Monday, October 4, 2010

ਡਾ. ਸੁਤਿੰਦਰ ਸਿੰਘ ਨੂਰ

- ਅੱਜ 5 ਅਕਤੂਬਰ ਜਨਮ ਦਿਨ ’ਤੇ ਵਧਾਈ ਹਿਤ -
ਸਾਹਿਤ ਅਧਿਐਨ, ਰਚਨਾ ਅਤੇ ਆਲੋਚਨਾ ਦਾ ਪੁਖ਼ਤਾ ਸੁਮੇਲ
- ਡਾ. ਸੁਤਿੰਦਰ ਸਿੰਘ ਨੂਰ 
-ਡਾ. ਪਰਮਿੰਦਰ ਸਿੰਘ ਤੱਗੜ 
ਪੰਜ ਅਕਤੂਬਰ 1940 ਨੂੰ ਕੋਟਕਪੂਰਾ ਵਿਖੇ ਪ੍ਰਸਿੱਧ ਸ਼ਖ਼ਸੀਅਤ ਗਿਆਨੀ ਹਰੀ ਸਿੰਘ ਜਾਚਕ ਦੇ ਘਰ ਜਨਮੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਡਾ. ਸੁਤਿੰਦਰ ਸਿੰਘ ਨੂਰ ਨੇ ਭਾਰਤੀ ਸਾਹਿਤ, ਖ਼ਾਸ ਕਰਕੇ ਪੰਜਾਬੀ ਸਾਹਿਤ ਅਤੇ ਆਲੋਚਨਾ ਦੇ ਖੇਤਰ ਵਿਚ ਵਸੀਹ ਅਧਿਐਨ ਕੀਤਾ ਹੈ। ਦੇਸ਼ ਵਿਦੇਸ਼ ਵਿਚ ਹੋਣ ਵਾਲ਼ੇ ਕਿਸੇ ਅਤਿ ਖ਼ਾਸ ਪੰਜਾਬੀ ਸਾਹਿਤਕ ਉਤਸਵ ਵਿਚ ਡਾ. ਨੂਰ ਦੀ ਸ਼ਮੂਲੀਅਤ ਨਾ ਹੋਵੇ ਅਜਿਹਾ ਸ਼ਾਇਦ ਹੀ ਕਦੇ ਵਾਪਰਦਾ ਹੈ। ਜੇ ਆਪਣੀ ਜਨਮ ਭੂਮੀ ਭਾਵ ਕੋਟਕਪੂਰੇ ਕਿਸੇ ਸਾਹਿਤਕ ਸਮਾਗਮ ’ਚ ਸ਼ਾਮਲ ਹੋਣਾ ਹੋਵੇ ਤਾਂ ਉਨ੍ਹਾਂ ਲਈ ਦਿੱਲੀ ਤੋਂ ਕੋਟਕਪੂਰੇ ਦਾ ਲੰਮਾ ਪੈਂਡਾ ਵੀ ਕੋਈ ਮਾਅਨੇ ਨਹੀਂ ਰੱਖਦਾ। ਉਹ ਕੋਟਕਪੂਰੇ ਪੈਦਾ ਹੋ ਕੇ ਬਚਪਨ ਵਿਚ ਹੀ ਆਪਣੇ ਨਾਨਕੇ ਪਿੰਡ ‘ਵੱਡਾ ਘਰ’ ਜ਼ਿਲ੍ਹਾ ਮੋਗਾ ਵਿਖੇ ਚਲੇ ਗਏ। ਵੱਡੇ ਘਰ ਤੋਂ 1947 ਵੇਲ਼ੇ ਅੰਮ੍ਰਿਤਸਰ, ਫ਼ਿਰ 1949 ’ਚ ਅੰਬਾਲੇ ਆ ਕੇ ਡਾ. ਨੂਰ ਨੇ ਖ਼ਾਲਸਾ ਹਾਈ ਸਕੂਲ ’ਚੋਂ ਵਿਦਿਆ ਪ੍ਰਾਪਤ ਕਰਕੇ 14 ਵਰ੍ਹਿਆਂ ਦੀ ਉਮਰ ਵਿਚ ਗਿਆਨੀ ਪਾਸ ਕਰ ਲਈ ਸੀ। ਅੰਬਾਲਾ ਛਾਉਣੀ ਦੇ ਜੀ.ਐਮ.ਐਸ. ਕਾਲਜ ’ਚ ਪੜ੍ਹਦਿਆਂ ਸਾਹਿਤਕ ਸਰਗ਼ਰਮੀਆਂ ਵਿਚ ਲੀਨ ਹੋਣ ਦਾ ਸਬੱਬ ਬਣਿਆਂ। ਐਮ. ਏ. ਅੰਗਰੇਜ਼ੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਾਸ ਕੀਤੀ ਅਤੇ ਇਹ ਯੂਨੀਵਰਸਿਟੀ ਦਾ ਪਹਿਲਾ ਵਰ੍ਹਾ ਸੀ ਜਿਸ ਕਰਕੇ ਯੂਨੀਵਰਸਿਟੀ ਦੀਆਂ ਜਮਾਤਾਂ ਮਹਿੰਦਰਾ ਕਾਲਜ ਪਟਿਆਲ਼ੇ ਲੱਗਦੀਆਂ ਸਨ। ਸਟੂਡੈਂਟ ਫ਼ੈਡਰੇਸ਼ਨ ’ਚ ਕੰਮ ਕਰਦਿਆਂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੀ ਪ੍ਰਧਾਨਗੀ ਕੀਤੀ। ਐਮ. ਏ. ਅੰਗਰੇਜ਼ੀ ਪਾਸ ਕਰਨ ਉਪਰੰਤ ਐਸ. ਡੀ. ਕਾਲਜ ਅੰਬਾਲਾ ਛਾਉਣੀ ਵਿਖੇ ਪ੍ਰਾਧਿਆਪਨ ਸੇਵਾ ਆਰੰਭ ਦਿੱਤੀ ਅਤੇ ਨਾਲ਼ੋ-ਨਾਲ਼ ਐਮ. ਏ. ਪੰਜਾਬੀ ਵੀ ਪੰਜਾਬੀ ਯੂਨੀਵਰਸਿਟੀ ਤੋਂ ਪ੍ਰਾਈਵੇਟ ਵਿਦਿਆਰਥੀ ਦੇ ਤੌਰ ’ਤੇ ਸ਼ੁਰੂ ਕਰ ਦਿੱਤੀ। ਪਟਿਆਲ਼ੇ ਪੜ੍ਹਦਿਆਂ ਇੱਥੋਂ ਦੇ ‘ਭੂਤਵਾੜੇ’ ਦਾ ਅਹਿਮ ਹਿੱਸਾ ਰਹੇ। ਭੂਤਵਾੜੇ ਤੋਂ ਭਾਵ ਪਟਿਆਲ਼ੇ ਦਾ ਉਹ ਸਥਾਨ, ਜਿੱਥੇ ਪੰਜਾਬੀ ਦੇ ਪ੍ਰਸਿੱਧ ਵਿਦਵਾਨ ਆਪਣੇ ਵੇਲ਼ਿਆਂ ’ਚ ਇਕੱਠੇ ਰਿਹਾ ਕਰਦੇ ਸਨ ਅਤੇ ਗਿਆਨ ਦੀ ਗਹਿਨ ਵਿਚਾਰ ਚਰਚਾ ਕਰਦੇ ਸਨ ਜਿਨ੍ਹਾਂ ’ਚ ਡਾ. ਗੁਰਭਗਤ ਸਿੰਘ, ਅਜਮੇਰ ਰੋਡੇ, ਨਵਤੇਜ ਭਾਰਤੀ, ਹਰਿੰਦਰ ਸਿੰਘ ਮਹਿਬੂਬ, ਲਾਲੀ, ਪ੍ਰੇਮ ਪਾਲੀ, ਹਰਭਜਨ ਸੋਹੀ, ਕਾਮਰੇਡ ਮੇਘ, ਕੁਲਵੰਤ ਗਰੇਵਾਲ ਅਤੇ ਸੁਰਜੀਤ ਲੀਅ ਆਦਿ ਸ਼ਾਮਲ ਸਨ। ਐਮ. ਏ. ਪੰਜਾਬੀ ਕਰਨ ਸਾਰ ਪੰਜਾਬੀ ਯੂਨੀਵਰਸਿਟੀ ਵਿਚ ਪ੍ਰਾਧਿਆਪਕ ਚੁਣੇ ਗਏ। ਇੱਥੇ ਪ੍ਰਾਧਿਆਪਨ ਕਾਰਜ ਦੋ ਸਾਲ ਤੋਂ ਵੱਧ ਨਾ ਕੀਤਾ ਜਾ ਸਕਿਆ ਕਿਉਂਕਿ ਆਪਣੇ ਬੇਬਾਕ ਸੁਭਾਅ ਕਾਰਨ ਵਾਇਸ ਚਾਂਸਲਰ ਨਾਲ਼ ਮਤਭੇਦ ਪੈਦਾ ਹੋ ਗਏ। ਇੱਥੋਂ ਛੱਡਿਆ ਅਤੇ ਅੱਗੇ ਪੰਜਾਬੀ ਵਿਭਾਗ ਦਿੱਲੀ ਯੂਨੀਵਰਸਿਟੀ ਨਿਯੁਕਤੀ ਮਿਲਣ ਕਾਰਨ ਦਿੱਲੀ ਪੁੱਜਣ ਦਾ ਸਬੱਬ ਬਣਿਆਂ ਅਤੇ ਫ਼ਿਰ 32-33 ਸਾਲ ਉ¤ਥੇ ਹੀ ਪ੍ਰਾਧਿਆਪਨ ਕਾਰਜ ਵਿਚ ਜੁਟੇ ਰਹੇ। ਮੋਹਨ ਸਿੰਘ ਦੇ ਕਾਵਿ ਬਾਰੇ ਪੀ. ਐਚ-ਡੀ ਵੀ ਇੱਥੇ ਹੀ ਮੁਕੰਮਲ ਕੀਤੀ। ਯੂਨੀਵਰਸਿਟੀ ਪ੍ਰਾਧਿਆਪਨ ਦੌਰਾਨ ਆਪਣੀ ਅਗ਼ਵਾਈ ਥੱਲੇ 35 ਦੇ ਕਰੀਬ ਖੋਜਾਰਥੀਆਂ ਨੂੰ ਪੀ. ਐਚ-ਡੀ ਦੀ ਡਿਗਰੀ ਲਈ ਅਤੇ ਅਣਗਿਣਤ ਖੋਜਾਰਥੀਆਂ ਨੂੰ ਐਮ. ਫ਼ਿਲ. ਦੀ ਡਿਗਰੀ ਲਈ ਖੋਜ ਕਾਰਜ ਕਰਵਾਇਆ। ਦਿੱਲੀ ਤੋਂ ਹੀ ‘ਇਕੱਤੀ ਫ਼ਰਵਰੀ’ ਨਾਂਅ ਦੇ ਸਾਹਿਤਕ ਰਸਾਲੇ ਦਾ ਪ੍ਰਕਾਸ਼ਨ ਕੀਤਾ। ਹੁਣ ਵੀ ਦਿੱਲੀ ਬੈਠਿਆਂ ਹੀ ਨਹੀਂ ਸਗੋਂ ਦੇਸ-ਵਿਦੇਸ਼ ’ਚ ਘੁੰਮਦਿਆਂ ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ, ਪੰਜਾਬੀ ਅਕਾਦਮੀ ਦਿੱਲੀ ਅਤੇ ਦਰਜਨਾਂ ਹੋਰ ਸੰਸਥਾਵਾਂ ਦੀਆਂ ਦੀਆਂ ਜ਼ਿੰਮੇਵਾਰੀਆਂ ਬਾਖ਼ੂਬੀ ਨਿਭਾਉਂਦਿਆਂ ਜਿੰਦਗੀ ਦਾ ਲੁਤਫ਼ ਲੈ ਰਹੇ ਹਨ। ਡਾ. ਸੁਤਿੰਦਰ ਸਿੰਘ ਨੂਰ ਹੋਰਾਂ ਦੇ ਦੋ ਭਰਾ ਅਤੇ ਇਕ ਭੈਣ ਹੈ। ਵੱਡਾ ਭਰਾ ਡਾ. ਗੁਰਭਗਤ ਸਿੰਘ ਮੰਨਿਆ ਪ੍ਰਮੰਨਿਆ ਅੰਗਰੇਜ਼ੀ ਅਤੇ ਪੰਜਾਬੀ ਦਾ ਵਿਦਵਾਨ ਹੈ। ਛੋਟਾ ਭਰਾ ਸੁਖਿੰਦਰ ਕੈਨੇਡਾ ਵੀ ਸਾਹਿਤਕ ਖੇਤਰ ਵਿਚ ਅਹਿਮ ਸਥਾਨ ਰੱਖਦਾ ਹੈ। ਇਕਲੌਤੀ ਭੈਣ ਇੰਦੌਰ ਵਿਆਹੀ ਹੋਈ ਹੈ। ਘਰ ਵਿਚ ਸੁਪਤਨੀ ਤੋਂ ਇਲਾਵਾ ਵੱਡਾ ਸਪੁੱਤਰ ਕੰਪਿਊਟਰ ਇੰਜੀਨੀਅਰ ਹੈ, ਨੂੰਹ ਰਾਣੀ ਦਿੱਲੀ ਦੀ ਨਾਮੀਂ ਕੰਪਨੀ ਵਿਚ ਆਰਥਿਕ ਸਲਾਹਕਾਰ ਵਜੋਂ ਸੇਵਾਵਾਂ ਨਿਭਾ ਰਹੀ ਹੈ, ਛੋਟਾ ਸਪੁੱਤਰ ਐਮ. ਬੀ. ਏ. ਕਰ ਰਿਹਾ ਹੈ, ਤਿੰਨ ਕੁ ਸਾਲ ਦਾ ਇਕ ਪੋਤਰਾ ਹੈ। ਇਕ ਬੇਟੀ ਹੈ ਜੋ ਅੰਮ੍ਰਿਤਸਰ ਵਿਆਹੀ ਹੋਈ ਹੈ ਉਸ ਦੀਆਂ ਅੱਗੇ ਦੋ ਬੇਟੀਆਂ ਹਨ ਰੂਹੀ ਤੇ ਨੂਰੀ। ਇੰਜ ਦੇ ਅਮੀਰ ਪਰਵਾਰਕ ਮਾਹੌਲ ਵਿਚ ਵਿਚਰਦਿਆਂ ਡਾ. ਨੂਰ ਇਕੱਤਰਵੇਂ ਵਰ•ੇ ਵਿਚ ਪ੍ਰਵੇਸ਼ ਕਰ ਚੁੱਕੇ ਹਨ। ਉਮਰ ਦੇ ਇਸ ਪੜਾਅ ’ਤੇ ਪੁੱਜ ਕੇ ਅਣਥੱਕ ਮਿਹਨਤ ਕਰਕੇ ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਦੀ ਮੀਤ ਪ੍ਰਧਾਨਗੀ ਕਰਦਿਆਂ ਵਿਭਿੰਨ੍ਹ ਰਾਜਾਂ ਵਿਚ ਅਕਾਦਮੀ ਦੇ ਸਫ਼ਲ ਸਮਾਗਮ ਰਚਾਉਣੇ ਉਨ੍ਹਾਂ ਦੀ ਇਕ ਕੁਸ਼ਲ ਪ੍ਰਬੰਧਕ ਹੋਣ ਦੀ ਖ਼ੂਬੀ ਦਾ ਸਬੂਤ ਹੈ। ਇਹ ਪਹਿਲੀ ਵਾਰ ਹੀ ਹੋਇਆ ਹੈ ਕਿ ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਦਾ ਮੀਤ ਪ੍ਰਧਾਨ ਕੋਈ ਪੰਜਾਬੀ ਬਣਿਆ ਹੋਵੇ। ਆਪਣੀ ਕਾਬਲੀਅਤ ਦਾ ਲੋਹਾ ਮਨਵਾਉਣ ਵਿਚ ਬਾਖ਼ੂਬੀ ਕਾਮਯਾਬ ਹੋ ਰਹੇ ਹਨ ਡਾ. ਨੂਰ। ਜਦੋਂ ਇਹ ਗੱਲ ਕੋਟਕਪੂਰੇ ਦੇ ਜੰਮੇ ਸ਼ਖ਼ਸ ਨਾਲ਼ ਜੁੜ ਜਾਂਦੀ ਹੈ ਤਾਂ ਸ਼ਹਿਰ ਨਿਵਾਸੀਆਂ ਦਾ ਸਿਰ ਉਚਾ ਹੋਣਾ ਲਾਜ਼ਮੀ ਹੈ। ਆਪਣੇ ਸਫ਼ਲ ਜੀਵਨ ’ਤੇ ਸੰਤੁਸ਼ਟ ਹੋਣ ਵਾਲ਼ੀ ਇਸ ਸ਼ਖ਼ਸੀਅਤ ਦਾ ਕਾਰਲ ਮਾਰਕਸ ਦੀ ਕਵਿਤਾ ਦਾ ਅਨੁਵਾਦ ਪੂਰਾ ਹੋਣ ਕਿਨਾਰੇ ਹੈ, ਗੁਰਬਾਣੀ ਬਾਰੇ ਇਕ ਕਿਤਾਬ ਮੁਕੰਮਲ ਹੋ ਚੁੱਕੀ ਹੈ, ਸਾਹਿਤਕ ਸਵੈ-ਜੀਵਨੀ ਪੰਜਾਬੀ ਯੂਨੀਵਰਸਿਟੀ ਦੇ ਪ੍ਰਾਜੈਕਟ ਅਧੀਨ ਹੈ। ਕਵਿਤਾ, ਆਲੋਚਨਾ, ਅਨੁਵਾਦ, ਸੰਪਾਦਨਾ ਦੀਆਂ 60 ਦੇ ਕਰੀਬ ਕਿਤਾਬਾਂ ਸਾਹਿਤ ਨੂੰ ਭੇਟ ਕਰ ਚੁੱਕੇ ਹਨ। ਜਿਨ੍ਹਾਂ ’ਚ ਪ੍ਰਮੁੱਖ ਕਾਵਿ ਸੰਗ੍ਰਿਹ- ਬਿਰਖ਼ ਨਿਪੱਤਰੇ, ਕਵਿਤਾ ਦੀ ਜਲਾਵਤਨੀ, ਸਰਦਲ ਦੇ ਆਰ ਪਾਰ, ਮੌਲਸਰੀ, ਨਾਲ਼ ਨਾਲ਼ ਤੁਰਦਿਆਂ, ਆਲੋਚਨਾ- ਨਵੀਂ ਕਵਿਤਾ ਦੀ ਸੀਮਾ ਤੇ ਸੰਭਾਵਨਾ, ਮੋਹਨ ਸਿੰਘ ਦਾ ਕਾਵਿ ਜਗਤ, ਨਵੀਂ ਪੰਜਾਬੀ ਆਲੋਚਨਾ-ਤਿੰਨ ਭਾਗ, ਸਾਹਿਤ ਸਿਧਾਂਤ ਤੇ ਵਿਹਾਰ, ਆਧੁਨਿਕ ਕਵਿਤਾ:ਸਿਧਾਂਤਕ ਪਰਿਪੇਖ, ਸਭਿਆਚਾਰ ਤੇ ਸਾਹਿਤ, ਕਵਿਤਾ ਦੀ ਭੂਮਿਕਾ (ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਇਸ ਪੁਸਤਕ ਦੇ ਆਧਾਰ ’ਤੇ 2004 ’ਚ ਮਿਲਿਆ), ਕਵਿਤਾ ਅਕਵਿਤਾ ਚਿੰਤਨ, ਪੰਜਾਬੀ ਗਲਪ ਚੇਤਨਾ, ਸਮਕਾਲੀ ਸਾਹਿਤ ਸੰਵਾਦ, ਗੁਰਬਾਣੀ ਸ਼ਾਸਤਰ ਤੋਂ ਇਲਾਵਾ ਸਾਰੀਆਂ ਹੀ ਪੁਸਤਕਾਂ ਪੰਜਾਬੀ ਸਾਹਿਤ ਅਤੇ ਆਲੋਚਨਾ ਦੇ ਖੇਤਰ ਵਿਚ ਜ਼ਿਕਰ ਯੋਗ ਸਥਾਨ ਰੱਖਦੀਆਂ ਹਨ। ਜਿੱਥੋਂ ਤੱਕ ਉਨ੍ਹਾਂ ਨੂੰ ਮਿਲੇ ਪੁਰਸਕਾਰਾਂ ਦਾ ਤੁਅੱਲਕ ਹੈ ਇਨ੍ਹਾਂ ਵਿਚ ਪੰਜਾਬੀ ਆਲੋਚਨਾ ਪੁਰਸਕਾਰ (ਪੰਜਾਬੀ ਅਕਾਦਮੀ ਦਿੱਲੀ), ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ (ਭਾਸ਼ਾ ਵਿਭਾਗ ਪੰਜਾਬ), ਪ੍ਰਿੰਸੀਪਲ ਤੇਜਾ ਸਿੰਘ ਪੁਰਸਕਾਰ (ਭਾਸ਼ਾ ਵਿਭਾਗ ਪੰਜਾਬ), ਬਾਵਾ ਬਲਵੰਤ ਸਿੰਘ ਪੁਰਸਕਾਰ (ਪੰਜਾਬੀ ਸਾਹਿਤ ਟਰੱਸਟ ਢੁੱਡੀਕੇ), ਸਫ਼ਦਰ ਹਾਸ਼ਮੀ ਪੁਰਸਕਾਰ (ਪੰਜਾਬ), ਪੰਜਾਬੀ ਲੋਕ-ਯਾਨ ਸਨਮਾਨ (ਪੰਜਾਬੀ ਕਲਚਰਲ ਐਸੋਸੀਏਸ਼ਨ ਪੰਜਾਬ), ਪ੍ਰੇਰਨਾ ਸਨਮਾਨ (ਦਿੱਲੀ), ਇਆਪਾ ਪੁਰਸਕਾਰ (ਕੈਨੇਡਾ), ਵਾਰਸ ਸ਼ਾਹ ਪੁਰਸਕਾਰ (ਡੈਨਮਾਰਕ), ਭਾਈ ਕਾਹਨ ਸਿੰਘ ਪੁਰਸਕਾਰ (ਪੰਜਾਬ), ਅਮਨ ਕਾਵਿ ਪੁਰਸਕਾਰ (ਪੰਜਾਬ), ਲਾਈਫ਼ ਅਚੀਵਮੈਂਟ ਸਨਮਾਨ, ਵਿਸ਼ਵ ਪੰਜਾਬੀ ਕਾਂਗਰਸ ਲਹੌਰ, ਕਵਿਤਾ ਉਤਸਵ ਨਾਭਾ ਸਨਮਾਨ 2001, ਬੁੱਲੇਸ਼ਾਹ ਪੁਰਸਕਾਰ (ਡੈਨਮਾਰਕ) 2002, ਪੰਜਾਬੀ ਸੱਥ ਐਵਾਰਡ (ਲਾਬੜਾਂ, ਪੰਜਾਬ), ਸਾਹਿਤ ਅਕਾਦਮੀ ਪੁਰਸਕਾਰ 2004, ਵਿਸ਼ਵ ਲੋਕ ਸੇਵਾ ਪੁਰਸਕਾਰ 2005 ਤੋਂ ਇਲਾਵਾ ਅਨੇਕ ਸਾਹਿਤ ਸਭਾਵਾਂ ਨੇ ਸਨਮਾਨਤ ਕੀਤਾ ਹੈ। ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਦੇ ਮੀਤ ਪ੍ਰਧਾਨ ਦੇ ਅਹੁਦੇ ਤੋਂ ਇਲਾਵਾ ਵੱਖ ਵੱਖ ਅਹੁਦਿਆਂ ਰਾਹੀਂ ਭਾਸ਼ਾ ਕੌਂਸਲ ਮਨੁੱਖੀ ਮਾਨਵ ਸਰੋਤ ਮੰਤਰਾਲਾ ਨਵੀਂ ਦਿੱਲੀ, ਸੈਂਟਰ ਫ਼ਾਰ ਪੰਜਾਬੀ ਕਲਚਰ ਦਿੱਲੀ, ਪੰਜਾਬੀ ਅਕਾਦਮੀ ਦਿੱਲੀ, ਨੈਸ਼ਨਲ ਬੁੱਕ ਟਰੱਸਟ ਨਵੀਂ ਦਿੱਲੀ, ਨੈਸ਼ਨਲ ਕਮਿਸ਼ਨ ਫ਼ਾਰ ਮਨਿਓਰਿਟੀਜ਼ , ਫ਼ਾਈਨ ਆਰਟ ਅਕਾਦਮੀ, ਪ੍ਰਸਾਰ ਭਾਰਤੀ, ਪ੍ਰਧਾਨ ਵਰਲਡ ਪੰਜਾਬੀ ਕਾਨਫ਼ਰੰਸ (ਭਾਰਤ), ਕਨਵੀਨਰ ਪੁਰਸਕਾਰ ਕਮੇਟੀ ਬਿਰਲਾ ਫ਼ਾਊਂਡੇਸ਼ਨ ਨਵੀਂ ਦਿੱਲੀ, ਕਨਵੀਨਰ (ਪੰਜਾਬੀ) ਗਿਆਨ ਪੀਠ ਨਵੀਂ ਦਿੱਲੀ ਆਦਿ ਵਿਚ ਸੇਵਾਵਾਂ ਨਿਭਾ ਰਹੇ ਹਨ। ਅਜੇ ਵੀ ਡਾ. ਨੂਰ ਆਪਣੇ ਅੰਦਰ ਦੋ ਨਾਵਲਾਂ ਦਾ ਮਸੌਦਾ ਸਮੋਈ ਫ਼ਿਰਦੇ ਹਨ। ਪੋਲੈਂਡ ਦੀਆਂ ਕਵਿਤਾਵਾਂ ਦਾ ਅਨੁਵਾਦ, ਸਮੇਂ ਸਮੇਂ ਅਨੁਵਾਦ ਕੀਤੀਆਂ ਵਿਦੇਸ਼ੀ ਭਾਸ਼ਾਵਾਂ ਦੇ ਕਵੀਆਂ ਦੀਆਂ ਕਵਿਤਾਵਾਂ ਬਾਰੇ ਪੁਸਤਕ, ਕਹਾਣੀਆਂ ਦੀ ਕਿਤਾਬ ਅਤੇ ਪਤਾ ਨਹੀਂ ਹੋਰ ਕਿੰਨਾ ਕੁਝ ਕਰਨਾ ਲੋਚਦੇ ਹਨ ਕੋਟਕਪੂਰੇ ਦੀ ਮੁਬਾਰਕ ਧਰਤ ਨੂੰ ਭਾਗ ਲਾਉਣ ਵਾਲ਼ੇ ਡਾ. ਸੁਤਿੰਦਰ ਸਿੰਘ ਨੂਰ। ਅਸੀਂ ਕੋਟਕਪੂਰਾ ਨਿਵਾਸੀ ਆਪਣੇ ਸ਼ਹਿਰ ਦੇ ਇਸ ਮਾਣਮੱਤੇ ਸਪੂਤ ਦੀ ਮਿਹਨਤ, ਕਾਬਲੀਅਤ ਅਤੇ ਸ਼ੋਹਰਤ ਨੂੰ ਸਲਾਮ ਕਰਦੇ ਹਾਂ ਅਤੇ ਦੁਆ ਕਰਦੇ ਹਾਂ ਕਿ ਉਹ ਹਮੇਸ਼ਾ ਸਿਹਤਯਾਬ ਰਹਿਣ ਅਤੇ ਸਾਹਿਤ ਦੀ ਸੇਵਾ ਇੰਜ ਹੀ ਕਰਦੇ ਰਹਿਣ! ਆਮੀਨ! 91 95017-66644

No comments:

Post a Comment