾ. ਜਸਪਾਲ ਘਈ ਦਾ ਸ਼ਹੀਦ ਭਗਤ ਸਿੰਘ ਦੀ ਸੋਚ ਵਿਹਾਰਕ ਤੌਰ ਤੇ ਅਪਨਾਉਣ ਦਾ ਸੁਨੇਹਾ ਦਿੰਦੀ ਰਚਨਾ ਦੇ ਬੋਲ ਸਨ-
ਸ਼ੀਸ਼ੇ ਦਾ ਇਹ ਤਨ ਲੈ ਕੇ ਪੱਥਰ ਸੰਗ ਟਕਰਾਏਂਗਾ
ਕਾਰ ਦੇ ਪਿੱਛੇ ਫ਼ੋਟੋ ਲਾ ਕੇ ਭਗਤ ਸਿੰਘ ਬਣ ਜਾਏਂਗਾ!
ਕਾਵਿਕ ਮਾਹੌਲ ਨੂੰ ਹੋਰ ਖ਼ੂਬਸੂਰਤ ਬਨਾਉਣ ਦੇ ਮਕਸਦ ਨਾਲ਼ ਹਰਮੀਤ ਵਿਦਿਆਰਥੀ ਨੇ ਅਜੋਕੀ ਪੰਜਾਬੀ ਕਵਿਤਾ ਵਿਚ ਆਪਣਾ ਵਿਸ਼ੇਸ਼ ਸਥਾਨ ਬਣਾ ਲੈਣ ਵਾਲ਼ੀ ਪ੍ਰਸਿੱਧ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਨੂੰ ਮੰਚ ਵੱਲ ਆਉਣ ਦਾ ਸੱਦਾ ਦਿੱਤਾ। ਅੰਮ੍ਰਿਤ ਨੇ ਨਾਰੀ ਸੰਵਦਨਾ ਨਾਲ਼ ਲਬਰੇਜ਼ ਆਪਣੀਆਂ ਰਚਨਾਵਾਂ ਖ਼ੂਬਸੂਰਤ ਅਦਾ ਸਹਿਤ ਸਾਂਝੀਆਂ ਕੀਤੀਆਂ। ਨਾਭੇ ਤੋਂ ਆਏ ਇਕ ਚੰਗੇ ਸਾਹਿਤ ਉਤਸਵ ਪ੍ਰਬੰਧਕ ਵਜੋਂ ਜਾਣੇ ਜਾਂਦੇ ਅਤੇ ਵਿਲੱਖਣ ਕਾਵਿ ਸ਼ੈਲੀ ਦੀਆਂ ਰਚਨਾਵਾਂ ਕਹਿਣ ਵਾਲ਼ੇ ਸ਼ਾਇਰ ਦਰਸ਼ਨ ਬੁੱਟਰ ਨੇ ਆਪਣੀ ਕਵਿਤਾ ਬਚਪਨ ਜੁਆਨੀ ਅਧਖੜ  ਅਤੇ ਬੁਢਾਪਾ ਪੇਸ਼ ਕੀਤੀ ਅਤੇ ਆਪਣੀ ਨਵ ਪ੍ਰਕਾਸ਼ਤ ਪੁਸਤਕ ਮਹਾਂ ਕੰਬਣੀਵਿਚੋਂ ਕਵਿਤਾਵਾਂ ਸੁਣਾਈਆਂ। ਰੋਪੜ ਤੋਂ ਆਏ ਇਕ ਹੋਰ ਸੰਜੀਦਾ ਤੇ ਨਿਵੇਕਲੀ ਰੰਗਤ ਦੀ ਗ਼ਜ਼ਲ ਕਹਿਣ ਵਾਲ਼ੇ ਸ਼ਾਇਰ ਜਸਵਿੰਦਰ ਨੇ ਆਪਣੇ ਆਸ਼ਾਵਾਦੀ ਸੁਰ ਸੰਗ ਆਪਣੇ ਕਲਾਮ ਦੀ ਸ਼ੁਰੂਆਤ ਕੀਤੀ-
ਅਧੂਰੇ ਰਹਿ ਗਏ ਚਾਵਾਂ ਨੂੰ ਹੱਸ ਕੇ ਟਾਲ਼ ਛੱਡਾਂਗੇ
ਭਰੇ ਮੇਲੇ ਨੂੰ ਜਦ ਛੱਡਿਆ ਸਲੀਕੇ ਨਾਲ਼ ਛੱਡਾਂਗੇ
ਦਿੱਲੀ ਤੋਂ ਉਚੇਚੇ ਪੁੱਜੇ ਅਤੇ ਬਾਬਾ ਫ਼ਰੀਦ ਸਾਹਿਤ ਪੁਰਸਕਾਰ ਨਾਲ਼ ਸਨਮਾਨਤ ਸ਼ਾਇਰ ਪ੍ਰੋ. ਬਰਜਿੰਦਰ ਚੌਹਾਨ ਨੇ ਬੇਬਾਕ ਸ਼ੈਲੀ ਚ ਆਪਣੀਆਂ ਰਚਨਾਵਾਂ ਦੀ ਸ਼ੁਰੂਆਤ ਕਰਦਿਆਂ ਕਿਹਾ-
ਸ਼ਾਇਦ ਏਦਾਂ ਹੀ ਬਦਲੇ ਮੌਸਮ ਦਾ ਰੰਗ ਜ਼ਰਾ
ਨੰਗ ਮੁਨੰਗੇ ਰੁੱਖਾਂ 'ਤੇ ਕੁਝ ਪੱਤੇ ਟੰਗ ਜ਼ਰਾ
ਉਹ ਮੈਨੂੰ ਇਸ ਕਰਕੇ ਹੀ ਬਾਗ਼ੀ ਨੇ ਸਮਝ ਰਹੇ
ਮੈਂ ਫ਼ਰਿਆਦ ਕਰਨ ਦਾ ਬਦਲ ਲਿਆ ਹੈ ਢੰਗ ਜ਼ਰਾ
ਸਥਾਨਕ ਸ਼ਾਇਰ ਹਰਮਿੰਦਰ ਸਿੰਘ ਕੋਹਾਰਵਾਲ਼ਾ ਨੇ ਵੀ ਆਪਣੀਆਂ ਖ਼ੂਬਸੂਰਤ ਰਚਨਾਵਾਂ ਨਾਲ਼ ਹਾਜ਼ਰੀ ਲਵਾਈ। ਆਪਣੇ ਪ੍ਰਧਾਨਗੀ ਭਾਸ਼ਣ ਵਿਚ ਹੁਣੇ-ਹੁਣੇ ਵੱਕਾਰੀ ਸਾਹਿਤਕ ਸਨਮਾਨ ਸਰਸਵਤੀ ਪੁਰਸਕਾਰਨਾਲ਼ ਨਿਵਾਜੇ ਡਾ. ਸੁਰਜੀਤ ਪਾਤਰ ਨੇ ਬਾਬਾ ਸ਼ੇਖ਼ ਫ਼ਰੀਦ ਜੀ ਦੀ ਰਚਨਾ ਨੂੰ ਨਤ-ਮਸਤਕ ਹੁੰਦਿਆਂ ਉਨ੍ਹਾਂ ਦੁਆਰਾ ਪੰਜਾਬੀ ਜ਼ੁਬਾਨ ਲਈ ਪਾਏ ਮਹਾਨ ਯੋਗਦਾਨ ਨੂੰ ਸਰਵ-ਉੱਤਮ ਕਿਹਾ। ਅੱਠ ਸਦੀਆਂ ਬੀਤ ਜਾਣ ਬਾਅਦ ਵੀ ਉਨ੍ਹਾਂ ਰਚਨਾਵਾਂ ਦਾ ਮਹੱਤਵ ਬਰਕਰਾਰ ਹੀ ਨਹੀਂ ਬਲਕਿ ਦਿਨ--ਦਿਨ ਹੋਰ ਵਧਦਾ ਮਹਿਸੂਸ ਹੋ ਰਿਹਾ ਹੈ। ਪ੍ਰਸਿੱਧੀ ਹਾਸਲ ਕਰ ਚੁੱਕੇ ਲੇਖਕਾਂ ਨੇ ਵੀ ਬਾਬਾ ਸ਼ੇਖ਼ ਫ਼ਰੀਦ ਜੀ ਦੀ ਬਾਣੀ ਚੋਂ ਸ਼ਬਦ ਜਾਂ ਵਾਕਾਂਸ਼ ਲੈ ਕੇ ਆਪਣੀਆਂ ਪੁਸਤਕਾਂ ਦੇ ਸਿਰਲੇਖਾਂ ਦੇ ਰੂਪ ਵਿਚ ਮੁਕਟ ਵਾਂਗ ਸਜਾਏ ਹਨ। ਸਾਹਿਤਕ ਸਮਾਗਮ ਵਿਚ ਗੁਰਮੀਤ ਸਿੰਘ ਕੋਟਕਪੂਰਾ ਇੰਚਾਰਜ ਉਪ ਦਫ਼ਤਰ ਅਜੀਤ ਫ਼ਰੀਦਕੋਟ, ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਫ਼ਰੀਦਕੋਟ, ਪ੍ਰੋ. ਸਾਧੂ ਸਿੰਘ ਪ੍ਰਿੰਸੀਪਲ ਗੁਰਦੀਪ ਸਿੰਘ ਢੁੱਡੀ, ਅਵਤਾਰ ਗੋਂਦਾਰਾ, ਨਿਰਮਲ ਪਟਵਾਰੀ, ਜਸਵੰਤ ਜੱਸ, ਨਵਦੀਪ ਸਿੰਘ ਜ਼ੀਰਾ, ਜਸਬੀਰ ਜੱਸੀ, ਗੁਰਚਰਨ ਸਿੰਘ ਭੰਗੜਾ ਕੋਚ, ਮੇਹਰ ਸਿੰਘ ਸੰਧੂ, ਰਾਜਿੰਦਰ ਸਿੰਘ ਜੱਸਲ, ਐਸ ਬਰਜਿੰਦਰ, ਪ੍ਰੋ. ਪਰਮਿੰਦਰ ਸਿੰਘ, ਮੱਖਣ ਸਿੰਘ, ਨਿਰਮੋਹੀ ਫ਼ਰੀਦਕੋਟੀ, ਜਸਵਿੰਦਰ ਮਿੰਟੂ, ਸੁਨੀਲ ਵਾਟਸ ਤੋਂ ਇਲਾਵਾ ਸਥਾਨਕ ਦਰਸ਼ਕ, ਪੰਜਾਬ ਦੇ  ਵਿਭਿਨ੍ਹ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ-ਢਾਣੀਆਂ ਤੋਂ ਆਏ ਸੈਂਕੜੇ ਸਾਹਿਤ ਰਸੀਏ  ਸ਼ਾਮਲ ਸਨ।




Tuesday, May 11, 2010

ਵੀਡੀਓ- ਪੰਜਾਬ ਦੇ ਅਜੋਕੇ ਰਾਜਨੀਤਕ-ਸਮਾਜਕ ਹਾਲਾਤ ਦਾ ਤਲਖ਼ ਯਥਾਰਥ : ‘ਕਿਵੇਂ ਜਿਓਣਗੇ ਲੋਕੀ’


http://www.youtube.com/watch?v=LW-hDzU9TxU

ਪੰਜਾਬ ਦੇ ਅਜੋਕੇ ਰਾਜਨੀਤਕ-ਸਮਾਜਕ ਹਾਲਾਤ ਦਾ ਤਲਖ਼ ਯਥਾਰਥ : ‘ਕਿਵੇਂ ਜਿਓਣਗੇ ਲੋਕੀ’

(ਡਾ. ਪਰਮਿੰਦਰ ਤੱਗੜ)
ਪਿੱਛੇ ਜਿਹੇ ਬੱਬੂ ਮਾਨ ਨੇ ਇਕ ਗੀਤ ਲਿਖਿਆ ਤੇ ਗਾਇਆ ਸੀ ‘ਇੱਕ ਬਾਬਾ ਨਾਨਕ ਸੀ ਜੀਹਨੇ ਤੁਰ ਕੇ ਦੁਨੀਆਂ ਗਾਹ ’ਤੀ, ਇਕ ਅੱਜ ਕੱਲ੍ਹ ਬਾਬੇ ਨੇ ਬੱਤੀ ਲਾਲ ਗੱਡੀ ’ਤੇ ਲਾਤੀ।’ ਇਸ ਗੀਤ ਨੂੰ ਬੜੀ ਲੋਕਪ੍ਰਿਯਤਾ ਮਿਲੀ। ਕਿਉਂਕਿ ਅਜੋਕਾ ਯੁੱਗ ਅਤਿ-ਆਧੁਨਿਕ ਯੁੱਗ ਹੈ ਜਿਸ ਵਿਚ ਸਰੋਤਾ ਕੇਵਲ ਰਚਨਾ ਨੂੰ ਸੁਣ ਕੇ ਜਾਂ ਪੜ੍ਹ ਕੇ ਮਾਨਣ ਦਾ ਆਦੀ ਨਹੀਂ ਰਿਹਾ ਸਗੋਂ ਹੁਣ ਬਿਜਲਈ ਉਪਕਰਨਾਂ ਰਾਹੀਂ ਉਸ ਰਚਨਾ ਵਿਚ ਬੜਾ ਕੁਝ ਐਸਾ ਭਰਿਆ ਜਾਂਦਾ ਹੈ ਕਿ ਉਹ ‘ਫ਼ਾਸਟ ਫ਼ੂਡ’ ਵਾਂਗ ਪਸੰਦ ਕੀਤੀ ਜਾਣ ਲੱਗ ਜਾਂਦੀ ਹੈ। ਇੰਞ ਹੀ ਹੋਇਆ ਬੱਬੂ ਮਾਨ ਦੇ ਉਸ ਗੀਤ ਨਾਲ਼। ਬੱਬੂ ਮਾਨ ਨੇ ਗੀਤ ਗਾਇਆ ਅਤੇ ਉਸ ਦੇ ਪ੍ਰਸ਼ੰਸਕਾਂ ਨੇ ਯੂਟਿਊਬ ਤੋਂ ਗੀਤ ਡਾਊਨਲੋਡ ਕਰਕੇ ਆਪੋ-ਆਪਣੀ ਕਲਾਕਾਰੀ ਵਿਖਾਉਂਦਿਆਂ ਨਵੇਂ ਤੋਂ ਨਵੇਂ ਯਥਾਰਥਮਈ ਐਸੇ ਕਿੱਲ-ਕੋਕੇ ਲਾਏ ਕਿ ਕਥਿਤ ਬਾਬਿਆਂ ਦੀਆਂ ਭਾਜੜਾਂ ਪੈ ਗਈਆਂ ਅਤੇ ਲੋਕਾਂ ਨੂੰ ਕ੍ਰੋਧ ਨਾ ਕਰਨ ਦਾ ਉਪਦੇਸ਼ ਦੇਣ ਵਾਲੇ ਇਹ ਬਾਬੇ ਕ੍ਰੋਧ ਨਾਲ਼ ਲੋਹੇ ਲਾਖੇ ਹੋ ਕੇ ਬਿਆਨਬਾਜੀ ਕਰਦੇ ਵੇਖੇ ਗਏ। ਬੱਬੂ ਮਾਨ ਦੇ ਦਿਨ ਐਸੇ ਬਦਲੇ ਕਿ ਉਹ ਸਫ਼ਲਤਾ ਦੀ ਸਿਖ਼ਰ ਨੇੜੇ ਪੁੱਜ ਗਿਆ। ਫ਼ਿਰ ਇਸੇ ਵਿਸ਼ੇ ਨੂੰ ਲੈ ਕੇ ਅਨੇਕਾਂ ਗੀਤਾਂ ਦੀ ਝੜੀ ਹੀ ਲੱਗ ਤੁਰੀ ਅਤੇ ਅਨੇਕਾਂ ਗੀਤ ਇਸ ਕੋਟੀ ਦੇ ਕਲਾਕਾਰਾਂ ਵੱਲੋਂ ਪੇਸ਼ ਕੀਤੇ ਗਏ। ਇਸ ਸਮੁੱਚੇ ਘਟਨਾ ਕ੍ਰਮ ਵਿਚੋਂ ਇਕ ਵੱਖਰੀ ਵਿਚਾਰਧਾਰਾ ਲੈ ਕੇ ਪੇਸ਼ ਹੁੰਦਾ ਹੈ ਸੁਖਨੈਬ ਸਿੱਧੂ ਦਾ ਲਿਖਿਆ ਤੇ ਗਾਇਆ ਗੀਤ ‘ਕਿਵੇਂ ਜਿਓਣਗੇ ਲੋਕੀ’। ਇਸ ਗੀਤ ਵਿਚ ਕਿਸੇ ਹੋਛੀ ਪੇਸ਼ਕਾਰੀ ਦੀ ਬਜਾਏ ਗਹਿਰ-ਗੰਭੀਰ ਮਸਲਿਆਂ ਦੀ ਚਰਚਾ ਬੜੇ ਅਸਰਮਈ ਅੰਦਾਜ਼ ਵਿਚ ਕੀਤੀ ਗਈ ਦੇਖੀ ਜਾ ਸਕਦੀ ਹੈ। ਗੀਤ ਨੂੰ ਬਾ-ਕਾਇਦਾ ਬੀਕਾ ਮਨਹਾਰ ਨੇ ਸੰਗੀਤਬੱਧ ਕਰਕੇ ਇਸ ਵਿਚ ਸੁਰੀਲੀ ਰੂਹ ਪੈਦਾ ਕੀਤੀ ਹੈ। ਸੁਖਨੈਬ ਸਿੱਧੂ ਭਾਵੇਂ ਕੋਈ ਪ੍ਰੋਫ਼ੈਸ਼ਨਲ ਸਿੰਗਰ ਨਹੀਂ ਹੈ ਪਰ ਰਚਨਾ ਦੇ ਵਿਸ਼ਾ-ਵਸਤੂ ਦੇ ਮੱਦੇ ਨਜ਼ਰ ਉਸ ਦੀ ਆਵਾਜ਼ ਗੀਤ ਵਿਚ ਪੇਸ਼ ਕੀਤੀ ਤ੍ਰਾਸਦੀ ਨੂੰ ਸਾਖ਼ਸ਼ਾਤ ਕਰਨ ਵਿਚ ਪੂਰੀ ਤਰ੍ਹਾਂ ਕਾਮਯਾਬ ਕਹੀ ਜਾ ਸਕਦੀ ਹੈ। ਇੰਞ ਦਾ ਕਰੁਣਾਮਈ ਪ੍ਰਭਾਵ ਕਿਸੇ ਪ੍ਰੋਫ਼ੈਸ਼ਨਲ ਸਿੰਗਰ ਦੀਆਂ ਸੰਗੀਤਕ ਗਰਾਰੀਆਂ ਵਿਚ ਗੁਆਚ ਕੇ ਖ਼ੂਬਸੂਰਤ ਸੁਰ ਤਾਂ ਪੈਦਾ ਕਰ ਸਕਦਾ ਹੈ ਪਰ ਉਸ ਰਚਨਾ ਦੀ ਰੂਹ ਅਤੇ ਮਕਸਦ ਤੋਂ ਦੂਰ ਰਹਿ ਜਾਂਦਾ ਹੈ। ਇੰਞ ਇਸ ਪੱਖ ਤੋਂ ਸੁਖਨੈਬ ਵਧਾਈ ਦਾ ਪਾਤਰ ਹੈ ਕਿ ਉਹ ਆਪਣੀ ਗੱਲ ਲੋਕਾਂ ਦੀ ਚੇਤਨਾ ਵਿਚ ਵਸਾਉਣ ਵਿਚ ਕਾਮਯਾਬ ਰਿਹਾ ਹੈ। ਰਹੀ ਗੱਲ ਇਸ ਗੀਤ ਦੇ ਵੀਡੀਓ ਵਿਚ ਵਰਤੀਆਂ ਗਈਆਂ ਤਸਵੀਰਾਂ ਦੀ, ਇਸ ਪੱਖੋਂ ਇੰਜ. ਸਤਿੰਦਰਜੀਤ ਸਿੰਘ ਅਤੇ ਖ਼ੁਦ ਸੁਖਨੈਬ ਸਿੱਧੂ ਬੜੇ ਮਾਹਰ ਹਨ ਇਸ ਪੱਖੋਂ ਮਾਰ ਖਾਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ ਸੋ ਰਚਨਾ ਵਿਚ ਪੇਸ਼ ਵਿਸ਼ਾ ਵਸਤੂ ਵਿਚ ਵਰਤੇ ਇਕ-ਇਕ ਸ਼ਬਦ ਦੀ ਤਰਜ਼ਮਾਨੀ ਕਰਦੀਆਂ ਇਹ ਤਸਵੀਰਾਂ ਇਸ ਵੀਡੀਓ ਦੀ ਸਾਰਥਕਤਾ ਵਿਚ ਬੜਾ ਮੁੱਲਵਾਨ ਵਾਧਾ ਕਰਦੀਆਂ ਹਨ। ਕਿਉਂਕਿ ਗੱਲ ਇਕ ਗੀਤ ਦੀ ਚੱਲ ਰਹੀ ਸੀ ਇਸੇ ਕਰਕੇ ਪਹਿਲਾਂ ਆਵਾਜ਼, ਸੰਗੀਤਕਾ ਅਤੇ ਵੀਡੀਓ ਟਿਪਸ ਨੂੰ ਇਸ ਆਰਟੀਕਲ ਦਾ ਵਿਸ਼ਾ ਬਣਾਇਆ ਗਿਆ ਹੈ। ਜਿੱਥੋਂ ਤੱਕ ਇਸ ਗੀਤ ਵਿਚਲੇ ਵਿਸ਼ਾ-ਵਸਤੂ ਦਾ ਤੁਅਲਕ ਹੈ ਇਸ ਵਿਚ ਕੋਈ ਦੋ ਰਾਏ ਨਹੀਂ ਕਿ ਇਸ ਵਿਚ ਲੋਕਾਂ ਦੇ ਮਨ ਦੀ ਆਵਾਜ਼ ਨੂੰ ਸ਼ਬਦ ਦਿੱਤੇ ਗਏ ਹਨ। ਖ਼ਾਸ ਗੱਲ ਇਹ ਕਿ ਪੰਜਾਬ ਵਿਚ ਸਰਗਰਮ ਕਿਸੇ ਰਾਜਨੀਤਕ ਧਿਰ ਨਾਲ਼ ਲਿਹਾਜ਼ ਨਹੀਂ ਕੀਤਾ ਗਿਆ। ਦੋਨੋਂ ਸਰਗਰਮ ਰਾਜਨੀਤਕ ਪਾਰਟੀਆਂ ਤੋਂ ਇਲਾਵਾ ਤੀਜੇ ਬਦਲ ਦਾ ਦਾਅਵਾ ਪ੍ਰਗਟਾਉਣ ਵਾਲ਼ੀ ਰਾਜਸੀ ਪਾਰਟੀ ਦੀਆਂ ਕੂਟਨੀਤਕ ਚਾਲਾਂ ਦਾ ਵੀ ਪਰਦਾ ਫ਼ਾਸ਼ ਕੀਤਾ ਗਿਆ ਹੈ। ਬੇਸ਼ਕ ਸੁਖਨੈਬ ਸਿੱਧੂ ਖ਼ੁਦ ਇਕ ਪੱਤਰਕਾਰ ਹੈ ਪਰ ਉਸ ਨੇ ਇਸ ਗੀਤ ਵਿਚ ਪੀਲੀ ਪੱਤਰਕਾਰਤਾ ਨੂੰ ਵੀ ਨਹੀਂ ਬਖ਼ਸ਼ਿਆ। ਰਾਜਨੀਤਕ ਲੋਕਾਂ ਦੇ ਨਿੱਜੀ ਮੋਹ ਦੀ ਤਸਵੀਰਕਸ਼ੀ ਕਰਦਿਆਂ ਗੀਤਕਾਰ ਨੇ ਰਾਜਨੀਤਕ ਸ਼ਖ਼ਸੀਅਤਾਂ ਦੇ ਕਿਰਦਾਰ ਤੋਂ ਪਰਦਾ ਚੁੱਕਣ ਵਿਚ ਕੋਈ ਕਸਰ ਨਹੀਂ ਛੱਡੀ। ਇਹਨਾਂ ਸਤਰਾਂ ਦੀ ਗਵਾਹੀ ਲਈ ਸੁਖਨੈਬ ਸਿੱਧੂ ਦੇ ਗੀਤ ਦੇ ਕੁਝ ਅੰਤਰੇ ਵਿਸ਼ੇਸ਼ ਤੌਰ ’ਤੇ ਵਿਚਾਰਨ ਯੋਗ ਹਨ: ਕਿਸੇ ਨੂੰ ਪੁੱਤ ਦਾ ਮੋਹ ਕਿਸੇ ਨੂੰ ਗ਼ੈਰ ਜ਼ਨਾਨੀ ਦਾ ਕਿਸੇ ਨੂੰ ਸੰਸਾ ਵਿਚ ਵਿਦੇਸ਼ਾਂ ਰੁਲ਼ੀ ਜੁਆਨੀ ਦਾ ਜੋ ਇੰਡੀਆ ਵਿਚ ਰੁਲ਼ਦੇ ਨਹੀਂ ਕੋਈ ਲੈਂਦਾ ਸਾਰ ਨੂੰ ਕੀ ਏਸੇ ਖ਼ਾਤਰ ਚੁਣਿਆ ਸੀ ਆਪਾਂ ਸਰਕਾਰ ਨੂੰ ! ਅਜੋਕੀ ਰਾਜਨੀਤਕ ਸਥਿਤੀ ਵਿਚ ਕੁਰਸੀ ਬਦਲੇ ਨੇਤਾਵਾਂ ਦੁਆਰਾ ਕੀਤੀ ਜਾਂਦੀ ਸੌਦੇਬਾਜ਼ੀ ਅਤੇ ਨਸ਼ਿਆਂ ਦੇ ਸੌੜੇ ਲਾਲਚ ਵਿਚ ਫ਼ਸ ਕੇ ਵੋਟਰ ਦੁਆਰਾ ਆਪਣੇ ਫ਼ਰਜ਼ਾਂ ਨੂੰ ਨਾ ਪਛਾਨਣ ਦੀ ਗੱਲ ਵੀ ਵਿਸ਼ੇਸ਼ ਜ਼ਿਕਰਯੋਗ ਹੈ: ਨਸ਼ਿਆਂ ਬਦਲੇ ਵੋਟਰ ਵਿਕਦੇ ਕੁਰਸੀ ਬਦਲੇ ਨੇਤਾ ਚੌਥਾ ਥੰਮ ਮੀਡੀਆ ਵਿਕਿਆ ਲਿਆ ਖ਼ਬਰਾਂ ਦਾ ਠੇਕਾ ਪਰ ਝੂਠ ਬੋਲਣਾ ਆਉਂਦਾ ਨਹੀਂ ਇਸ ਪੱਤਰਕਾਰ ਨੂੰ ਕੀ ਏਸੇ ਖ਼ਾਤਰ ਚੁਣਿਆ ਸੀ ਆਪਾਂ ਸਰਕਾਰ ਨੂੰ ! ਇਸ ਵਿਚ ਕੋਈ ਦੋ ਰਾਏ ਨਹੀਂ ਕਿ ਪੰਜਾਬ ਦੀ ਪਬਲਿਕ ਟਰਾਂਸਪੋਰਟ ਨੂੰ ਖ਼ੋਰਾ ਲਾਉਣ ਵਿਚ ਸਾਡੇ ਕਥਿਤ ਸੂਬੇ ਦੇ ‘ਸੇਵਕ’ ਹੀ ਜ਼ਿੰਮੇਵਾਰ ਹਨ। ਜਿਹਨਾਂ ਦੀਆਂ ਅਨੇਕਾਂ ਬੱਸਾਂ ਪਰਮਿਟਾਂ ਦੀ ਘਪਲੇਬਾਜੀ ਹੇਠ ਚੱਲਣ ਬਾਰੇ ਅਕਸਰ ਲੋਕ ਗੱਲਾਂ ਕਰਦੇ ਸੁਣੇ ਜਾ ਸਕਦੇ ਹਨ। ਇੱਥੇ ਹੀ ਬੱਸ ਇਹਨਾਂ ਸੇਵਕਾਂ ਦੇ ਕਰਿੰਦੇ ਵੀ ਆਪਣੇ ਆਪ ਨੂੰ ਕਿਸੇ ਖੱਬੀ ਖ਼ਾਂ ਨਾਲੋਂ ਘੱਟ ਨਹੀਂ ਸਮਝਦੇ। ਐਂਵੇ ਤਾਂ ਨਹੀਂ ਸੁਖਨੈਬ ਸਿੱਧੂ ਉਂਗਲ ਕਰ ਰਿਹਾ ਕਿ: ਨੀਲੀਆਂ ਪੀਲੀਆਂ ਬੱਸਾਂ ਸਾਰੀਆਂ ਇੱਕੋ ਘਰ ਦੀਆਂ ਨੇ ਸੜਕਾਂ ਉ¤ਤੇ ਨਹੀਂ ਇਹ ਸਾਡੀ ਹਿੱਕ ’ਤੇ ਚਲਦੀਆਂ ਨੇ ਰਾਜ ਨਹੀਂ ਇਹ ਸੇਵਾ ਕਿਉਂ ਸੌਂਪੀ ਇਕ ਪਰਿਵਾਰ ਨੂੰ ਕੀ ਏਸੇ ਖ਼ਾਤਰ ਚੁਣਿਆ ਸੀ ਆਪਾਂ ਸਰਕਾਰ ਨੂੰ ! ਸਮੁੱਚੇ ਤੌਰ ’ਤੇ ਸੁਖਨੈਬ ਸਿੱਧੂ ਦਾ ਗੀਤ ‘ਕਿਵੇਂ ਜਿਓਣਗੇ ਲੋਕੀ ਖੋਹ ਲਿਆ ਰੁਜ਼ਗ਼ਾਰ ਨੂੰ’ ਪੰਜਾਬੀ ਦੀ ਅਜੋਕੀ ਰਾਜਨੀਤਕ ਹੀ ਨਹੀਂ ਬਲਕਿ ਸਮਾਜਕ ਅਵਸਥਾ ਦਾ ਯਥਾਰਮਈ ਪ੍ਰਗਟਾਵਾ ਪੇਸ਼ ਕਰਨ ਵਿਚ ਇੱਕ ਉਤਮ ਰਚਨਾ ਵਜੋਂ ਵਿਚਾਰਨਯੋਗ ਕ੍ਰਿਤ ਹੈ। ਅਜਿਹੀਆਂ ਕ੍ਰਿਤਾਂ ਨੂੰ ਉਤਸ਼ਾਹਤ ਕਰਨਾ ਬਣਦਾ ਹੈ ਅਤੇ ਅਜਿਹੀਆਂ ਰਚਨਾਵਾਂ ਦਾ ਸੁਆਗਤ ਕੀਤਾ ਜਾਣਾ ਇਕ ਚੇਤਨ ਅਮਲ ਹੈ। http://www.youtube.com/watch?v=LW-hDzU9TxU

Wednesday, April 21, 2010

‘ਸੂਰਜਾ-ਸੂਰਜਾ ਫੱਟੀ ਸੁਕਾਅ…!!!!!!!!!!!’


ਸੂਰਜਾ-ਸੂਰਜਾ ਫੱਟੀ ਸੁਕਾਅ…!!!!!!!!!!!’
(ਡਾ. ਪਰਮਿੰਦਰ ਸਿੰਘ ਤੱਗੜ)
ਬਚਪਨ ਵਿਚ ਅਕਸਰ ਇਸ ਤੁਕਬੰਦੀ ਦਾ ਗਾਇਨ ਉਸ ਵੇਲ਼ੇ ਕੀਤਾ ਜਾਂਦਾ ਸੀ ਜਦ ਲੱਕੜ ਦੀ ਬਣੀ ਫੱਟੀ ਨੂੰ ਗਾਚੀ ਨਾਲ਼ ਪੋਚ ਸਵਾਰ ਕੇ ਸੁਕਾਉਣ ਲਈ ਸੂਰਜ ਨੂੰ ਤਾਕੀਦ ਕੀਤੀ ਜਾਂਦੀ ਸੀ। ਨਾਲ਼ੋ-ਨਾਲ਼ ਫੱਟੀ ਨੂੰ ਇਧਰੋਂ-ਉਧਰ ਘੁੰਮਾਉਂਦਿਆਂ ਸਰੀਰਕ ਅਭਿਆਸ ਮੁਫ਼ਤ ਵਿਚ ਹੀ ਹੋ ਜਾਂਦਾ ਸੀ।  ਕਿੰਨਾ ਖ਼ੂਬਸੂਰਤ ਅਹਿਸਾਸ ਹੁੰਦਾ ਸੀ ਜਦੋਂ ਲੱਕੜ ਦੀ ਬਣਾਈ ਕੋਰੀ ਫੱਟੀ ਨੂੰ ਵਿਸ਼ੇਸ਼ ਰੰਗਤ ਦੇਣ ਲਈ ਪਹਿਲਾਂ ਗੋਹੇ ਦਾ ਲੇਪ ਕਰਨਾ ਫ਼ਿਰ ਉਸ ਲੇਪ ਦੇ ਸੁਕਣ ਉਪਰੰਤ ਉਖਾੜ ਕੇ ਧੋਅ-ਸੁਆਰ ਕੇ ਗਾਚੀ ਦਾ ਲੇਪ ਕਰਨਾ ਫ਼ਿਰ ਚਾਈਂ-ਚਾਈਂ ਫੱਟੀ ਨੂੰ ਸੂਰਜੀ ਤਪਸ਼ ਨਾਲ਼ ਸੁਕਾਉਣਾ ਅਤੇ ਕੱਚੀ ਪੈਨਸਲ ਨਾਲ਼ ਸਿੱਧੀਆਂ ਰੇਖਾਵਾਂ ਵਾਹ ਕੇ ਖ਼ੂਬਸੂਰਤ ਲਿਖ਼ਤ ਲਈ ਫੱਟੀ ਨੂੰ ਤਿਆਰ ਕਰਨਾ। ਫ਼ਿਰ ਵਾਰੀ ਆਉਂਦੀ ਕਲਮ ਦੀ ਜਿਸ ਨੂੰ ਘੜਨ ਲਈ ਅਧਿਆਪਕ ਦੀ ਵਿਸ਼ੇਸ਼ ਹਦਾਇਤ ਹੁੰਦੀ ਕਿ ਪੰਜਾਬੀ ਦੀ ਲਿਖ਼ਾਈ ਲਈ ਕਲਮ ਦਾ ਸਿਰਾ ਪੱਧਰਾ ਅਤੇ ਹਿੰਦੀ ਦੀ ਲਿਖ਼ਾਈ ਲਈ ਸਿਰਾ ਤਿਰਛਾ ਹੋਵੇ। ਪਰ ਇਸ ਸਾਰੇ ਕਾਰਜ ਦਾ ਆਧਾਰ ਤਾਂ ਪੱਕੀ-ਪਕੋੜ ਸਿਆਹੀ ਤੇ ਆ ਟਿਕਦਾ ਜਿਸ ਦੀ ਤਿਆਰੀ ਲਈ ਲੋਹੇ ਦੇ ਪੱਤਰੇ ਦੀ ਟਿਕਾਊ ਦਵਾਤ ਵਿਚ ਰਵੇਦਾਰ ਕਾਲ਼ੀ ਸਿਆਹੀ ਨੂੰ ਪਾਣੀ ਦੀਆਂ ਬੂੰਦਾਂ ਸੰਗ ਮੇਲ ਕੇ ਦਵਾਤ ਦੇ ਮੂੰਹ ਨੂੰ ਰਬੜ ਦੇ ਡਾਟੇ ਨਾਲ਼ ਹਵਾਬੰਦ ਕਰਕੇ ਰੀਝਾਂ ਨਾਲ਼ ਹਿਲਾਉਣਾ ਤਾਂ ਕਿ ਸਿਆਹੀ ਦੇ ਰਵੇ ਪਾਣੀ ਦੀਆਂ ਬੂੰਦਾਂ ਨਾਲ਼ ਇਕ-ਮਿਕ ਹੋ ਜਾਣ ਅਤੇ ਪੱਕੀ ਅਤੇ ਗਾਹੜੀ ਸਿਆਹੀ ਤਿਆਰ ਹੋ ਸਕੇ। ਸਿਆਹੀ ਤਿਆਰ ਹੋਣ ਬਾਅਦ ਕਲਮ ਦਾ ਦਵਾਤ ਦੇ ਅੰਦਰੋਂ ਡੋਬਾ ਲਾਕੇ ਪਹਿਲਾਂ ਫੱਟੀ ਤੇ ੴ  ਲਿਖਣਾ ਅਤੇ ਫ਼ਿਰ ਪ੍ਰੀਤਾਂ ਲਾ ਲਾ ਕੇ ਅੱਖਰ ਜਾਂ ਸ਼ਬਦ ਸਜਾਉਣੇ ਅਤੇ ਅਧਿਆਪਕ ਨੇ ਸੋਹਣੀ ਪੋਚੀ ਫੱਟੀ ਅਤੇ ਸੁੰਦਰ ਲਿਖ਼ਤ ਦੇਖ ਕੇ ਸ਼ਾ-ਬਾ-ਸ਼ ਦੇਣੀ ਤੇ ਅਸੀਂ ਉਹ ਸ਼ਾ-ਬਾ-ਸ਼ ਲੈ ਕੇ ਫੁੱਲੀ ਨਾ ਸਮਾਉਣਾ ਅਤੇ ਨਵੇਂ ਸਿਰਿਉਂ ਫੱਟੀ ਪੋਚ ਕੇ ਫ਼ਿਰ ਤੋਂ ਸ਼ਾ-ਬਾ-ਸ਼ ਦੀ ਵਸੂਲੀ ਦੀਆਂ ਗੋਂਦਾਂ ਗੁੰਦਣ ਵਿਚ ਰੁੱਝੇ ਰਹਿਣਾ। ਪ੍ਰਾਇਮਰੀ ਜਮਾਤਾਂ ਵਿਚ ਇਹ ਸੁਖ਼ਦ ਅਹਿਸਾਸ ਬੜਾ ਸਕੂਨ ਦਿੰਦਾ। ਪਰ ਅਜੋਕੀ ਪੀੜ੍ਹੀ ਨੂੰ ਸ਼ਾਇਦ ਇਹ ਸਭ ਗੱਲਾਂ ਓਪਰੀਆਂ ਅਤੇ ਨਿਰਾਥਕ ਲੱਗਣ ਕਿਉਂਕਿ ਉਹਨਾਂ ਨੂੰ ਇਸ ਅਹਿਸਾਸ ਨੂੰ ਮਾਨਣ ਦਾ ਕਦੀ ਮੌਕਾ ਹੀ ਨਹੀਂ ਮਿਲਿਆ। ਅੱਜ ਇਹਨਾਂ ਫੱਟੀਆਂ ਦੀ ਥਾਵੇਂ ਭਾਵੇਂ ਕਾਪੀਆਂ ਆ ਗਈਆਂ ਹਨ, ਮਹਿੰਗੇ ਰਜਿਸਟਰ ਆ ਗਏ ਹਨ ਅਤੇ ਸਿਆਹੀ-ਕਲਮ ਦੀ ਥਾਂ ਬੜੇ ਸੁਹਣੇ ਰੰਗਾਂ ਦੀਆਂ ਬਾਲ-ਪੈਨਾਂ ਆ ਗਈਆਂ ਹਨ। ਪਰ ਪੁਰਾਣੇ, ਖ਼ਾਸ ਕਰਕੇ ਪ੍ਰਾਇਮਰੀ ਸਕੂਲਾਂ ਦੇ ਅਧਿਆਪਕ ਜਾਣਦੇ ਹਨ ਕਿ ਇਹਨਾਂ ਫੱਟੀਆਂ ਦੀ, ਖ਼ੁਦ ਤਿਆਰ ਕੀਤੀ ਸਿਆਹੀ ਦੀ, ਖ਼ਾਸ ਤਰੀਕੇ ਨਾਲ਼ ਘੜੀ ਕਲਮ ਦੀ ਅਤੇ ਫੱਟੀ ਤੇ ਲਿਖਣ ਦੀ ਕੀ ਮਹੱਤਤਾ ਹੈ। ਜਿੱਥੇ ਇਹ ਤਜ਼ਰਬਾ ਬਾਲਾਂ ਦੀਆਂ ਉਂਗਲਾਂ ਦੇ ਪੋਟਿਆਂ ਨੂੰ ਖ਼ੂਬਸੂਰਤ ਲਿਖ਼ਤ ਲਈ ਤਿਆਰ ਕਰਦਾ ਸੀ ਉਥੇ ਲਗਾਤਾਰ ਲਿਖਣ ਪ੍ਰਕਿਰਿਆ ਵਿਚ ਲਿਖ਼ਾਈ ਨਿਰੰਤਰ ਸੁੰਦਰ ਬਣੀ ਰਹਿੰਦੀ ਸੀ। ਨਾਲ਼ ਹੀ ਆਰਥਿਕ ਪੱਖ ਤੋਂ ਅੱਜ ਵਾਂਗ ਨਿੱਤ ਦਿਹਾੜੇ ਕਾਪੀਆਂ ਦੀ ਮੰਗ ਨੂੰ ਠੱਲ੍ਹ ਹੀ ਨਹੀਂ ਪੈਂਦੀ ਸੀ ਸਗੋਂ ਪ੍ਰਾਇਮਰੀ ਪੱਧਰ ਤੇ ਕਾਪੀਆਂ ਦੀ ਵਰਤੋਂ ਹੀ ਬੜੀ ਨਾ-ਮਾਤਰ ਹੋਇਆ ਕਰਦੀ ਸੀ। 
ਕੱਚੀ ਪਹਿਲੀ ਜਮਾਤ ਪੜ੍ਹਦੇ ਮੇਰੇ ਬੇਟੇ ਆਲਮਨੂਰ ਨੇ ਅੱਜ ਮੈਂਨੂੰ ਬਜ਼ਾਰ ਜਾਣ ਲੱਗਿਆਂ ਚੇਤੇ ਕਰਵਾਇਆ ਕਿ ਮੁੜਦਿਆਂ ਉਸ ਲਈ ਪੈਨਸਲਾਂ ਦੀ ਡੱਬੀ ਲੈਂਦਾ ਆਵਾਂ। ਮੈਂ ਬਜ਼ਾਰ ਦੇ ਹੋਰ ਕੰਮ ਨਬੇੜ ਪੈਨਸਲਾਂ ਦੀ ਡੱਬੀ ਵੀ ਖ਼ਰੀਦ ਕੇ ਸਾਂਭ ਲਈ। ਰਾਤੀਂ ਪਿਆ-ਪਿਆ ਸੋਚ ਰਿਹਾ ਸਾਂ ਕਿ ਅਪਸਰਾ ਕੰਪਨੀ ਦੀ ਇਹ ਪੈਨਸਲਾਂ ਦੀ ਡੱਬੀ ਵੀ ਮਹਿੰਗਾਈ ਦੀ ਮਾਰ ਹੇਠ ਆਈਆਂ ਹੋਰਨਾਂ ਵਸਤਾਂ ਵਾਂਗ ਚਾਲੀਆਂ ਰੁਪਈਆਂ ਦੀ ਹੋ ਗਈ ਹੈ। ਇਕ ਗ਼ਰੀਬ ਮਾਪੇ ਨੂੰ ਇਹ ਪੈਨਸਲਾਂ ਮੁਹੱਈਆ ਕਰਵਾਉਣਾ ਵੀ ਕਿੰਨਾ ਮੁਸ਼ਕਲ ਹੋਵੇਗਾ ਜਿਸ ਨੇ ਹੱਡ- ਭੰਨ੍ਹਵੀਂ ਮੁਸ਼ੱਕਤ ਕਰਕੇ ਮਸਾਂ ਦਿਹਾੜੀ ਦੇ ਸੌ-ਡੇਢ ਸੌ ਕਮਾਏ ਹੋਣਗੇ। ਪਰ ਜੇ ਅਸੀਂ ਅਜੋਕੇ ਅਤਿ ਆਧੁਨਿਕ ਅਹਿਸਾਸ ਤੋਂ ਕੁਝ ਹਟ ਕੇ ਫੱਟੀ ਦੀ ਮਹੱਤਤਾ ਨੂੰ ਸਮਝੀਏ ਤਾਂ ਜਿੱਥੇ ਇਹ ਆਰਥਿਕ ਪੱਖ ਤੋਂ ਗ਼ਰੀਬ ਮਾਪਿਆਂ ਨੂੰ ਰਾਹਤ ਦੇਣ ਵਿਚ ਮੱਦਦਗਾਰ ਸਾਬਤ ਹੋ ਸਕਦੀ ਹੈ, ਉੱਥੇ ਅਸੀਂ ਕਾਗ਼ਜ਼ ਦੀ ਲੋੜੋਂ ਵੱਧ ਵਰਤੋਂ ਨੂੰ ਘਟਾ ਕੇ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਪ੍ਰਤੀ ਵੀ ਯੋਗਦਾਨ ਪਾ ਸਕਦੇ ਹਾਂ ਅਤੇ ਮੁਫ਼ਤੋਂ-ਮੁਫ਼ਤੀ ਵਾਂਗ ਬਾਲ ਉਮਰੇ ਵਿਦਿਆਰਥੀਆਂ ਦੀ ਲਿਖ਼ਾਈ ਦੀ ਸੁੰਦਰਤਾ ਨੂੰ ਵੀ ਬਰਕਰਾਰ ਰੱਖਣ ਵਿਚ ਕਾਮਯਾਬ ਹੋਇਆ ਜਾ ਸਕਦਾ ਹੈ। ਜ਼ਮਾਨੇ ਦੀ ਤੋਰ ਦੇ ਹਾਣ ਦਾ ਹੋਕੇ ਆਧੁਨਿਕ ਜਾਂ ਅਤਿ ਆਧੁਨਿਕ ਹੋਣਾ ਵਧੀਆ ਗੱਲ ਹੈ। ਪਰ ਪਰੰਪਰਾ ਵਿਚ ਪਈਆਂ ਸੁਖ਼ਦ ਅਤੇ ਲਾਹੇਵੰਦ ਗੱਲਾਂ ਨੂੰ ਅਪਣਾਈ ਰੱਖਣਾ ਉਸ ਤੋਂ ਵੀ ਵੱਧ ਉਸਾਰੂ ਅਹਿਸਾਸ ਹੈ।
95017-66644
drtaggar@gmail.com